ਨਿਗਮ ਦੇ 507 ਡਿਫਾਲਟਰ ਨਹੀਂ ਪਾ ਸਕਣਗੇ ਵੋਟ

06/25/2019 10:37:56 AM

ਜਲੰਧਰ (ਖੁਰਾਣਾ)— ਜਲੰਧਰ ਜਿਮਖਾਨਾ ਕਲੱਬ ਦੀਆਂ 14 ਜੁਲਾਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਪੂਰੇ ਸ਼ਹਿਰ 'ਚ ਸਰਗਰਮੀਆਂ ਦਾ ਦੌਰ ਵੇਖਿਆ ਜਾ ਰਿਹਾ ਹੈ। ਜਿਮਖਾਨਾ ਕਲੱਬ ਨੂੰ ਉੱਤਰੀ ਭਾਰਤ ਦਾ ਇਕ ਵੱਡਾ ਕਲੱਬ ਹੋਣ ਦਾ ਮਾਣ ਹਾਸਲ ਹੈ, ਜਿਸ ਦੇ 4320 ਮੈਂਬਰ ਹਨ। ਕਲੱਬ ਚੋਣਾਂ ਦੀ ਗੱਲ ਕਰੀਏ ਤਾਂ ਇਕ ਇਲੈਕਸ਼ਨ ਰੂਲ ਮੁਤਾਬਕ ਉਹ ਹੀ ਮੈਂਬਰ ਆਪਣੀ ਵੋਟ ਪਾ ਸਕਦਾ ਹੈ, ਜਿਸ ਦੇ ਮਈ ਮਹੀਨੇ ਤੱਕ ਦੇ ਬਕਾਏ ਕਲੀਅਰ ਹੋਣ। ਬਕਾਏ ਕਲੀਅਰ ਕਰਨ ਦੀ ਤਰੀਕ ਬੀਤ ਜਾਣ ਤੋਂ ਬਾਅਦ ਹੁਣ ਜਿਮਖਾਨਾ ਕਲੱਬ ਮੈਨੇਜਮੈਂਟ ਨੇ 3813 ਮੈਂਬਰਾਂ ਦੀ ਉਹ ਸੂਚੀ ਨੋਟਿਸ ਬੋਰਡ 'ਤੇ ਲਾ ਦਿੱਤੀ ਹੈ, ਜਿਨ੍ਹਾਂ ਦੇ ਬਕਾਏ ਬਿਲਕੁਲ ਕਲੀਅਰ ਹਨ ਅਤੇ ਇਹ ਮੈਂਬਰ 14 ਜੁਲਾਈ ਨੂੰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ।
ਦੂਜੇ ਪਾਸੇ ਜਿਮਖਾਨਾ ਕਲੱਬ ਦੇ 507 ਮੈਂਬਰ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਬਕਾਏ ਕਲੀਅਰ ਨਹੀਂ ਕੀਤੇ ਅਤੇ ਇਹ ਡਿਫਾਲਟਰ ਕਲੱਬ ਮੈਂਬਰ ਚੋਣਾਂ ਵਿਚ ਆਪਣੀ ਵੋਟ ਨਹੀਂ ਪਾ ਸਕਣਗੇ।

ਆਪਣੇ ਬਕਾਏ ਕਲੀਅਰ ਕਰਨ ਦੀ ਆਖਰੀ ਤਰੀਕ ਬੀਤ ਜਾਣ ਤੋਂ ਬਾਅਦ ਕਲੱਬ ਰਿਕਾਰਡ 'ਚ 500 ਮੈਂਬਰ ਡਿਫਾਲਟਰ ਬਚੇ ਸਨ ਪਰ ਬਕਾਏ ਕਲੀਅਰ ਕਰਨ ਲਈ ਕਈ ਮੈਂਬਰਾਂ ਨੇ ਕਲੱਬ ਵਿਚ ਚੈੱਕ ਜਮ੍ਹਾ ਕਰਵਾਏ ਸਨ, ਜਦੋਂ ਉਹ ਚੈੱਕ ਬੈਂਕ ਵਿਚ ਲਾਏ ਗਏ ਤਾਂ ਉਨ੍ਹਾਂ 'ਚੋਂ 7 ਚੈੱਕ ਬਾਊਂਸ ਹੋ ਗਏ। ਇਸ ਤਰ੍ਹਾਂ ਹੁਣ ਡਿਫਾਲਟਰ ਜਿਮਖਾਨਾ ਮੈਂਬਰਾਂ ਦੀ ਗਿਣਤੀ 507 ਹੋ ਗਈ ਹੈ ਅਤੇ ਇਹ ਆਪਣੇ ਵੋਟਿੰਗ ਰਾਈਟ ਦਾ ਇਸਤੇਮਾਲ ਨਹੀਂ ਕਰ ਸਕਣਗੇ।

