ਸ਼ਹੀਦ ਉਧਮ ਸਿੰਘ ਨਗਰ 'ਚ ਨੌਜਵਾਨਾਂ ਦੀ ਗੁੰਡਾਗਰਦੀ, ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ

01/29/2020 8:41:52 PM

ਜਲੰਧਰ,(ਸੋਨੂੰ): ਸ਼ਹੀਦ ਉਧਮ ਸਿੰਘ ਨਗਰ ਦੇ ਸਿੱਕਾ ਚੌਕ ਨੇੜੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦ ਨਸ਼ੇੜੀ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ਨੂੰ ਵਿਚ ਸੜਕ ਕੁੱਟਿਆ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮਹਿਲਾ ਪੁਲਸ ਮੁਲਾਜ਼ਮ ਕਿਰਨ ਤੇ ਸੁਖਵੰਤ ਨੇ ਦੱਸਿਆ ਕਿ ਉਹ ਇਸ ਇਲਾਕੇ 'ਚ ਗਸ਼ਤ ਕਰ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਅੱਗੇ ਇਕ ਨੌਜਵਾਨ ਨੇ ਆ ਕੇ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦ ਗੱਡੀ ਰੁਕੀ ਤਾਂ ਉਕਤ ਨੌਜਵਾਨ ਨੇ ਦੱਸਿਆ ਕਿ ਕੁੱਝ ਲੜਕੇ ਉਸ ਨੂੰ ਕੁੱਟ ਰਹੇ ਹਨ। ਜਦ ਦੋਵਾਂ ਮੁਲਾਜ਼ਮਾਂ ਨੇ ਉਕਤ ਨੌਜਵਾਨਾਂ ਨਾਲ ਗੱਲ ਕਰਨੀ ਚਾਹੀ ਤਾਂ ਨੌਜਵਾਨ ਮੁਲਾਜ਼ਮਾਂ ਨੂੰ ਹੀ ਕੁੱਟਣ ਲੱਗ ਪਏ। ਇਥੋਂ ਤਕ ਕਿ ਮਹਿਲਾ ਮੁਲਾਜ਼ਮ ਨੂੰ ਹੇਠਾਂ ਸੁੱਟ ਦਿੱਤਾ ਤੇ ਲੱਤਾਂ ਮਾਰੀਆਂ, ਉਥੇ ਹੀ ਦੂਜੇ ਮੁਲਾਜ਼ਮ ਦੀ ਪੱਗ ਵੀ ਉਤਾਰ ਦਿੱਤੀ। ਜਿਸ ਤੋਂ ਬਾਅਦ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।

ਮੌਕੇ 'ਤੇ ਪਹੁੰਚੇ ਥਾਣਾ ਚਾਰ ਦੇ ਇੰਚਾਰਜ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚ ਗਏ ਤੇ ਮੁਲਾਜ਼ਮਾਂ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੌਕੇ 'ਤੇ ਪਹੁੰਚੇ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਕਿਹਾ ਕਿ ਸਾਰੀ ਘਟਨਾ ਤੋਂ ਬਾਅਦ ਦੋਵੇਂ ਮੁਲਾਜ਼ਮਾਂ ਦੇ ਬਿਆਨ ਲਏ ਗਏ ਤੇ ਉਨ੍ਹਾਂ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ, ਨਾਲ ਹੀ ਉਨ੍ਹਾਂ ਇਹ ਦੱਸਿਆ ਕਿ ਉਨ੍ਹਾਂ ਨੇ ਇਕ ਨੌਜਵਾਨ ਦੀ ਪਛਾਣ ਕਰ ਲਈ ਹੈ। ਜਿਸ ਦਾ ਨਾਮ ਅਨੂਪ ਸਿੰਘ ਉਰਫ ਸਿੱਪੀ ਹੈ।