ਟੈਕਸ ਚੋਰਾਂ ਅੱਗੇ ਫਿਰ ਬੌਣਾ ਸਾਬਿਤ ਹੋਇਆ ਜੀ. ਐੱਸ. ਟੀ. ਮਹਿਕਮਾ

08/28/2020 3:46:18 PM

ਜਲੰਧਰ (ਬੁਲੰਦ)— ਰੇਲਵੇ ਵੱਲੋਂ ਕਿਸ ਤਰ੍ਹਾਂ ਬਿਨਾਂ ਟੈਕਸ ਤੋਂ ਮਾਲ ਸ਼ਹਿਰ 'ਚ ਸਪਲਾਈ ਕੀਤਾ ਜਾ ਰਿਹਾ ਹੈ, ਇਸ ਵਿਚ ਪਾਸਰ ਅਤੇ ਕਾਰੋਬਾਰੀ ਕਿਸ ਹੱਦ ਤੱਕ ਮਿਲੇ ਹੋਏ ਹਨ, ਇਸ ਦਾ ਸਬੂਤ ਅੱਜ ਦੇਰ ਰਾਤ ਉਦੋਂ ਦੇਖਣ ਨੂੰ ਮਿਲਿਆ ਜਦੋਂ ਸਹਾਇਕ ਆਬਕਾਰੀ ਕਮਿਸ਼ਨਰ ਡੀ. ਐੱਸ. ਗਰਚਾ ਅਤੇ ਆਬਕਾਰੀ ਅਧਿਕਾਰੀ ਭੁਪਿੰਦਰ ਸਿੰਘ ਨੇ ਆਪਣੀ ਟੀਮ ਨਾਲ ਰੇਲਵੇ ਸਟੇਸ਼ਨ 'ਤੇ ਛਾਪਾਮਾਰੀ ਕਰਕੇ ਬਿਨਾਂ ਬਿੱਲ ਵਾਲੇ 40 ਦੇ ਕਰੀਬ ਨਗ ਬਰਾਮਦ ਕੀਤੇ। ਮੌਕੇ 'ਤੇ ਪਹੁੰਚੇ ਦਰਜਨ ਦੇ ਕਰੀਬ ਪਾਸਰਾਂ ਨੇ ਆਬਕਾਰੀ ਮਹਿਕਮੇ ਦੇ ਅਧਿਕਾਰੀਆਂ ਨੂੰ ਉਕਤ ਨਗ ਆਪਣੇ ਕਬਜ਼ੇ 'ਚ ਨਹੀਂ ਲੈਣ ਦਿੱਤੇ, ਜਿਸ 'ਤੇ ਕਾਫ਼ੀ ਵਿਵਾਦ ਹੋਇਆ।

ਸਹਾਇਕ ਆਬਕਾਰੀ ਕਮਿਸ਼ਨਰ ਗਰਚਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ 'ਤੇ ਬਿਨਾਂ ਬਿੱਲ ਦੇ ਕਾਫ਼ੀ ਨਗ ਇਕ ਰੇਲ ਗੱਡੀ 'ਚੋਂ ਉਤਰੇ ਹਨ। ਉਨ੍ਹਾਂ ਆਪਣੀ ਟੀਮ ਨਾਲ ਰੇਲਵੇ ਸਟੇਸ਼ਨ 'ਤੇ ਛਾਪਾ ਮਾਰਿਆ ਤਾਂ ਉਥੇ 40 ਦੇ ਕਰੀਬ ਨਗ ਪਾਏ ਗਏ ਪਰ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ ਰੇਲਵੇ ਦੇ ਹੀ ਕਰਮਚਾਰੀਆਂ ਨੇ ਉਨ੍ਹਾਂ ਨੂੰ ਪਹਿਲਾਂ ਤਾਂ ਰੇਲਵੇ ਸਟੇਸ਼ਨ ਦਾਖਲ ਹੋਣ ਤੋਂ ਰੋਕਿਆ ਪਰ ਜਦੋਂ ਉਹ ਰੇਲਵੇ ਸਟੇਸ਼ਨ ਅੰਦਰ ਦਾਖਲ ਹੋ ਕੇ ਉਕਤ ਨਗਾਂ ਨੂੰ ਆਪਣੇ ਕਬਜ਼ੇ 'ਚ ਲੈਣ ਲੱਗੇ ਤਾਂ ਡੇਢ ਦਰਜਨ ਦੇ ਲਗਭਗ ਪਾਸਰਾਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਨਗ ਕਬਜ਼ੇ 'ਚ ਨਾ ਲੈਣ ਦਿੱਤੇ। ਉਹ ਉਨ੍ਹਾਂ ਨਾਲ ਗੁੰਡਾਗਰਦੀ ਕਰਨ ਲੱਗੇ। ਗਰਚਾ ਨੇ ਦੱਸਿਆ ਕਿ 40 ਵਿਚੋਂ ਉਨ੍ਹਾਂ ਹਵਾਲੇ 6 ਨਗ ਹੀ ਕੀਤੇ ਗਏ ਹਨ।

