ਹੁਸ਼ਿਆਰਪੁਰ ਦੇ ਠੇਕੇਦਾਰ ਨੇ ਜਲੰਧਰ ਨਿਗਮ ਨਾਲ ਕੀਤਾ ਫਰਾਡ

09/24/2019 1:29:50 PM

ਜਲੰਧਰ (ਖੁਰਾਣਾ)— ਨਗਰ ਨਿਗਮ 'ਚ ਉਂਝ ਤਾਂ ਦਰਜਨਾਂ ਠੇਕੇਦਾਰ ਵਿਕਾਸ ਕੰਮ ਕਰਦੇ ਹਨ ਅਤੇ ਜ਼ਿਆਦਾਤਰ ਠੇਕੇਦਾਰਾਂ ਦੇ ਨਿਗਮ ਅਧਿਕਾਰੀਆਂ ਅਤੇ ਰਾਜਸੀ ਆਗੂਆਂ ਨਾਲ ਗੂੜ੍ਹੇ ਸਬੰਧ ਵੀ ਹੁੰਦੇ ਹਨ, ਜਿਨ੍ਹਾਂ ਦਾ ਫਾਇਦਾ ਲੈ ਕੇ ਕਈ ਵਾਰ ਠੇਕੇਦਾਰ ਗਲਤ ਕੰਮ ਵੀ ਕਰ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਹੁਸ਼ਿਆਰਪੁਰ ਦੇ ਇਕ ਠੇਕੇਦਾਰ ਨੇ ਬਜਵਾੜਾ ਕੋਆਪ੍ਰੇਟਿਵ ਲੇਬਰ ਐਂਡ ਕੰਸਟਰੱਕਸ਼ਨ ਸੋਸਾਇਟੀ ਬਣਾ ਕੇ ਉਸ ਦੀ ਨਕਲੀ ਐਨਲਿਸਟਮੈਂਟ ਨਿਗਮ ਦੇ ਦਸਤਾਵੇਜ਼ਾਂ ਵਿਚ ਲਾ ਦਿੱਤੀ ਤਾਂ ਜੋ ਲੱਖਾਂ ਰੁਪਏ ਦੇ ਟੈਂਡਰ ਹਥਿਆਏ ਜਾ ਸਕਣ।
ਨਿਗਮ ਅਧਿਕਾਰੀਆਂ ਨੇ ਹੁਸ਼ਿਆਰਪੁਰ ਦੀ ਫਰਮ ਵੇਖ ਕੇ ਮਈ ਮਹੀਨੇ ਵਿਚ ਹੁਸ਼ਿਆਰਪੁਰ ਦੇ ਪੀ. ਡਬਲਿਊ. ਡੀ. ਵਿਭਾਗ ਨੂੰ ਉਕਤ ਬਜਵਾੜਾ ਸੋਸਾਇਟੀ ਦੀ ਐਨਲਿਸਟਮੈਂਟ ਬਾਰੇ ਜਾਣਕਾਰੀ ਮੰਗੀ ਪਰ ਉਥੋਂ ਜਵਾਬ ਆਇਆ ਕਿ ਬਜਵਾੜਾ ਸੋਸਾਇਟੀ ਦੀ ਐਨਲਿਸਟਮੈਂਟ ਨੰਬਰ 30 ਮਿਤੀ 7-11-17 ਫਰਜ਼ੀ ਹੈ ਅਤੇ ਇਸ ਫਰਮ ਦੇ ਨਾਂ 'ਤੇ ਨਹੀਂ ਹੈ। ਦਸਤਾਵੇਜ਼ਾਂ 'ਚ ਫਰਜ਼ੀਵਾੜਾ ਵੇਖ ਕੇ ਨਿਗਮ ਅਧਿਕਾਰੀਆਂ ਨੇ 6 ਕਰੋੜ ਦੀ ਲਾਗਤ ਵਾਲੇ ਟੈਂਡਰਾਂ ਵਿਚ ਇਸ ਫਰਮ ਵਾਲਾ ਟੈਂਡਰ ਰੱਦ ਕਰ ਦਿੱਤਾ ਅਤੇ ਨਿਗਮ ਪ੍ਰਸ਼ਾਸਨ ਨੇ ਜੁਲਾਈ ਮਹੀਨੇ 'ਚ ਇਸ ਫਰਮ ਨੂੰ ਬਲੈਕਲਿਸਟ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹੁਣ 26 ਸਤੰਬਰ ਨੂੰ ਹੋਣ ਜਾ ਰਹੀ ਐੱਫ. ਐਂਡ ਸੀ. ਸੀ. ਮੀਟਿੰਗ ਵਿਚ ਇਸ ਫਰਜ਼ੀਵਾੜੇ ਸਬੰਧੀ ਪ੍ਰਸਤਾਵ ਆਇਆ ਹੈ, ਜਿਸ ਦੌਰਾਨ ਚਰਚਾ ਹੋਵੇਗੀ ਕਿ ਗਲਤ ਦਸਤਾਵੇਜ਼ ਲਾਉਣ ਵਾਲੀ ਇਸ ਫਰਮ ਨੂੰ ਕਦੋਂ ਤੱਕ ਬਲੈਕਲਿਸਟ ਕੀਤਾ ਜਾਵੇ।

