ਨਾਜਾਇਜ਼ ਇਸ਼ਤਿਹਾਰਾਂ ਤੋਂ ਪ੍ਰਾਈਵੇਟ ਵਸੂਲੀ ਕਰ ਰਿਹਾ ਨਿਗਮ ਸਟਾਫ

01/09/2020 12:49:45 PM

ਜਲੰਧਰ (ਖੁਰਾਣਾ)— ਕਾਂਗਰਸ ਸਰਕਾਰ ਨੂੰ ਪੰਜਾਬ 'ਚ ਆਏ 3 ਸਾਲ ਹੋਣ ਨੂੰ ਹਨ ਅਤੇ ਦੋ ਸਾਲ ਤੋਂ ਜ਼ਿਆਦਾ ਸਮੇਂ ਤੋਂ ਕਾਂਗਰਸ ਪਾਰਟੀ ਜਲੰਧਰ ਨਗਰ ਨਿਗਮ 'ਤੇ ਕਾਬਜ਼ ਹੈ ਪਰ ਅਕਾਲੀ-ਭਾਜਪਾ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦਾ ਸ਼ੋਰ ਮਚਾਉਣ ਵਾਲੀ ਕਾਂਗਰਸ ਪਾਰਟੀ ਜਲੰਧਰ ਨਗਰ ਨਿਗਮ ਨਾਲ ਭ੍ਰਿਸ਼ਟਾਚਾਰ ਦੂਰ ਨਹੀਂ ਕਰ ਪਾਈ ਸਗੋਂ ਕਈ ਵਿਭਾਗਾਂ 'ਚ ਤਾਂ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਰਹੇ ਨਵਜੋਤ ਸਿੰਘ ਸਿੱਧੂ ਨੇ ਕਰੀਬ ਦੋ ਸਾਲ ਪਹਿਲਾਂ ਪੂਰੇ ਸੂਬੇ ਲਈ ਇਸ਼ਤਿਹਾਰ ਪਾਲਿਸੀ ਬਣਾਈ ਸੀ, ਜਿਸ ਨੂੰ ਜਲੰਧਰ ਨਿਗਮ ਨੇ ਵੀ ਆਪਣੇ ਸ਼ਹਿਰ 'ਚ ਲਾਗੂ ਕੀਤਾ ਸੀ। ਇਸ ਪਾਲਿਸੀ ਦੇ ਤਹਿਤ ਜਲੰਧਰ ਨਿਗਮ 6-7 ਵਾਰ ਟੈਂਡਰ ਲਗਾ ਚੁੱਕਿਆ ਹੈ ਪਰ ਅੱਜ ਤਕ ਕੋਈ ਟੈਂਡਰ ਸਿਰੇ ਨਹੀਂ ਚੜ੍ਹਿਆ ਜਿਸ ਕਾਰਨ ਇਸ਼ਤਿਹਾਰਾਂ ਤੋਂ ਵਸੂਲੀ ਦੇ ਮਾਮਲੇ 'ਚ ਜਲੰਧਰ ਨਿਗਮ ਦਾ ਖਜ਼ਾਨਾ ਖਾਲੀ ਹੈ, ਉਥੇ ਨਗਰ ਨਿਗਮ ਸਟਾਫ ਨਾਜਾਇਜ਼ ਇਸ਼ਤਿਹਾਰਾਂ ਤੋਂ ਖੂਬ ਪ੍ਰਾਈਵੇਟ ਵਸੂਲੀ ਕਰ ਰਿਹਾ ਹੈ। ਤਮਾਮ ਨਿਗਮ ਅਧਿਕਾਰੀਆਂ ਅਤੇ ਨਗਰ ਨਿਗਮ ਨਾਲ ਜੁੜੇ ਕਾਂਗਰਸੀ ਆਗੂਆਂ ਨੂੰ ਇਸ ਸਕੈਂਡਲ ਦੀ ਜਾਣਕਾਰੀ ਹੈ ਪਰ ਕੋਈ ਵੀ ਇਸ ਨੂੰ ਬ੍ਰੇਕ ਕਰਨ ਜਾਂ ਰੋਕਣ 'ਚ ਦਿਲਚਸਪੀ ਨਹੀਂ ਦਿਖਾ ਰਿਹਾ।