ਇਹ ਵੀ ਪੜ੍ਹੋ: ਜਲੰਧਰ: ਨਿੱਜੀ ਹਸਪਤਾਲ 'ਚ ਡਿਲਿਵਰੀ ਲਈ ਆਈ ਜਨਾਨੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

40 'ਚੋਂ 5-6 ਨਗ ਲੈ ਕੇ ਸੰਤੁਸ਼ਟ ਹੋਇਆ ਆਬਕਾਰੀ ਮਹਿਕਮਾ ਇੰਨਾ ਕਮਜ਼ੋਰ ਕਿਉਂ
ਟੈਕਸ ਚੋਰਾਂ ਅੱਗੇ ਜੀ. ਐੱਸ. ਟੀ. ਮਹਿਕਮਾ ਕਿੰਨਾ ਬੌਣਾ ਹੋ ਚੁੱਕਾ ਹੈ, ਇਸ ਦਾ ਸਬੂਤ ਅੱਜ ਰਾਤੀਂ ਰੇਲਵੇ ਸਟੇਸ਼ਨ 'ਤੇ ਵੇਖਣ ਨੂੰ ਮਿਲਿਆ। ਹੈਰਾਨੀ ਦੀ ਗੱਲ ਇਹ ਦੇਖਣ ਨੂੰ ਮਿਲੀ ਕਿ ਸਹਾਇਕ ਆਬਕਾਰੀ ਕਮਿਸ਼ਨਰ ਨੇ ਆਪਣੀ ਟੀਮ ਨਾਲ ਰੇਲਵੇ ਸਟੇਸ਼ਨ 'ਤੇ ਬਿਨਾਂ ਬਿੱਲ ਦੇ 40 ਲੋਕਾਂ ਨੂੰ ਸ਼ਰੇਆਮ ਫੜਿਆ ਪਰ ਮੌਕੇ 'ਤੇ ਪਹੁੰਚੇ ਦਰਜਨਾਂ ਪਾਸਰਾਂ ਅੱਗੇ ਸਹਾਇਕ ਆਬਕਾਰੀ ਕਮਿਸ਼ਨਰ ਦੀ ਇਕ ਨਾ ਚੱਲੀ, ਇੰਨਾ ਹੀ ਨਹੀਂ ਮੀਡੀਆ ਵੀ ਮੌਕੇ 'ਤੇ ਮੌਜੂਦ ਸੀ।
ਇਸ ਦੇ ਬਾਵਜੂਦ ਪਾਸਰਾਂ ਨੇ 40 'ਚੋਂ 6 ਨਗ ਹੀ ਆਪਣੀ ਮਰਜ਼ੀ ਨਾਲ ਆਬਕਾਰੀ ਅਧਿਕਾਰੀਆਂ ਨੂੰ ਸੌਂਪੇ ਅਤੇ ਕਿਹਾ ਕਿ ਇਨ੍ਹਾਂ ਦਾ ਚਲਾਨ ਕੱਟ ਲਓ, ਨਹੀਂ ਤਾਂ ਕਿਸੇ ਨਗ ਨੂੰ ਹੱਥ ਨਹੀਂ ਲਾਉਣਾ। ਸ਼ਾਇਦ ਹੀ ਕਦੇ ਕਿਸੇ ਸਰਕਾਰੀ ਮਹਿਕਮੇ ਦੀ ਇੰਨੀ ਕਮਜ਼ੋਰ ਹਾਲਤ ਦੇਖਣ ਨੂੰ ਮਿਲੀ ਹੋਵੇ ਕਿ ਮੌਕੇ 'ਤੇ 40 ਨਗ ਫੜਨ ਵਾਲੇ ਆਬਕਾਰੀ ਮਹਿਕਮੇ ਦੇ ਅਧਿਕਾਰੀ ਅਤੇ ਪੁਲਸ ਕਰਮਚਾਰੀ 6 ਨਗ ਲੈ ਕੇ ਉਥੋਂ ਚਲੇ ਗਏ। ਇਹ ਸਭ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਜੇਕਰ ਰਾਜ 'ਚ ਮਾਲੀਏ ਦੀ ਭਾਰੀ ਕਮੀ ਹੈ ਅਤੇ ਟੈਕਸ ਚੋਰੀ ਸਿਖਰ 'ਤੇ ਹੈ ਤਾਂ ਇਸ ਪਿੱਛੇ ਵੱਡਾ ਹੱਥ ਟੈਕਸ ਵਸੂਲਣ ਵਾਲੇ ਮਹਿਕਮੇ ਦੀ ਕਮਜ਼ੋਰੀ ਦਾ ਵੀ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਮੁੜ ਕੋਰੋਨਾ ਦੇ ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 5900 ਤੋਂ ਪਾਰ

