ਕਰਤਾਰਪੁਰ ਥਾਣੇ ਤੋਂ ਚੋਰੀ ਹੋਈਆਂ 2 ਏ. ਕੇ. 47 ਦਾ ਸੁਰਾਗ ਨਹੀਂ ਲਾ ਸਕੀ ਪੁਲਸ

08/21/2018 11:22:00 AM

ਜਲੰਧਰ (ਵਰੁਣ)— ਥਾਣਾ ਕਰਤਾਰਪੁਰ ਤੋਂ ਗਾਇਬ ਹੋਈਆਂ 2 ਏ. ਕੇ. 47 ਦੇ ਮਾਮਲੇ 'ਚ ਇਕ ਸਾਲ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਵੀ ਪੁਲਸ ਕੁਝ ਸੁਰਾਗ ਨਹੀਂ ਲਾ ਸਕੀ ਹੈ। ਇਸ ਕੇਸ 'ਚ ਥਾਣਾ ਕਰਤਾਰਪੁਰ 'ਚ ਤਾਇਨਾਤ ਰਹੇ ਐੱਸ. ਐੱਚ. ਓ. ਤੋਂ ਲੈ ਕੇ ਮੁਨਸ਼ੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਸੀ ਪਰ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਪੁਲਸ ਅਧਿਕਾਰੀ ਅਜੇ ਵੀ ਕਹਿ ਰਹੇ ਹਨ ਕਿ ਮਾਮਲੇ ਦੀ ਜਾਂਚ ਜਾਰੀ ਹੈ। 12 ਜੂਨ 2017 ਨੂੰ ਪੰਜਾਬ ਪੁਲਸ ਦੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਤੋਂ ਨਸ਼ੇ ਤੋਂ ਇਲਾਵਾ 2 ਏ. ਕੇ. 47 ਬਰਾਮਦ ਹੋਣ ਤੋਂ ਬਾਅਦ ਐੱਸ. ਟੀ. ਐੱਫ. ਨੇ ਪੰਜਾਬ ਦੇ ਸਾਰੇ ਥਾਣਿਆਂ ਨੂੰ ਆਪਣੇ-ਆਪਣੇ ਮਾਲਖਾਨੇ 'ਚ ਜ਼ਬਤ ਕੀਤੀਆਂ ਗਈਆਂ ਏ. ਕੇ. 47 ਦਾ ਰਿਕਾਰਡ ਚੈੱਕ ਕਰਨ ਨੂੰ ਕਿਹਾ ਸੀ, ਜਿਸ ਦੌਰਾਨ ਕਰਤਾਰਪੁਰ ਥਾਣੇ ਤੋਂ 2 ਏ. ਕੇ. 47 ਗਾਇਬ ਮਿਲੀਆਂ ਹਨ। ਇਕ ਏ. ਕੇ. 47 19 ਮਾਰਚ 1991 ਨੂੰ ਤੇ ਦੂਜੀ 25 ਅਪ੍ਰੈਲ 1994 ਨੂੰ ਜ਼ਬਤ ਕੀਤੀ ਗਈ ਸੀ। ਦੋਵੇਂ ਏ. ਕੇ. 47 ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਹੋਣ ਦੀ ਗੱਲ ਵੀ ਕਹੀ ਗਈ ਸੀ। ਹਾਲਾਂਕਿ ਐੱਸ. ਟੀ. ਐੱਫ. ਦੀ ਜਾਂਚ ਵਿਚ ਇੰਦਰਜੀਤ ਸਿੰੰਘ ਤੋਂ ਬਰਾਮਦ ਹੋਈ ਏ. ਕੇ. 47 ਇਕ ਤਾਂ ਉਸਦੇ ਗੰਨਮੈਨ ਦੀ ਨਿਕਲੀ ਸੀ ਪਰ ਦੂਜੀ ਏ. ਕੇ. 47 ਦੇ ਬਾਰੇ ਐੱਸ. ਟੀ. ਐੱਫ. ਨੇ ਕਿਹਾ ਸੀ ਕਿ ਉਹ ਬਾਰਡਰ ਪਾਰ ਤੋਂ ਆਈ ਹੈ ਅਤੇ ਕਿਸੇ ਸਮੱਗਲਰ ਦੀ ਹੈ। ਇੰਦਰਜੀਤ ਸਿੰਘ ਤੋਂ ਬਰਾਮਦ ਹੋਈ ਏ. ਕੇ. 47 ਦਾ ਸੱਚ ਸਾਹਮਣੇ ਆ ਗਿਆ ਸੀ ਪਰ ਕਰਤਾਰਪੁਰ ਥਾਣੇ ਤੋਂ ਗਾਇਬ ਹੋਈ ਏ. ਕੇ. 47 ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ।

ਇੰਦਰਜੀਤ ਸਿੰਘ ਵੀ ਕਾਫੀ ਲੰਮੇ ਸਮੇਂ ਤੱਕ ਥਾਣਾ ਕਰਤਾਰਪੁਰ ਵਿਚ ਤਾਇਨਾਤ ਰਹਿ ਚੁੱਕੇ ਹਨ। ਏ. ਕੇ. 47 ਦੇ ਗਾਇਬ ਹੋਣ ਤੋਂ ਬਾਅਦ ਥਾਣਾ ਕਰਤਾਰਪੁਰ ਵਿਚ ਸੰਨ 1991 ਤੋਂ ਲੈ ਕੇ ਹੁਣ ਤੱਕ ਤਾਇਨਾਤ ਰਹੇ ਸਾਰੇ ਐੱਸ. ਐੱਚ. ਓਜ਼ ਅਤੇ ਮੁਨਸ਼ੀਆਂ ਤੋਂ ਪੁੱਛਗਿੱਛ ਕੀਤੀ ਗਈ ਪਰ ਫਿਰ ਵੀ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਇਕ ਹੋਰ ਸੱਚ ਸਾਹਮਣੇ ਆਇਆ ਕਿ ਮਾਲਖਾਨੇ ਦੀ ਐਂਟਰੀ ਲਈ ਲਾਇਆ ਗਿਆ ਸੰਨ 1994 ਦਾ ਰਜਿਸਟਰ ਵੀ ਗਾਇਬ ਸੀ। ਪੁੱਛਗਿੱਛ ਵਿਚ ਸ਼ਾਮਲ ਹੋਏ ਜ਼ਿਆਦਾਤਰ ਐੱਸ. ਐੱਚ. ਓਜ਼ ਅਤੇ ਮੁਨਸ਼ੀ ਸੇਵਾਮੁਕਤ ਹੋ ਚੁੱਕੇ ਸਨ। ਉਥੇ 1994 'ਚ ਮੁਨਸ਼ੀ ਰਹੇ ਮੋਹਿੰਦਰ 'ਤੇ ਅਧਿਕਾਰੀ ਦੀ ਸ਼ੱਕ ਦੀ ਸੂਈ ਸੀ ਪਰ ਅਜੇ ਤੱਕ ਇਸ ਕੇਸ 'ਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ। ਓਧਰ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੈ। ਉਹ ਚੈੱਕ ਕਰਵਾਉਣਗੇ। ਐੱਸ. ਪੀ. ਬਲਕਾਰ ਸਿੰਘ ਨੇ ਵੀ ਚੈੱਕ ਕਰਵਾਉਣ ਦੀ ਗੱਲ ਕਹੀ। ਜਦਕਿ ਥਾਣਾ ਕਰਤਾਰਪੁਰ ਦੇ ਪ੍ਰਭਾਰੀ ਪਰਮਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਇਸ ਕੇਸ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਗਾਇਬ ਏ. ਕੇ. 47 ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।