ਕਈ ਦਿਨਾਂ ਦੀ ਛੁੱਟੀ ਤੋਂ ਬਾਅਦ ਸੂਰਜ ਨੇ ਦਿਖਾਇਆ ਚਿਹਰਾ

12/22/2019 2:12:13 PM

ਜਲੰਧਰ (ਜ. ਬ.)— ਜਲੰਧਰ 'ਚ ਧੁੰਦ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਸੀਤ ਲਹਿਰ ਦਾ ਦਿਨੋ-ਦਿਨ ਕਹਿਰ ਵੱਧ ਰਿਹਾ ਹੈ। ਕਈ ਦਿਨਾਂ ਦੀ ਛੁੱਟੀ ਤੋਂ ਬਾਅਦ ਬੀਤੇ ਦਿਨ ਸੂਰਜ ਦੇਵਤਾ ਨੇ ਲੋਕਾਂ ਨੂੰ ਆਪਣੀ ਮੌਜੂਦਗੀ ਅਤੇ ਗਰਮਾਹਟ ਦਾ ਅਹਿਸਾਸ ਦਿੱਤਾ ਅਤੇ ਉਥੇ ਹੀ ਲੋਕਾਂ ਨੇ ਖੁੱਲ੍ਹੇ 'ਚ ਕੱਪੜੇ ਸੁਕਾ ਕੇ ਧੁੱਪ ਸੇਕ ਕੇ ਸਵਾਗਤ ਕੀਤਾ। ਉਥੇ ਹੀ ਸੈਰ ਕਰਨ ਵਾਲੇ ਬਜ਼ੁਰਗਾਂ ਅਤੇ ਔਰਤਾਂ ਦੀ ਗਿਣਤੀ ਹੋਰ ਦਿਨਾਂ ਦੇ ਮੁਕਾਬਲੇ ਜ਼ਿਆਦਾ ਦੇਖਣ ਨੂੰ ਮਿਲੀ।

ਸਵੇਰ ਦੇ ਸਮੇਂ 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਠੰਡੀਆਂ ਹਵਾਵਾਂ ਦੁਪਹਿਰ ਨੂੰ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਗਈਆਂ । ਹਵਾ ਦੀ ਇਹ ਗਤੀ ਸ਼ਾਮ ਤੱਕ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੱਕ ਪਹੁੰਚ ਗਈ ਸੀ। ਜਲੰਧਰ 'ਚ ਘੱਟੋ-ਘੱਟ ਤਾਪਮਾਨ 7.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 17 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 25 ਦਸੰਬਰ ਤੱਕ ਸਵੇਰ ਅਤੇ ਰਾਤ ਦੇ ਸਮੇਂ ਧੁੰਦ ਦੇ ਕਹਿਰ ਵਧਣ ਦੀ ਸੰਭਾਵਨਾ ਬਣੀ ਰਹੇਗੀ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ 1 ਤੋਂ 3 ਡਿਗਰੀ ਸੈਲਸੀਅਸ ਤੱਕ ਉਤਾਰ ਚੜ੍ਹਾਅ ਆ ਸਕਦਾ ਹੈ। 22 ਦਸੰਬਰ ਨੂੰ ਘੱਟੋ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਅਤੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 16 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। 23 ਦਸੰਬਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਆਉਣ ਵਾਲੇ 4 ਦਿਨਾਂ ਦੇ ਦੌਰਾਨ ਘੱਟੋ-ਘੱਟ ਤਾਪਮਾਨ 5 ਤੋਂ 3 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਕੀਤੀ ਗਈ ਹੈ।

shivani attri

This news is Content Editor shivani attri