ਅਸੀਂ ਰਿਸ਼ਵਤ ਨਹੀਂ ਦਿੰਦੇ, ਇਸ ਲਈ ਸਾਨੂੰ ਪਰੇਸ਼ਾਨ ਕਰਦੇ ਨੇ ਅਧਿਕਾਰੀ
ਮੌਕੇ 'ਤੇ ਆਬਕਾਰੀ ਮਹਿਕਮੇ ਦੀ ਟੀਮ ਨੂੰ ਘੇਰਨ ਪਹੁੰਚੇ ਦਰਜਨਾਂ ਪਾਸਰਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸਲ 'ਚ ਉਹ ਆਬਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਨਹੀਂ ਦਿੰਦੇ, ਇਸ ਲਈ ਵਾਰ-ਵਾਰ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਦੋਂਕਿ ਸ਼ਹਿਰ ਦੇ ਦਰਜਨਾਂ ਵੱਡੇ ਟਰਾਂਸਪੋਰਟਰ ਅਜਿਹੇ ਹਨ, ਜੋ ਰੋਜ਼ਾਨਾ ਕਈ ਟਰੱਕ ਬਿਨਾਂ ਬਿੱਲ ਦੇ ਮਾਲ ਦੂਸਰੇ ਸੂਬਿਆਂ ਤੋਂ ਸ਼ਹਿਰ 'ਚ ਲਿਆਉਂਦੇ ਹਨ ਅਤੇ ਦੂਜੇ ਸੂਬਿਆਂ ਨੂੰ ਭੇਜਦੇ ਵੀ ਹਨ, ਉਨ੍ਹਾਂ ਵੱਲ ਕੋਈ ਮੂੰਹ ਨਹੀਂ ਕਰਦਾ ਕਿਉਂਕਿ ਉਹ ਆਬਕਾਰੀ ਅਧਿਕਾਰੀਆਂ ਦੀਆਂ ਜੇਬਾਂ ਭਰਦੇ ਹਨ।

ਪਾਸਰਾਂ ਨੇ ਕਿਹਾ ਕਿ ਉਹ ਸਭ ਦਿਹਾੜੀਦਾਰ ਹਨ ਅਤੇ ਬੇਹੱਦ ਮੁਸ਼ਕਲ ਵਿਚ ਆਪਣੇ ਘਰ ਚਲਾਉਂਦੇ ਹਨ। ਪ੍ਰਤੀ ਨਗ ਉਨ੍ਹਾਂ ਨੂੰ ਸਿਰਫ 100-200 ਰੁਪਏ ਹੀ ਮਿਲਦੇ ਹਨ। ਇਸ ਦੇ ਬਾਵਜੂਦ ਆਬਕਾਰੀ ਅਧਿਕਾਰੀ ਉਨ੍ਹਾਂ ਨੂੰ ਪਰੇਸ਼ਾਨ ਕਰਦੇ ਹਨ। ਜਦੋਂ ਪੱਤਰਕਾਰਾਂ ਨੇ ਪਾਸਰਾਂ ਨੂੰ ਪੁੱਛਿਆ ਕਿ ਰੋਜ਼ਾਨਾ ਲੱਖਾਂ ਰੁਪਏ ਦਾ ਮਾਲ ਸਟੇਸ਼ਨ 'ਤੇ ਬਿਨਾਂ ਬਿੱਲ ਆਉਂਦਾ ਹੈ ਅਤੇ ਰੇਲਵੇ ਵੱਲੋਂ ਟੈਕਸ ਦੀ ਭਾਰੀ ਚੋਰੀ ਹੋ ਰਹੀ ਹੈ, ਇਸ ਲਈ ਕੌਣ ਜ਼ਿੰਮੇਵਾਰ ਹੈ ਤਾਂ ਪਾਸਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਪਤਾ ਹੈ ਕਿਉਂਕਿ ਉਨ੍ਹਾਂ ਨੂੰ ਸਿਰਫ ਮਾਲ ਦੀ ਡਲਿਵਰੀ ਕਰਨਾ ਹੈ। ਮਾਲ ਬਿਨਾਂ ਬਿੱਲ ਦੇ ਕਿੰਝ ਆ ਰਿਹਾ ਹੈ ਅਤੇ ਕਿੱਥੇ ਜਾ ਰਿਹਾ ਹੈ, ਇਹ ਤਾਂ ਵਿਭਾਗ ਨੇ ਚੈੱਕ ਕਰਨਾ ਹੈ। ਇੰਨਾ ਹੀ ਨਹੀਂ, ਇਕ ਵਿਅਕਤੀ ਨੇ ਤਾਂ ਇਕ ਮੋਟਰਸਾਈਕਲ ਵਿਚੋਂ ਬੋਤਲ ਵਿਚ ਪੈਟਰੋਲ ਵੀ ਕੱਢ ਲਿਆ ਅਤੇ ਕਿਹਾ ਕਿ ਜੇਕਰ ਆਬਕਾਰੀ ਵਿਭਾਗ ਨੇ ਜ਼ਬਰਦਸਤੀ ਨਗ ਕਬਜ਼ੇ ਿਵਚ ਲੈਣੇ ਚਾਹੇ ਤਾਂ ਉਹ ਲੋਕਾਂ 'ਤੇ ਪੈਟਰੋਲ ਪਾ ਕੇ ਅੱਗ ਲਾ ਦੇਵੇਗਾ।

