BSF ਵੱਲੋਂ ਪੂਰਾ ਹਫਤਾ ਮਨਾਇਆ ਜਾਵੇਗਾ ਕਾਰਗਿਲ ਵਿਜੈ ਦਿਵਸ

07/20/2019 3:42:21 PM

ਜਲੰਧਰ (ਸੋਨੂੰ)— 26 ਜੁਲਾਈ ਨੂੰ ਕਾਰਗਿਲ ਦੀ ਲੜਾਈ 'ਚ ਪਾਕਿਸਤਾਨ ਉੱਤੇ ਭਾਰਤ ਦੀ ਜਿਤ ਨੂੰ ਪੂਰੇ ਦੇਸ਼ 'ਚ ਵਿਜੈ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ । ਇਸ ਦਿਨ ਇਸ ਲੜਾਈ 'ਚ ਸ਼ਹੀਦ ਹੋਏ ਫੌਜੀ ਭਰਾਵਾਂ ਨੂੰ ਸਲਾਮੀ ਅਤੇ ਸ਼ਰਧਾਂਜਲੀ ਦੇ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸੇ ਤਹਿਤ ਜਲੰਧਰ ਵਿਖੇ ਬੀ. ਐੱਸ ਐੱਫ. ਫਰੰਟੀਅਰ ਹੈੱਡਕੁਆਟਰ 'ਚ ਅੱਜ ਤੋਂ 27 ਤਰੀਕ ਤੱਕ ਕਾਰਗਿਲ ਦੀ ਲੜਾਈ ਅਤੇ ਵਿਜੈ ਦਿਵਸ ਨੂੰ ਲੈ ਕੇ ਪੂਰੇ ਇਕ ਹਫਤੇ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਜਲੰਧਰ ਫਰੰਟੀਅਰ ਦੇ ਆਈ. ਜੀ. ਮਹੀਪਾਲ ਯਾਦਵ ਨੇ ਦੱਸਿਆ ਕਿ ਇਸ ਪੂਰੇ ਹਫਤੇ ਚੱਲਣ ਵਾਲੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਕਾਰਗਿਲ ਦੇ 'ਚ ਸ਼ਹੀਦ ਹੋਏ ਫੌਜੀ ਜਵਾਨਾਂ ਅਤੇ ਅਫਸਰਾਂ ਨੂੰ ਸ਼ਰਧਾਂਜਲੀ ਅਤੇ ਸਲਾਮੀ ਦਿੰਦੇ ਹੋਏ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਪੂਰੇ ਹਫਤੇ 'ਚ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਸਕੂਲੀ ਬੱਚਿਆਂ ਵੱਲੋਂ ਪੇਂਟਿੰਗ, ਸ਼ਹੀਦਾਂ ਲਈ ਪੰਜ ਕਿਲੋਮੀਟਰ ਦੀ ਦੌੜ,  ਖੂਨਦਾਨ ਕੈਂਪ ਅਤੇ ਕਈ ਹੋਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਅਨੁਸਾਰ ਇਹ ਸਾਰੇ ਕਾਰਜ ਕਰਮ ਨਾ ਸਿਰਫ ਫਰੰਟੀਅਰ ਹੈੱਡਕੁਆਰਟਰ 'ਚ ਸਗੋਂ ਪੂਰੇ ਪੰਜਾਬ 'ਚ ਯੂਨਿਟ ਲੈਵਲ 'ਤੇ ਕਰਵਾਏ ਜਾ ਰਹੇ ਹਨ । ਜਿੱਥੇ ਇੱਕ ਪਾਸੇ ਬੀ. ਐੱਸ. ਐੱਫ ਵੱਲੋਂ ਕਾਰਗਿਲ ਦੀ ਲੜਾਈ 'ਚ ਸ਼ਹੀਦ ਹੋਏ ਜਵਾਨਾਂ ਅਤੇ ਅਫਸਰਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ, ਉਥੇ ਹੀ ਪੂਰੇ ਦੇਸ਼ ਵਿੱਚ ਹੋਰ ਵੀ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। 

shivani attri

This news is Content Editor shivani attri