ਗਰੁੱਪਾਂ ਦੀ ਬਜਾਏ ਆਪਣੇ 'ਤੇ ਫੋਕਸ ਕਰਨ ਲੱਗੇ ਉਮੀਦਵਾਰ
ਪਿਛਲੇ ਕੁਝ ਸਮੇਂ ਤੋਂ ਜਿਮਖਾਨਾ ਕਲੱਬ 'ਚ ਇਹ ਟ੍ਰੈਂਡ ਚੱਲ ਰਿਹਾ ਹੈ ਕਿ ਜ਼ਿਆਦਾਤਰ ਉਮੀਦਵਾਰ ਆਪਣੇ-ਆਪਣੇ ਗਰੁੱਪ ਨਾਲ ਵਫਾ ਕਰਨ ਦੀ ਬਜਾਏ ਦੂਜੇ ਗਰੁੱਪ ਦੇ ਹੋਰ ਉਮੀਦਵਾਰਾਂ ਨਾਲ ਮਿਲ ਜਾਂਦੇ ਹਨ ਅਤੇ ਆਪਣੇ ਉਪਰ ਫੋਕਸ ਕਰ ਕੇ ਬਾਕੀ ਗਰੁੱਪ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਨ੍ਹਾਂ ਚੋਣਾਂ 'ਚ ਵੀ ਇਹ ਸਿਲਸਿਲਾ ਲਗਭਗ ਸ਼ੁਰੂ ਹੋ ਗਿਆ ਹੈ, ਜੋ ਐਗਜ਼ੀਕਿਊਟਿਵ ਅਹੁਦੇ ਦੇ ਉਮੀਦਵਾਰਾਂ ਵਿਚ ਜ਼ਿਆਦਾ ਦੇਖਿਆ ਜਾ ਰਿਹਾ ਹੈ। ਦੋਵਾਂ ਗਰੁੱਪਾਂ ਦੇ ਉਮੀਦਵਾਰ ਇਕ-ਦੂਜੇ ਨਾਲ ਸੰਪਰਕ ਕਰ ਕੇ ਆਪਣੇ ਲਈ ਵੀ ਵੋਟਾਂ ਮੰਗਣ ਦੀ ਡਿਮਾਂਡ ਕਰ ਰਹੇ ਹਨ। ਜਿਉਂ-ਜਿਉਂ ਕਲੱਬ ਚੋਣਾਂ 'ਚ ਗਰਮੀ ਆਵੇਗੀ, ਗਰੁੱਪ ਨੂੰ ਸਾਈਡ ਲਾਈਨ ਕਰਕੇ ਆਪਣੇ ਉੱਪਰ ਫੋਕਸ ਕਰਨ ਦਾ ਰੁਝਾਨ ਵਧਦਾ ਜਾਵੇਗਾ। ਇਸ ਮਾਮਲੇ 'ਚ ਕਲੱਬ ਵਿਚ ਸਰਗਰਮ ਪ੍ਰੈਸ਼ਰ ਗਰੁੱਪ ਵੀ ਆਪਣੀ ਭੂਮਿਕਾ ਅਜੇ ਅਦਾ ਕਰੇਗਾ।

ਥਰਡ ਫਰੰਟ ਦੀ ਦਹਿਸ਼ਤ ਬਰਕਰਾਰ, ਫਿਰ ਮਿਲੇ ਗੋਰਾ ਤੇ ਛਾਬੜਾ
ਕਲੱਬ ਚੋਣਾਂ ਭਾਵੇਂ ਅਚੀਵਰਸ ਗਰੁੱਪ ਅਤੇ ਪ੍ਰੋਗਰੈਸਿਵ ਦਰਮਿਆਨ ਲੜੀਆਂ ਜਾਣੀਆਂ ਹਨ ਪਰ ਇਨ੍ਹਾਂ ਦੋਵਾਂ ਵਿਚ ਉਭਰ ਰਹੇ ਥਰਡ ਫਰੰਟ ਨੇ ਆਪਣੀ ਦਹਿਸ਼ਤ ਕਾਇਮ ਰੱਖੀ ਹੋਈ ਹੈ। ਥਰਡ ਫਰੰਟ ਦੀਆਂ ਸੰਭਾਵਨਾਵਾਂ ਨੂੰ ਪੁਖਤਾ ਕਰਨ ਲਈ ਬੀਤੇ ਦਿਨ ਫਿਰ ਜਿਮਖਾਨਾ ਕਲੱਬ ਦੇ 2 ਸਾਬਕਾ ਸੈਕਟਰੀ ਸਤੀਸ਼ ਠਾਕੁਰ ਗੋਰਾ ਅਤੇ ਐਡਵੋਕੇਟ ਦਲਜੀਤ ਸਿੰਘ ਛਾਬੜਾ ਨੇ ਆਪਸ 'ਚ ਮੁਲਾਕਾਤ ਕੀਤੀ ਅਤੇ ਚੋਣ ਚਰਚਾ ਕੀਤੀ। ਥਰਡ ਫਰੰਟ ਅਜੇ ਦੋਵਾਂ ਗਰੁੱਪਾਂ ਬਾਰੇ ਫੀਡਬੈਕ ਲੈ ਰਿਹਾ ਹੈ ਅਤੇ ਜਲਦੀ ਹੀ ਆਪਣਾ ਐਲਾਨ ਕਰੇਗਾ। ਜਿਮਖਾਨਾ ਦੀ ਰਾਜਨੀਤੀ 'ਚ ਗੋਰਾ ਠਾਕੁਰ ਅਤੇ ਦਲਜੀਤ ਸਿੰਘ ਛਾਬੜਾ ਨੂੰ ਰਿਵਾਇਤੀ ਵਿਰੋਧੀ ਮੰਨਿਆ ਜਾਂਦਾ ਹੈ ਪਰ ਇਨ੍ਹਾਂ ਦੋਵਾਂ 'ਚ ਹੋਈਆਂ 2 ਮੁਲਾਕਾਤਾਂ ਕਈ ਸੰਕੇਤ ਦੇ ਰਹੀਆਂ ਹਨ।

shivani attri

This news is Content Editor shivani attri