ਇਹ ਵੀ ਪੜ੍ਹੋ: ਸ਼ਰਮਨਾਕ! ਹੁਣ ਜਲੰਧਰ 'ਚ ਨੂੰਹ ਨੇ ਘਰੋਂ ਕੱਢੀ ਸੱਸ, ਜਾਣੋ ਕੀ ਹੈ ਮਾਮਲਾ (ਵੀਡੀਓ)

ਨਗ ਕਬਜ਼ੇ ਵਿਚ ਨਾ ਲੈਣ-ਦੇਣ ਵਾਲਿਆਂ 'ਤੇ ਦਰਜ ਕਰਵਾਵਾਂਗੇ ਪੁਲਸ ਕੋਲ ਸ਼ਿਕਾਇਤ : ਗਰਚਾ
ਰੇਲਵੇ ਸਟੇਸ਼ਨ 'ਤੇ ਛਾਪਾ ਮਾਰਨ ਪਹੁੰਚੇ ਆਬਕਾਰੀ ਮਹਿਕਮੇ ਦੇ ਸਹਾਇਕ ਕਮਿਸ਼ਨਰ ਡੀ. ਐੱਸ. ਗਰਚਾ ਨੇ ਕਿਹਾ ਕਿ ਉਹ ਤਾਂ ਚਾਹੁੰਦੇ ਸਨ ਕਿ 40 ਦੇ 40 ਨਗ ਹੀ ਕਬਜ਼ੇ ਵਿਚ ਲਏ ਜਾਣ ਪਰ ਰਾਤ 12.30 ਵਜੇ ਨਾ ਤਾਂ ਉਥੇ ਲੇਬਰ ਹੀ ਮੌਜੂਦ ਸੀ ਅਤੇ ਨਾ ਹੀ ਰੇਲਵੇ ਦੇ ਕਰਮਚਾਰੀ ਉਨ੍ਹਾਂ ਦਾ ਸਾਥ ਦੇ ਰਹੇ ਸਨ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ 6 ਨਗ ਹੀ ਕਬਜ਼ੇ 'ਚ ਲੈ ਕੇ ਜਾਣਾ ਪਿਆ। ਉਨ੍ਹਾਂ ਕਿਹਾ ਕਿ ਜਿਹੜੇ ਪਾਸਰਾਂ ਨੇ ਉਨ੍ਹਾਂ ਨੂੰ ਬਿਨਾਂ ਬਿੱਲ ਦੇ 40 ਨਗਾਂ ਨੂੰ ਕਬਜ਼ੇ ਵਿਚ ਲੈਣ ਤੋਂ ਰੋਕਿਆ ਹੈ ਅਤੇ ਸਰਕਾਰੀ ਕੰਮ ਵਿਚ ਅੜਿੱਕਾ ਪਾਇਆ ਹੈ, ਉਨ੍ਹਾਂ ਖ਼ਿਲਾਫ਼ ਸ਼ੁੱਕਰਵਾਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣਗੇ।

shivani attri

This news is Content Editor shivani attri