ਐੱਫ. ਆਈ. ਆਰ. ਦਰਜ ਕਰਵਾਉਣ ਦੀ ਹਿੰਮਤ ਕਿਉਂ ਨਹੀਂ ਵਿਖਾ ਰਿਹਾ ਨਿਗਮ
ਜੇਕਰ ਕੋਈ ਠੇਕੇਦਾਰ ਲੱਖਾਂ-ਕਰੋੜਾਂ ਦੇ ਟੈਂਡਰ ਲੈਣ ਲਈ ਨਿਗਮ ਨੂੰ ਗਲਤ ਦਸਤਾਵੇਜ਼ ਸੌਂਪਦਾ ਹੈ ਤਾਂ ਨਿਗਮ ਅਧਿਕਾਰੀਆਂ ਦਾ ਫਰਜ਼ ਬਣਦਾ ਹੈ ਕਿ ਉਸੇ ਸਮੇਂ ਉਕਤ ਠੇਕੇਦਾਰ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਵੇ ਤਾਂ ਜੋ ਪੁਲਸ ਜਾਂਚ ਦੌਰਾਨ ਸਾਹਮਣੇ ਆਵੇ ਕਿ ਆਖਿਰ ਫਰਜ਼ੀਵਾੜਾ ਕਿਸ ਮਕਸਦ ਨਾਲ, ਕਿਨ੍ਹਾਂ ਹਾਲਾਤ 'ਚ ਅਤੇ ਕਿਉਂ ਕੀਤਾ ਗਿਆ। ਇਸ ਮਾਮਲੇ ਵਿਚ ਵੀ ਨਿਗਮ ਨੇ ਬਜਵਾੜਾ ਕੋਆਪ੍ਰੇਟਿਵ ਸੋਸਾਇਟੀ ਨੂੰ ਸਿਰਫ ਬਲੈਕਲਿਸਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਐੱਫ. ਆਈ. ਆਰ. ਦੀ ਕਿਤੇ ਗੱਲ ਨਹੀਂ ਹੋ ਰਹੀ, ਜਿਸ ਤੋਂ ਲੱਗਦਾ ਹੈ ਕਿ ਜਾਂ ਤਾਂ ਮਾਮਲਾ ਜ਼ਿਆਦਾ ਸੰਗੀਨ ਨਹੀਂ ਹੈ ਜਾਂ ਹੁਸ਼ਿਆਰਪੁਰ ਦਾ ਠੇਕੇਦਾਰ ਇੰਨਾ ਪ੍ਰਭਾਵਸ਼ਾਲੀ ਹੈ ਕਿ ਉਸ ਨੇ ਨਿਗਮ ਪ੍ਰਸ਼ਾਸਨ ਨੂੰ ਮੈਨੇਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਜਿਸ ਠੇਕੇਦਾਰ ਨੇ ਇਹ ਫਰਮ ਬਣਾ ਕੇ ਟੈਂਡਰ ਭਰੇ ਸਨ, ਉਸ ਨੇ ਪਹਿਲਾਂ ਵੀ ਨਿਗਮ ਵਿਚ ਟਾਈਲਾਂ ਨਾਲ ਸਬੰਧਤ ਕਰੋੜਾਂ ਦੇ ਕੰਮ ਕੀਤੇ ਹਨ। ਇਸ ਲਈ ਮੰਗ ਉਠ ਰਹੀ ਹੈ ਕਿ ਬਜਵਾੜਾ ਕੋਆਪ੍ਰੇਟਿਵ ਸੋਸਾਇਟੀ ਬਣਾ ਕੇ ਲਾਏ ਗਏ ਸਾਰੇ ਦਸਤਾਵੇਜ਼ਾਂ ਦੀ ਵੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਠੇਕੇਦਾਰ ਨੇ ਜਾਣਬੁੱਝ ਕੇ ਨਕਲੀ ਦਸਤਾਵੇਜ਼ ਲਾਏ ਹਨ ਤਾਂ ਉਸ 'ਤੇ ਕ੍ਰਿਮੀਨਲ ਕੇਸ ਦਰਜ ਕਰਵਾਇਆ ਜਾਵੇ।

