ਜਲੰਧਰ ਨਿਗਮ ’ਚ ਹੋ ਸਕਦੇ ਨੇ 90 ਵਾਰਡ, ਬਦਲਣਗੀਆਂ ਸਾਰੀਆਂ ਵਾਰਡਾਂ ਦੀਆਂ ਹੱਦਾਂ

04/08/2022 10:32:31 AM

ਜਲੰਧਰ (ਖੁਰਾਣਾ)– ਅੱਜ ਤੋਂ 3-4 ਸਾਲ ਪਹਿਲਾਂ ਕਾਂਗਰਸੀ ਆਗੂਆਂ ਨੇ ਜਲੰਧਰ ਨਗਰ ਨਿਗਮ ਦੀ ਹੱਦ ਵਿਚ 12 ਨਵੇਂ ਪਿੰਡ ਜੋੜਨ ਦਾ ਪ੍ਰਸਤਾਵ ਪਾਸ ਕੀਤਾ ਸੀ, ਜਿਸ ਸਬੰਧੀ ਨੋਟੀਫਿਕੇਸ਼ਨ ਵੀ ਪਹਿਲਾਂ ਜੂਨ 2018 ਅਤੇ ਬਾਅਦ ਵਿਚ ਦਸੰਬਰ 2020 ਨੂੰ ਜਾਰੀ ਹੋ ਚੁੱਕਾ ਹੈ। ਨਗਰ ਨਿਗਮ ਦੀ ਹੱਦ ਵਿਚ ਨਵੇਂ ਜੁੜੇ ਇਨ੍ਹਾਂ 12 ਪਿੰਡਾਂ ਵਿਚ ਵੀ ਇਸ ਵਾਰ ਨਿਗਮ ਚੋਣਾਂ ਹੋਣੀਆਂ ਹਨ, ਜਿਸ ਤੋਂ ਬਾਅਦ ਇਨ੍ਹਾਂ ਸਾਰੇ ਪਿੰਡਾਂ ਦਾ ਸੰਚਾਲਨ ਕੌਂਸਲਰਾਂ ਦੇ ਹੱਥ ਵਿਚ ਆ ਜਾਵੇਗਾ। ਸਰਕਾਰੀ ਸੂਤਰਾਂ ਮੁਤਾਬਕ ਸ਼ਹਿਰ ਦੀ ਹੱਦ ਵਿਚ ਜੁੜੇ ਇਨ੍ਹਾਂ ਪਿੰਡਾਂ ਦੀ ਜਨਸੰਖਿਆ 60 ਹਜ਼ਾਰ ਤੋਂ ਵੱਧ ਮੰਨੀ ਜਾ ਰਹੀ ਹੈ, ਇਸ ਕਾਰਨ ਜਲੰਧਰ ਨਿਗਮ ਵਿਚ 6 ਜਾਂ 7 ਨਵੇਂ ਵਾਰਡ ਸ਼ਾਮਲ ਕੀਤੇ ਜਾ ਸਕਦੇ ਹਨ।

ਕੁੱਲ ਮਿਲਾ ਕੇ ਜਲੰਧਰ ਨਗਰ ਨਿਗਮ ਦੇ ਵਾਰਡਾਂ ਦੀ ਗਿਣਤੀ ਮੌਜੂਦਾ 80 ਤੋਂ ਵਧਾ ਕੇ 90 ਤੱਕ ਕੀਤੀ ਜਾ ਸਕਦੀ ਹੈ ਪਰ ਇਹ ਸਭ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ’ਤੇ ਨਿਰਭਰ ਹੈ ਕਿ ਉਹ ਨਿਗਮ ਚੋਣਾਂ ਲਈ ਨਵੀਂ ਵਾਰਡਬੰਦੀ ਲਈ ਕੀ ਫਾਰਮੂਲਾ ਤੈਅ ਕਰਦੀ ਹੈ। ਜੇਕਰ ਜਨਸੰਖਿਆ ਅਤੇ ਇਲਾਕੇ ਨਾਲ ਸਬੰਧਤ ਪੁਰਾਣਾ ਫਾਰਮੂਲਾ ਹੀ ਲਾਗੂ ਕੀਤਾ ਜਾਂਦਾ ਹੈ ਤਾਂ 85 ਵਾਰਡ ਬਣਾ ਕੇ ਵੀ ਕੰਮ ਚਲਾਇਆ ਜਾ ਸਕਦਾ ਹੈ। ਫਿਲਹਾਲ ਜਲੰਧਰ ਨਿਗਮ ਦੇ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਨਵੀਂ ਵਾਰਡਬੰਦੀ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਿਹਾ ਹੈ ਤਾਂ ਕਿ ਇਸ ਨੂੰ ਸਮਾਂ ਰਹਿੰਦੇ ਪੂਰਾ ਕੀਤਾ ਜਾ ਸਕੇ।