ਪੁਰਾਣੀ ਸਬਜ਼ੀ ਮੰਡੀ ਚੌਕ 'ਚ ਕਿਵੇਂ ਲੱਗੇ ਹੋਏ ਹਨ ਨਾਜਾਇਜ਼ ਇਸ਼ਤਿਹਾਰ
ਸ਼ਹਿਰਾਂ 'ਚ ਇਸ ਸਮੇਂ ਨਾਜਾਇਜ਼ ਇਸ਼ਤਿਹਾਰਾਂ ਦੀ ਗਿਣਤੀ ਹਜ਼ਾਰਾਂ 'ਚ ਮਾਪੀ ਜਾ ਰਹੀ ਹੈ ਅਤੇ ਨਗਰ ਨਿਗਮ ਦੀ ਸਰਹੱਦ ਦੇ ਅੰਦਰ ਹੀ ਅਣਗਿਣਤ ਬੈਨਰ, ਪੋਸਟਰ ਅਤੇ ਹੋਰਡਿੰਗਸਜ਼ ਸ਼ਰੇਆਮ ਲੱਗੇ ਹੋਏ ਹਨ। ਭ੍ਰਿਸ਼ਟਾਚਾਰ ਦਾ ਸਪੱਸ਼ਟ ਮਿਸਾਲ ਹੋਟਲ ਡਾਲਫਿਨ ਦੇ ਨੇੜੇ ਪੁਰਾਣੀ ਸਬਜ਼ੀ ਮੰਡੀ ਦੇ ਸਾਹਮਣੇ ਬਣੇ ਚੌਰਾਹੇ ਦੀ ਹੈ ਜਿਥੇ ਇਕ ਇਸ਼ਤਿਹਾਰ ਕੰਪਨੀ ਨੇ ਆਪਣੇ ਵੱਡੇ- ਵੱਡੇ ਇਸ਼ਤਿਹਾਰ ਲਗਾ ਰੱਖੇ ਹਨ ਪਰ ਉਨ੍ਹਾਂ ਇਸ਼ਤਿਹਾਰ ਾਂ ਨੂੰ ਨਿਗਮ ਤੋਂ ਕੋਈ ਮਨਜ਼ੂਰੀ ਪ੍ਰਾਪਤ ਨਹੀਂ ਹੈ। ਦੋਸ਼ ਲੱਗ ਰਹੇ ਹਨ ਕਿ ਇਨ੍ਹਾਂ ਇਸ਼ਤਿਹਾਰਾਂ ਤੋਂ ਨਿਗਮ ਸਟਾਫ ਲੱਖਾਂ ਰੁਪਏ ਦੀ ਪ੍ਰਾਈਵੇਟ ਵਸੂਲੀ ਕਰ ਚੁੱਕਾ ਹੈ ਇਸ ਲਈ ਮਹੀਨਿਆਂ ਤੋਂ ਇਹ ਇਸ਼ਤਿਹਾਰ ਵਾਰ-ਵਾਰ ਸ਼ਿਕਾਇਤ ਦੇ ਬਾਵਜੂਦ ਉਤਾਰੇ ਨਹੀਂ ਗਏ।