ਸੱਪ ਲੰਘਣ ਤੋਂ ਬਾਅਦ ਲਕੀਰ ਨੂੰ ਕੁੱਟੇਗਾ ਨਿਗਮ
ਜਲੰਧਰ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਦਿਨ-ਬ-ਦਿਨ ਅਜੀਬ ਹੁੰਦੀ ਜਾ ਰਹੀ ਹੈ। ਬਰਸਾਤੀ ਮੌਸਮ ਖਤਮ ਹੋ ਚੁੱਕਾ ਹੈ ਪਰ ਹੁਣ ਜਲੰਧਰ ਨਗਰ ਨਿਗਮ 160 ਆਰਜ਼ੀ ਸੀਵਰਮੈਨਾਂ ਦੀ ਭਰਤੀ ਕਰ ਕੇ ਸੱਪ ਲੰਘਣ ਤੋਂ ਬਾਅਦ ਲਕੀਰ ਨੂੰ ਕੁੱਟਣ ਜਿਹਾ ਕੰਮ ਕਰਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਬਰਸਾਤੀ ਸੀਜ਼ਨ ਦੌਰਾਨ ਲੋਕਾਂ ਨੂੰ ਬਰਸਾਤੀ ਪਾਣੀ ਅਤੇ ਬੰਦ ਸੀਵਰੇਜ ਦੀ ਸਮੱਸਿਆ ਨਾਲ ਕਾਫੀ ਜੂਝਣਾ ਪਿਆ ਸੀ ਕਿਉਂਕਿ ਸ਼ਹਿਰ ਦੀਆਂ ਸੀਵਰ ਲਾਈਨਾਂ ਅਤੇ ਰੋਡ ਗਲੀਆਂ ਦੇ ਚੈਂਬਰ ਸਾਫ ਨਹੀਂ ਹੋਏ ਸਨ। ਹੁਣ ਜਦੋਂਕਿ ਸਮੱਸਿਆ ਵਾਲੇ ਦਿਨ ਨਿਕਲ ਚੁੱਕੇ ਹਨ ਪਰ ਨਿਗਮ 3 ਮਹੀਨਿਆਂ ਲਈ ਆਊਟਸੋਰਸ ਆਧਾਰ 'ਤੇ 160 ਸੀਵਰਮੈਨ ਰੱਖਣ ਜਾ ਰਿਹਾ ਹੈ, ਜਿਨ੍ਹਾਂ 'ਤੇ 57 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਪ੍ਰਸਤਾਵ ਐੱਫ. ਐਂਡ ਸੀ. ਸੀ. ਦੀ ਮੀਟਿੰਗ ਵਿਚ ਆ ਰਿਹਾ ਹੈ।

ਮਾਈ ਹੀਰਾਂ ਗੇਟ ਦੀ ਬਿਲਡਿੰਗ ਦੂਜਾ ਠੇਕੇਦਾਰ ਢਾਹੇਗਾ
ਮਾਈ ਹੀਰਾਂ ਗੇਟ 'ਚ ਬੈਂਕ ਵਾਲੀ ਬਿਲਡਿੰਗ ਕਾਫੀ ਸਮੇਂ ਤੋਂ ਖਸਤਾ ਹਾਲ ਹੈ, ਜੋ ਕਦੀ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਨਿਗਮ ਨੇ ਇਸ ਬਿਲਡਿੰਗ ਨੂੰ ਢਾਹੁਣ ਲਈ 25-7-2019 ਨੂੰ ਵਰਕ ਆਰਡਰ ਅਰੁਣ ਬੇਦੀ ਨਾਂ ਦੇ ਠੇਕੇਦਾਰ ਨੂੰ ਜਾਰੀ ਕੀਤੇ ਸਨ, ਜਿਸ ਨੇ 50 ਹਜ਼ਾਰ ਰੁਪਏ ਸਕਿਓਰਿਟੀ ਵੀ ਨਿਗਮ ਕੋਲ ਜਮ੍ਹਾ ਕਰਵਾ ਦਿੱਤੀ। ਬਾਅਦ ਵਿਚ ਠੇਕੇਦਾਰ ਖਾੜੀ ਦੇਸ਼ ਵਿਚ ਚਲਾ ਗਿਆ ਅਤੇ ਉਸ ਨੇ ਬਿਲਡਿੰਗ ਢਾਹੁਣ ਦਾ ਕੰਮ ਨਹੀਂ ਕੀਤਾ, ਜਿਸ ਤੋਂ ਬਾਅਦ ਨਿਗਮ ਨੇ ਦੋਬਾਰਾ ਟੈਂਡਰ ਲਾ ਕੇ ਇਹ ਕੰਮ ਨਰੇਸ਼ ਦੱਤਾ ਨਾਮਕ ਠੇਕੇਦਾਰ ਨੂੰ ਸੌਂਪਿਆ ਹੈ, ਜੋ ਬਿਲਡਿੰਗ ਦਾ ਮਲਬਾ ਖੁਦ ਰੱਖੇਗਾ ਅਤੇ ਬਦਲੇ ਵਿਚ ਨਿਗਮ ਨੂੰ 5 ਹਜ਼ਾਰ ਰੁਪਏ ਦੇਵੇਗਾ।