ਨਿਗਮ ਦੀ ਹੱਦ ’ਚ ਸ਼ਾਮਲ ਹੋਏ ਨਵੇਂ ਪਿੰਡ
ਸੋਫੀ ਪਿੰਡ, ਖੁਸਰੋਪੁਰ, ਫੋਲੜੀਵਾਲ, ਰਹਿਮਾਨਪੁਰ, ਹੱਲੋਤਾਲੀ, ਅਲੀਪੁਰ, ਸੰਸਾਰਪੁਰ, ਧੀਣਾ, ਨੰਗਲ, ਕਰਾਰ ਖਾਂ, ਸੁਭਾਨਾ, ਖਾਂਬਰਾ

ਇਹ ਵੀ ਪੜ੍ਹੋ: ਜਲੰਧਰ ’ਚ ਬੇਖ਼ੌਫ਼ ਲੁਟੇਰੇ, ਬੈਂਕ ’ਚ ਜਾ ਰਹੇ ਪਤੀ-ਪਤਨੀ ਤੋਂ ਲੁੱਟੀ ਲੱਖਾਂ ਦੀ ਨਕਦੀ

ਆਮ ਆਦਮੀ ਪਾਰਟੀ ਲਈ ਵੱਡਾ ਚੈਲੇਂਜ ਹੋਵੇਗੀ ਨਵੀਂ ਵਾਰਡਬੰਦੀ
ਇਸ ਵਾਰ ਦਸੰਬਰ 2022 ਤੋਂ ਪਹਿਲਾਂ ਜਲੰਧਰ ਨਿਗਮ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ ਅਤੇ ਉਸ ਤੋਂ ਪਹਿਲਾਂ ਨਵੀਂ ਵਾਰਡਬੰਦੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪਿੰਡ ਦੀਆਂ ਹੱਦਾਂ ਵੀ ਨਿਗਮ ਤਹਿਤ ਲਿਆਉਣੀਆਂ ਹੋਣਗੀਆਂ। ਅਜਿਹੇ ਵਿਚ ਜਲੰਧਰ ਨਿਗਮ ਦੇ ਮੌਜੂਦਾ 80 ਵਾਰਡਾਂ ਦੀਆਂ ਹੱਦਾਂ ਵਿਚ ਵੀ ਫੇਰਬਦਲ ਨਿਸ਼ਚਿਤ ਹੈ। ਆਮ ਆਦਮੀ ਪਾਰਟੀ ਨੇ ਜੇਕਰ ਨਿਗਮ ਦੀ ਸੱਤਾ ’ਤੇ ਕਬਜ਼ਾ ਕਰਨਾ ਹੈ ਤਾਂ ਉਸ ਨੂੰ ਆਪਣੇ ਹਿਸਾਬ ਨਾਲ ਨਵੀਂ ਵਾਰਡਬੰਦੀ ਕਰਵਾਉਣੀ ਹੋਵੇਗੀ। ਜਿਵੇਂ ਕਿ ਕਾਂਗਰਸੀ ਆਗੂਆਂ ਨੇ ਪਿਛਲੀ ਵਾਰ ਕੀਤਾ ਸੀ। ਜਲੰਧਰ ਨਾਲ ਸਬੰਧਤ ‘ਆਪ’ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਤਜਰਬੇ ਦੀ ਘਾਟ ਕਾਰਨ ਨਵੀਂ ਵਾਰਡਬੰਦੀ ਉਨ੍ਹਾਂ ਲਈ ਇਕ ਵੱਡਾ ਚੈਲੇਂਜ ਸਾਬਿਤ ਹੋਵੇਗੀ। ਜੇਕਰ ‘ਆਪ’ ਨੇ ਸਮੇਂ ’ਤੇ ਨਿਗਮ ਚੋਣਾਂ ਕਰਵਾਉਣੀਆਂ ਹਨ ਤਾਂ ਉਸਨੂੰ ਨਵੀਂ ਵਾਰਡਬੰਦੀ ਜਲਦ ਸ਼ੁਰੂ ਕਰਵਾਉਣੀ ਹੋਵੇਗੀ, ਨਹੀਂ ਤਾਂ ਨਿਗਮ ਚੋਣਾਂ ਟਲ ਵੀ ਸਕਦੀਆਂ ਹਨ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮੋਗਾ ਵਿਖੇ ਚਿੱਟੇ ਦੀ ਓਵਰਡੋਜ਼ ਕਾਰਨ ਸਾਬਕਾ ਪੁਲਸ ਮੁਲਾਜ਼ਮ ਦੀ ਮੌਤ

