ਰਾਮਾ ਮੰਡੀ ਬਾਜ਼ਾਰ ''ਚ ਸੜਕ ਵਿਚਕਾਰ ਲਾਈਆਂ ਜਾਂਦੀਆਂ ਫੜ੍ਹੀਆਂ ਨੂੰ ਹਟਵਾਇਆ

12/03/2019 6:45:34 PM

ਜਲੰਧਰ (ਮਹੇਸ਼)— ਰਾਮਾ ਮੰਡੀ ਬਾਜ਼ਾਰ 'ਚ ਵਿਚ ਸੜਕ 'ਤੇ ਫੜ੍ਹੀਆਂ ਅਤੇ ਰੇਹੜੀਆਂ ਲਗਾ ਕੇ ਜਾਮ ਦੀ ਸਥਿਤੀ ਪੈਦਾ ਕਰਨ ਵਾਲਿਆਂ 'ਤੇ ਬੀਤੇ ਦਿਨ ਨੰਗਲ ਸ਼ਾਮਾ (ਦਕੋਹਾ) ਪੁਲਸ ਚੌਕੀ ਨੇ ਕਾਰਵਾਈ ਕੀਤੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ 'ਤੇ ਅਤੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਛੇਤਰਾ ਅਤੇ ਐੱਸ. ਐੱਚ. ਓ. ਸੁਲੱਖਣ ਸਿੰਘ ਦੀ ਅਗਵਾਈ 'ਚ ਦਕੋਹਾ ਪੁਲਸ ਚੌਕੀ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਭਾਰੀ ਪੁਲਸ ਫੋਰਸ ਨਾਲ ਫਲੈਗ ਮਾਰਚ ਕੱਢਿਆ ਅਤੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਵੀ ਸੜਕ ਦੇ 'ਚ ਰੇਹੜੀਆਂ ਅਤੇ ਫੜ੍ਹੀਆਂ ਲਾਉਣ ਤੋਂ ਬਾਜ਼ ਨਾ ਆਉਣ ਵਾਲੇ ਲੋਕਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਅੱਜ ਦੀ ਕਾਰਵਾਈ ਤੋਂ ਬਾਅਦ ਵੀ ਸੁਧਾਰ ਨਾ ਕੀਤਾ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਰੇਹੜੀਆਂ ਅਤੇ ਫੜ੍ਹੀਆਂ ਨਾ ਲੱਗਣ ਦੇਣ ਕਿਉਂਕਿ ਆਮ ਜਨਤਾ ਨੂੰ ਇਸ ਨਾਲ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਚੌਕੀ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਬਾਬਾ ਬੁੱਢਾ ਜੀ ਨਗਰ 'ਚ ਬਣੀਆਂ ਹੋਈਆਂ ਝੁੱਗੀਆਂ 'ਚ ਵੀ ਸਰਚ ਮੁਹਿੰਮ ਚਲਾਈ ਅਤੇ ਸ਼ੱਕੀ ਲੋਕਂ ਤੋਂ ਪੁੱਛਗਿੱਛ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਦਕੋਹਾ ਪੁਲਸ ਚੌਕੀ ਅੱਗੇ ਵੀ ਇਸ ਮੁਹਿੰਮ ਨੂੰ ਜਾਰੀ ਰੱਖੇਗੀ। ਰੇਹੜੀਆਂ-ਫੜ੍ਹੀਆਂ ਹਟਣ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਕਿਹਾ ਕਿ ਪੁਲਸ ਨੇ ਰੋਡ ਨੂੰ ਖਾਲੀ ਕਰਵਾ ਕੇ ਸ਼ਲਾਘਾਯੋਗ ਕੰਮ ਤਾਂ ਕੀਤਾ ਹੈ ਪਰ ਦੁਕਾਨਦਾਰ ਪੈਸੇ ਲੈ ਕੇ ਰੇਹੜੀਆਂ-ਫੜ੍ਹੀਆਂ ਲਗਵਾਉਣ ਤੋਂ ਬਾਜ਼ ਆਉਣ ਵਾਲੇ ਨਹੀਂ ਹਨ।

shivani attri

This news is Content Editor shivani attri