ਮੋਬਾਇਲ ਵਿੰਗ ਨੇ ਰੇਲਵੇ ਸਟੇਸ਼ਨ ’ਤੇ ਮਾਰਿਆ ਛਾਪਾ, ਫਲਾਇੰਗ ਮੇਲ ’ਚੋਂ ਉਤਰੇ ਭਾਂਡਿਆਂ ਦੇ 13 ਨਗ ਫੜੇ

02/07/2021 11:52:16 AM

ਜਲੰਧਰ (ਗੁਲਸ਼ਨ)– ਜੀ. ਐੱਸ. ਟੀ. ਮਹਿਕਮੇ ਦੇ ਮੋਬਾਇਲ ਵਿੰਗ ਦੇ ਏ. ਈ. ਟੀ. ਸੀ. ਦਵਿੰਦਰ ਸਿੰਘ ਗਰਚਾ ਦੇ ਨਿਰਦੇਸ਼ਾਂ ’ਤੇ ਈ. ਟੀ. ਓ. ਅਮਨ ਗੁਪਤਾ ਨੇ ਸ਼ਨੀਵਾਰ ਨੂੰ ਸਿਟੀ ਰੇਲਵੇ ਸਟੇਸ਼ਨ ’ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਫਲਾਇੰਗ ਮੇਲ ਵਿਚੋਂ ਉਤਰੇ 13 ਨਗਾਂ ਨੂੰ ਕਬਜ਼ੇ ਵਿਚ ਲੈਣਾ ਚਾਹਿਆ ਪਰ ਸ਼ਨੀਵਾਰ ਹੋਣ ਕਾਰਨ ਈ. ਟੀ. ਓ. ਦਾ ਰੇਲਵੇ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ। ਇਸ ਲਈ ਉਨ੍ਹਾਂ ਰੇਲਵੇ ਦੇ ਪਾਰਸਲ ਆਫਿਸ ਵਿਚ ਲਿਖ ਕੇ ਦਿੱਤਾ ਕਿ ਉਨ੍ਹਾਂ ਨੂੰ ਜਾਣਕਾਰੀ ਦਿੱਤੇ ਬਿਨਾਂ ਮਾਲ ਦੀ ਡਲਿਵਰੀ ਨਾ ਦਿੱਤੀ ਜਾਵੇ ਕਿਉਂਕਿ ਵਿਭਾਗ ਨੂੰ ਸੂਚਨਾ ਮਿਲੀ ਹੈ ਕਿ ਇਹ ਬਿਨਾਂ ਬਿੱਲ ਦਾ ਮਾਲ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਸੂਤਰਾਂ ਮੁਤਾਬਕ ਉਕਤ ਸਾਰੇ ਨਗ ਭਾਂਡਿਆਂ ਦੇ ਹਨ, ਜਿਹੜੇ ਕਿ ਮੁਰਾਦਾਬਾਦ ਤੋਂ ਫਲਾਇੰਗ ਮੇਲ ਵਿਚ ਜਲੰਧਰ ਪਹੁੰਚੇ ਸਨ ਪਰ ਇਸ ਤੋਂ ਪਹਿਲਾਂ ਅਧਿਕਾਰੀ ਉਥੇ ਪਹੁੰਚ ਗਏ, ਇਸ ਲਈ ਮਾਲ ਨੂੰ ਟਰੇਨ ਵਿਚੋਂ ਲਾਹਿਆ ਨਹੀਂ ਗਿਆ ਤੇ ਟਰੇਨ ਅੰਮ੍ਰਿਤਸਰ ਪਹੁੰਚ ਗਈ, ਜਦੋਂ ਫਲਾਇੰਗ ਮੇਲ ਅੰਮ੍ਰਿਤਸਰ ਤੋਂ ਵਾਪਸ ਜਲੰਧਰ ਆਈ ਉਦੋਂ ਉਕਤ ਨਗਾਂ ਨੂੰ ਲਾਹਿਆ ਗਿਆ। ਇਸ ਦੌਰਾਨ ਮੋਬਾਇਲ ਵਿੰਗ ਨੇ ਛਾਪਾ ਮਾਰ ਕੇ ਮਾਲ ਨੂੰ ਫੜ ਲਿਆ। ਫਿਲਹਾਲ ਮਹਿਕਮੇ ਨੇ ਮਾਲ ਨੂੰ ਸਟੇਸ਼ਨ ਤੋਂ ਕਬਜ਼ੇ ਵਿਚ ਨਹੀਂ ਲਿਆ ਹੈ। ਸੋਮਵਾਰ ਨੂੰ ਪਰਮਿਸ਼ਨ ਮਿਲਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਨ੍ਹਾਂ ਨਗਾਂ ਨੂੰ ਕਬਜ਼ੇ ਵਿਚ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ

ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ 5 ਟਰੱਕਾਂ ਨੂੰ ਵੀ ਫੜਿਆ
ਇਸ ਦੇ ਨਾਲ ਹੀ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਵੱਖ-ਵੱਖ ਥਾਵਾਂ ’ਤੇ ਨਾਕੇ ਲਾ ਕੇ ਮਾਲ ਨਾਲ ਭਰੇ 5 ਟਰੱਕਾਂ ਨੂੰ ਵੀ ਫੜਿਆ ਹੈ। ਜਾਣਕਾਰੀ ਮੁਤਾਬਕ ਏ. ਈ. ਟੀ. ਸੀ. ਗਰਚਾ ਨੇ 3 ਸਕਰੈਪ ਨਾਲ ਭਰੇ ਟਰੱਕ (2 ਫਿਲੌਰ, 1 ਰਾਹੋਂ ਤੋਂ) ਫਡ਼ੇ ਹਨ। ਇਨ੍ਹਾਂ ਵਿਚੋਂ ਕਿਸੇ ਕੋਲ ਵੀ ਈ-ਵੇਅ ਬਿੱਲ ਨਹੀਂ ਸੀ। ਗਰਚਾ ਨੇ ਕਿਹਾ ਕਿ ਸੋਮਵਾਰ ਨੂੰ ਇਨ੍ਹਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਜੇਕਰ ਮਾਲ ਦੇ ਬਿੱਲ ਨਾ ਮਿਲੇ ਤਾਂ ਬਣਦੀ ਕਾਰਵਾਈ ਕਰ ਕੇ ਜੁਰਮਾਨਾ ਵਸਲਿਆ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ

shivani attri

This news is Content Editor shivani attri