ਹਾਰਟੀਕਲਚਰ ਅਤੇ ਇਸ਼ਤਿਹਾਰ ਸ਼ਾਖਾ ਕਰ ਰਹੇ ਡਰਾਮੇਬਾਜ਼ੀ
ਦਰਅਸਲ ਸ਼ਹਿਰ 'ਚ ਇਸ਼ਤਿਹਾਰ ਸਕੈਂਡਲ ਨੂੰ ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਅਤੇ ਇਸ਼ਤਿਹਾਰ ਸ਼ਾਖਾ ਦੀ ਮਿਲੀਭੁਗਤ ਨਾਲ ਚਲਾਇਆ ਜਾ ਰਿਹਾ ਹੈ। ਦੋਵੇਂ ਵਿਭਾਗਾਂ ਦੇ ਅਧਿਕਾਰੀ ਜ਼ਬਰਦਸਤ ਡਰਾਮੇਬਾਜ਼ੀ ਕਰਦੇ ਹੋਏ ਨਾਜਾਇਜ਼ ਇਸ਼ਤਿਹਾਰਾਂ ਦਾ ਮਾਮਲਾ ਇਕ-ਦੂਜੇ 'ਤੇ ਥੋਪ ਰਹੇ ਹਨ। ਪੁਰਾਣੀ ਸਬਜ਼ੀ ਮੰਡੀ ਦੇ ਸਾਹਮਣੇ ਬਣੇ ਤਿਕੋਣੇ ਚੌਕ 'ਚ ਲੱਗੇ ਮੋਬਾਇਲ ਕੰਪਨੀ ਦੇ ਇਸ਼ਤਿਹਾਰਾਂ ਬਾਰੇ ਜਦੋਂ ਇਸ਼ਤਿਹਾਰ ਸ਼ਾਖਾ ਦੇ ਅਧਿਕਾਰੀਆਂ ਤੋਂ ਪੁੱਛਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਜ਼ਿੰਮੇਵਾਰੀ ਹਾਰਟੀਕਲਚਰ ਵਿਭਾਗ 'ਤੇ ਹੈ ਜਦੋਂਕਿ ਹਾਰਟੀਕਲਚਰ ਵਿਭਾਗ ਦੇ ਅਧਿਕਾਰੀ ਸਾਫ ਕਹਿੰਦੇ ਹਨ ਕਿ ਇਸ ਤਿਕੋਣੇ ਚੌਕ 'ਚ ਲੱਗੇ ਇਸ਼ਤਿਹਾਰ ਨਾਜਾਇਜ਼ ਹਨ ਕਿਉਂਕਿ ਨਿਗਮ ਨੇ ਇਸ ਚੌਕ ਨੂੰ ਮੇਨਟੇਨ ਕਰਨ ਦਾ ਕੰਟਰੈਕਟ ਕਿਸੇ ਕੰਪਨੀ ਨਾਲ ਨਹੀਂ ਕੀਤਾ ਹੈ।

ਇਮੀਗ੍ਰੇਸ਼ਨ ਕੰਪਨੀਆਂ ਵਾਲੇ ਸ਼ਹਿਰ ਨੂੰ ਕਰ ਰਹੇ ਗੰਦਾ
ਇਨ੍ਹਾਂ ਦਿਨੀਂ ਬੱਚਿਆਂ ਨੂੰ ਕੈਨੇਡਾ ਅਤੇ ਹੋਰ ਦੇਸ਼ਾਂ 'ਚ ਭੇਜਣ ਦਾ ਹੜ੍ਹ ਜਿਹਾ ਆਇਆ ਹੋਇਆ ਹੈ, ਜਿਸ ਕਾਰਨ ਜਗ੍ਹਾ-ਜਗ੍ਹਾ ਆਈਲੈਟਸ ਟ੍ਰੇਨਿੰਗ ਸੈਂਟਰ ਅਤੇ ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰ ਖੁੱਲ੍ਹੇ ਹੋਏ ਹਨ। ਸੈਂਕੜਿਆਂ ਦੀ ਗਿਣਤੀ 'ਚ ਇਨ੍ਹਾਂ ਸੰਸਥਾਵਾਂ ਦੇ ਹਜ਼ਾਰਾਂ ਨਾਜਾਇਜ਼ ਇਸ਼ਤਿਹਾਰ ਸ਼ਹਿਰ 'ਚ ਲੱਗੇ ਹੋਏ ਹਨ। ਜਿਨ੍ਹਾਂ ਨੂੰ ਕਦੇ-ਕਦੇ ਖਾਨਾਪੂਰਤੀ ਲਈ ਉਤਾਰਿਆ ਤਾਂ ਜਾਂਦਾ ਹੈ ਪਰ ਉਤਾਰਣ ਤੋਂ ਤੁਰੰਤ ਬਾਅਦ ਇਨ੍ਹਾਂ ਇਸ਼ਤਿਹਾਰਾਂ ਨੂੰ ਦੋਬਾਰਾ ਉਸੇ ਕੰਪਨੀ ਨੂੰ ਸੌਂਪ ਦਿੱਤਾ ਜਾਂਦਾ ਹੈ। ਸ਼ਹਿਰ ਦੇ ਹਰ ਫਲਾਈਓਵਰ ਦੇ ਬਿਜਲੀ ਦੇ ਖੰਭਿਆਂ 'ਤੇ ਵੀ ਨਾਜਾਇਜ਼ ਇਸ਼ਤਿਹਾਰ ਲੱਗੇ ਦੇਖੇ ਜਾ ਸਕਦੇ ਹਨ। ਇਹ ਵੀ ਦੋਸ਼ ਹੈ ਕਿ ਇਸ਼ਤਿਹਾਰ ਸ਼ਾਖਾ ਤੋਂ 10 ਬੈਨਰਾਂ ਦੀ ਪਰਚੀ ਕਟਵਾ ਕੇ ਸ਼ਹਿਰ 'ਚ ਆਰਾਮ ਨਾਲ 100 ਬੈਨਰ ਲਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸ਼ਹਿਰ 'ਚ ਰਾਜਨੀਤੀ ਚਮਕਾਉਣ ਵਾਲੇ ਹੋਰਡਿੰਗਜ਼ ਦੀ ਵੀ ਭਰਮਾਰ ਹੈ ਅਤੇ ਅਜਿਹੇ ਬੋਰਡ ਹਰ ਚੌਰਾਹੇ 'ਤੇ ਦੇਖੇ ਜਾ ਸਕਦੇ ਹਨ।