40 ਜਨਤਕ ਪਖਾਨੇ ਹੁਣ ਸੁਲਭ ਬਣਾਏਗਾ
ਨਗਰ ਨਿਗਮ ਨੇ ਸ਼ਹਿਰ ਨੂੰ 'ਸ਼ੌਚ ਮੁਕਤ' ਕਰਨ ਦੀ ਮੁਹਿੰਮ ਦੇ ਤਹਿਤ ਕਈ ਸਾਲ ਪਹਿਲਾਂ 40 ਜਨਤਕ ਪਖਾਨਿਆਂ ਦੇ ਟੈਂਡਰ ਲਾਏ ਸਨ। 375 ਲੱਖ ਰੁਪਏ ਦਾ ਇਹ ਕੰਮ ਕਿਸੇ ਠੇਕੇਦਾਰ ਨੇ ਨਹੀਂ ਕੀਤਾ, ਜਿਸ ਕਾਰਨ ਹੁਣ ਨਿਗਮ ਇਹ ਕੰਮ ਸੁਲਭ ਕੰਪਨੀ ਕੋਲੋਂ ਕਰਵਾਉਣ ਜਾ ਰਿਹਾ ਹੈ, ਜਿਸ ਨੇ ਪਹਿਲਾਂ ਵੀ ਸ਼ਹਿਰ ਵਿਚ ਜਨਤਕ ਪਖਾਨੇ ਬਣਾ ਕੇ ਉਨ੍ਹਾਂ ਨੂੰ ਮੇਨਟੇਨ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ।
ਐੱਫ. ਐਂਡ ਸੀ. ਸੀ. ਮੀਟਿੰਗ ਦੌਰਾਨ ਬਿਨ ਲੱਗੇ 100 ਰੇਹੜੇ ਖਰੀਦਣ, 120 ਫੁੱਟ ਰੋਡ, ਜੇ. ਪੀ. ਨਗਰ ਅਤੇ ਸੂਰਿਆ ਐਨਕਲੇਵ ਇਲਾਕਿਆਂ 'ਚ ਸੁਪਰਸਕਸ਼ਨ ਮਸ਼ੀਨਾਂ ਨਾਲ ਸੀਵਰ ਲਾਈਨਾਂ ਦੀ ਸਫਾਈ, ਟਿਊਬਵੈੱਲ ਲਾਉਣ ਅਤੇ ਮੇਨਟੇਨ ਕਰਨ ਅਤੇ ਠੇਕੇ 'ਤੇ ਨਿਗਮ ਸਟਾਫ ਰੱਖਣ ਦੀਆਂ ਤਜਵੀਜ਼ਾਂ ਤੋਂ ਇਲਾਵਾ ਸਵੱਛ ਭਾਰਤ ਮਿਸ਼ਨ ਸਬੰਧੀ ਪ੍ਰਚਾਰ ਸਮੱਗਰੀ ਖਰੀਦਣ ਦੇ ਪ੍ਰਸਤਾਵ ਵੀ ਆ ਰਹੇ ਹਨ, ਜਿਸ ਦਾ ਏਜੰਡਾ ਜਾਰੀ ਕਰ ਦਿੱਤਾ ਗਿਆ ਹੈ।

shivani attri

This news is Content Editor shivani attri