ਰਾਈਸ ਮਿੱਲ ਦਾ ਮੁਨਸ਼ੀ ਅਗਵਾ, ਅਗਵਾਕਾਰਾਂ ਨੇ ਫੋਨ ’ਤੇ ਮੰਗੀ 2 ਲੱਖ ਦੀ ਫਿਰੌਤੀ

02/18/2019 4:37:14 AM

ਰਾਮਾਂ ਮੰਡੀ,(ਪਰਮਜੀਤ)- ਰਾਮਾਂ-ਰਿਫਾਈਨਰੀ ਰੋਡ ਤੋਂ ਬੀਤੀ ਦੇਰ ਰਾਤ ਇਕ ਰਾਈਸ ਮਿੱਲ ਦੇ ਮੁਨਸ਼ੀ ਨੂੰ ਅਗਵਾ ਕਰਨ ਦਾ ਮਾਮਲਾ ਧਿਆਨ ’ਚ ਆਇਆ ਹੈ, ਜਿਸ ਦੀ ਸੂਚਨਾ ਮਿਲਦੇ ਹੀ ਰਿਫਾਈਨਰੀ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਗੁਰਮੇਜ ਸਿੰਘ, ਰਾਮਾਂ ਮੰਡੀ ਪੁਲਸ ਦੇ ਐੱਸ. ਐੱਸ. ਓ. ਮਨੋਜ ਕੁਮਾਰ ਤੇ ਬਠਿੰਡਾ ਪੁਲਸ ਪਾਰਟੀ ਉਕਤ ਸਥਾਨ ’ਤੇ ਪਹੁੰਚੀ। 
ਜਾਣਕਾਰੀ ਅਨੁਸਾਰ ਏ. ਐੱਸ. ਆਈ. ਗੁਰਮੇਜ ਸਿੰਘ ਨੇ ਦੱਸਿਆ ਕਿ ਭਗਤਾ ਭਾਈ ਵਿਖੇ ਸਥਿਤ ਸ਼ਾਂਤੀ ਰਾਈਸ ਮਿੱਲ ਦਾ ਮੁਨਸ਼ੀ ਗੁਰਮੀਤ ਸਿੰਘ ਬੀਤੀ ਦੇਰ ਰਾਤ ਰਾਮਾਂ ਮੰਡੀ-ਰਿਫਾਈਨਰੀ ਰੋਡ ’ਤੇ ਸਥਿਤ ਮਾਲਵਾ ਗੋਦਾਮ ’ਚ ਸ਼ੈਲਰ ਦੇ ਟਰੱਕਾਂ ਰਾਹੀਂ ਚਾਵਲ ਦੇ ਗੱਟੇ ਲਾਉਣ ਲਈ ਆਇਆ ਹੋਇਆ ਸੀ, ਜਿਸ ਨੂੰ ਬੀਤੀ ਦੇਰ ਰਾਤ 2 ਵਿਅਕਤੀ ਨਜ਼ਦੀਕੀ ਪੈਟਰੋਲ ਪੰਪ ਕੋਲ ਲੈ ਗਏ ਅਤੇ ਉਥੇ ਜਾ ਕੇ ਉਕਤ ਮੁਨਸ਼ੀ ਨੂੰ ਅਗਵਾ ਕਰ ਕੇ ਫਰਾਰ ਹੋ ਗਏ। ਜਦੋਂ ਮਿੱਲ ਦੀ ਲੇਬਰ ਨੇ ਉਕਤ ਮੁਨਸ਼ੀ ਨੂੰ ਫੋਨ ਕਰ ਕੇ ਬੁਲਾਇਆ ਤਾਂ ਅਗਵਾਕਾਰਾਂ ਨੇ ਫੋਨ ’ਤੇ ਉਸ ਨੂੰ ਅਗਵਾ ਕਰਨ ਦੀ ਸੂਚਨਾ ਦਿੰਦਿਆਂ 2 ਲੱਖ ਰੁਪਏ ਦੀ ਫਿਰੌਤੀ ਮੰਗੀ।
 ਰਾਮਾਂ ਪੁਲਸ ਨੇ ਅਗਵਾ ਹੋਏ ਮੁਨਸ਼ੀ ਗੁਰਮੀਤ ਸਿੰਘ ਦੇ ਚਾਚਾ ਗੁਰਜੰਟ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਕੋਠਾਗੁਰੂ ਦੇ ਬਿਆਨਾਂ ’ਤੇ ਨਾਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ  ਕਰ ਕੇ ਅਗਵਾਕਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

Bharat Thapa

This news is Content Editor Bharat Thapa