ਸਾਬਕਾ ਮੇਅਰ ਦੀ ਨੀਤੀ ਨੂੰ ਕਾਂਗਰਸ ਨੇ ਕੀਤਾ ਫੇਲ
ਸਾਬਕਾ ਮੇਅਰ ਸੁਨੀਲ ਜੋਤੀ ਨੇ ਸ਼ਹਿਰ ਨੂੰ ਨਾਜਾਇਜ਼ ਇਸ਼ਤਿਹਾਰਾਂ ਤੋਂ ਬਚਾਉਣ ਲਈ ਸਖਤੀ ਕੀਤੀ ਸੀ। ਉਨ੍ਹਾਂ ਵੱਲੋਂ ਲਗਾਇਆ ਗਿਆ ਇਹ ਬੈਨ ਪਬਲਿਕ ਵੱਲੋਂ ਕਾਫੀ ਸਰਾਹਿਆ ਗਿਆ ਅਤੇ ਕਈ ਸਾਲ ਚੱਲਿਆ ਪਰ ਕਾਂਗਰਸ ਨੇ ਸੱਤਾ 'ਚ ਆਉਂਦੇ ਹੀ ਇਸ ਨੂੰ ਫੇਲ ਕਰ ਦਿੱਤਾ, ਜਿਸ ਕਾਰਨ ਅੱਜ ਸ਼ਹਿਰ ਨਾਜਾਇਜ਼ ਇਸ਼ਤਿਹਾਰਾਂ ਨਾਲ ਭਰਿਆ ਹੋਇਆ ਹੈ। ਸਾਬਕਾ ਮੇਅਰ ਦੀ ਪਾਲਿਸੀ ਮੁਤਾਬਕ ਧਾਰਮਿਕ ਵਿਗਿਆਪਨ ਲਗਾਉਣ ਲਈ ਕਈ ਸਥਾਨ ਅਤੇ ਫੀਸ ਤੈਅ ਕੀਤੀ ਗਈ ਸੀ ਜਿਸ ਨਾਲ ਨਿਗਮ ਨੂੰ ਕਮਾਈ ਵੀ ਹੋਣੀ ਸ਼ੁਰੂ ਹੋ ਗਈ ਸੀ ਪਰ ਕਾਂਗਰਸ ਦੇ ਆਉਣ ਤੋਂ ਬਾਅਦ ਹਰ ਚੌਕ 'ਤੇ ਬੋਰਡ ਲੱਗਣ ਲੱਗੇ ਹਨ ਅਤੇ ਨਿਗਮ ਨੂੰ ਕਮਾਈ ਵੀ ਬੰਦ ਹੋ ਗਈ ਹੈ।

shivani attri

This news is Content Editor shivani attri