ਪਿੰਡ ਵਾਸੀਆਂ ਨੂੰ ਆਉਣਗੀਆਂ ਬਹੁਤ ਸਾਰੀਆਂ ਦਿੱਕਤਾਂ
ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਅਧੀਨ 12 ਪਿੰਡਾਂ ਨੂੰ ਜਲੰਧਰ ਨਿਗਮ ਦੀ ਹੱਦ ਨਾਲ ਜੋੜ ਤਾਂ ਲਿਆ ਗਿਆ ਹੈ ਪਰ ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਪਿੰਡਾਂ ਦੇ ਹਜ਼ਾਰਾਂ ਨਿਵਾਸੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਪੇਸ਼ ਆਉਣਗੀਆਂ। ਜਲੰਧਰ ਨਿਗਮ ਪਹਿਲਾਂ ਹੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਪਿੰਡ ਦੇ ਵਿਕਾਸ ਫੰਡ ਨੂੰ ਲੈ ਕੇ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਹੁਣ ਪਿੰਡ ਨਿਵਾਸੀਆਂ ਨੂੰ ਪ੍ਰਾਪਰਟੀ ਟੈਕਸ ਅਤੇ ਵਾਟਰ ਟੈਕਸ ਵਰਗੇ ਬਿੱਲ ਵੀ ਅਦਾ ਕਰਨੇ ਹੋਣਗੇ। ਦੁਕਾਨਦਾਰਾਂ ਨੂੰ ਲਾਇਸੈਂਸ ਫੀਸ ਦੇਣੀ ਹੋਵੇਗੀ। ਮਕਾਨਾਂ ਆਦਿ ਦੇ ਨਕਸ਼ੇ ਪਾਸ ਕਰਵਾਉਣੇ ਹੋਣਗੇ।
ਸਭ ਤੋਂ ਵੱਡੀ ਦਿੱਕਤ ਹੈ, ਜੋ ਪਿੰਡ ਨਿਵਾਸੀਆਂ ਨੂੰ ਆਵੇਗੀ, ਉਹ ਗਊਆਂ ਅਤੇ ਹੋਰ ਪਸ਼ੂਆਂ ਨੂੰ ਲੈ ਕੇ ਹੋਵੇਗੀ ਕਿਉਂਕਿ ਸ਼ਹਿਰ ਵਿਚ ਪਸ਼ੂ ਰੱਖਣ ’ਤੇ ਰੋਕ ਲੱਗੀ ਹੋਈ ਹੈ। ਅਜਿਹੇ ਵਿਚ ਇਨ੍ਹਾਂ ਪਿੰਡਾਂ ਲਈ ਕਦੀ ਵੀ ਹੁਕਮ ਕੱਢੇ ਜਾ ਸਕਦੇ ਹਨ ਕਿ ਇਨ੍ਹਾਂ ਨੂੰ ਪਸ਼ੂ ਰਹਿਤ ਇਲਾਕਾ ਰੱਖਣਾ ਹੋਵੇਗਾ। ਪਿੰਡ ਨਾਲ ਸਬੰਧਤ ਪੰਚਾਇਤੀ ਜ਼ਮੀਨਾਂ ਦਾ ਕੀ ਹੋਵੇਗਾ, ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।

ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri