ਜਲੰਧਰ ਸਿਵਲ ਹਸਪਤਾਲ ''ਚ ਮਾੜੀ ਵਿਵਸਥਾ ਕਾਰਨ ਸਿਹਤਮੰਦ ਲੋਕ ਵੀ ਹੋ ਜਾਂਦੇ ਹਨ ਬੀਮਾਰ

02/06/2020 6:16:04 PM

ਜਲੰਧਰ (ਸ਼ੋਰੀ)— ਜਲੰਧਰ ਦੇ ਸਿਵਲ ਹਸਪਤਾਲ ਦੇ ਅਧਿਕਾਰੀ ਸ਼ਾਇਦ ਇਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾ ਸਕਣ, ਇਸ ਕਾਰਨ ਸਿਵਲ ਹਸਪਤਾਲ 'ਚ ਗੰਦਗੀ ਦਾ ਆਲਮ ਹੈ। ਮਾੜੀ ਵਿਵਸਥਾ ਕਾਰਨ ਤੰਦਰੁਸਤ ਲੋਕ ਵੀ ਬੀਮਾਰ ਹੋ ਰਹੇ ਹਨ।

ਪੰਜਾਬ ਦੀ ਗੱਲ ਕਰੀਏ ਤਾਂ ਇਥੇ ਸਰਕਾਰ ਦੀ ਅਣਦੇਖੀ ਕਾਰਨ ਸਿਵਲ ਹਸਪਤਾਲ ਦੇ ਅਧਿਕਾਰੀ ਕੁੰਭਕਰਣੀ ਨੀਂਦ ਸੌਂ ਰਹੇ ਹਨ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਨਹੀਂ ਮਿਲ ਰਹੀਆਂ ਹਨ। ਹਸਪਤਾਲ ਦੇ ਜੱਚਾ-ਬੱਚਾ ਹਸਪਤਾਲ 'ਚ ਗੰਦਗੀ ਅਤੇ ਕਮਿਸ਼ਨਖੋਰੀ ਤੋਂ ਬਾਅਦ ਮਰੀਜ਼ਾਂ ਦੇ ਬਾਹਰੀ ਲੈਬਾਂ ਤੋਂ ਟੈਸਟ ਦੀ ਗੱਲ ਵੀ ਸਾਹਮਣੇ ਆ ਚੁੱਕੀ ਹੈ। ਹੁਣ ਹਸਪਤਾਲ ਦੇ ਅਧਿਕਾਰੀਆਂ ਦੀ ਸਭ ਤੋਂ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ ਅਤੇ ਇਸ ਵਾਰ ਤਾਂ ਅਧਿਕਾਰੀਆਂ ਨੇ ਲਾਪ੍ਰਵਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਹਸਪਤਾਲ 'ਚ ਟੀ. ਬੀ. ਨਾਲ ਪੀੜਤ ਮਰੀਜ਼ਾਂ ਲਈ ਸਪੈਸ਼ਲ ਵੱਖਰਾ ਵਾਰਡ ਹੁੰਦਾ ਸੀ, ਜੋ ਕਿ ਬਾਅਦ 'ਚ ਬਦਲ ਦਿੱਤਾ ਗਿਆ। ਇਸ ਤੋਂ ਬਾਅਦ ਟੀ. ਬੀ. ਦੇ ਮਰੀਜ਼ਾਂ ਨੂੰ ਦੂਜੇ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ। ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਹਸਪਤਾਲ ਦੀ ਦੂਜੀ ਮੰਜ਼ਿਲ ਸਥਿਤ ਮੇਲ ਸਰਜੀਕਲ ਵਾਰਡ ਹੈ ਅਤੇ ਉਹ ਕੈਦੀ ਵਾਰਡ ਵੀ ਹੈ। ਉਕਤ ਵਾਰਡ 'ਚ ਟੀ. ਬੀ. ਦੇ ਮਰੀਜ਼ਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਟੀ. ਬੀ. ਮਰੀਜ਼ਾਂ ਨੂੰ ਵੱਖਰੇ ਵਾਰਡ 'ਚ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਦੂਜੇ ਮਰੀਜ਼ਾਂ ਨੂੰ ਇਨਫੈਕਸ਼ਨ ਨਾ ਹੋ ਸਕੇ। ਕੁੱਟ-ਮਾਰ 'ਚ ਜ਼ਖ਼ਮੀ ਲੋਕ ਮੇਲ ਸਰਜੀਕਲ ਵਾਰਡ 'ਚ ਦਾਖਲ ਹਨ ਅਤੇ ਜੇਲ ਤੋਂ ਬੀਮਾਰ ਲੋਕ ਵੀ ਕੈਦੀ ਵਾਰਡ 'ਚ ਇਲਾਜ ਅਧੀਨ ਹਨ। ਇਸ ਦੇ ਬਾਵਜੂਦ ਟੀ. ਬੀ. ਨਾਲ ਪੀੜਤ ਮਰੀਜ਼ਾਂ ਨੂੰ ਇਕ ਹੀ ਵਾਰਡ 'ਚ ਕਿਉਂ ਦਾਖਲ ਕੀਤਾ ਜਾ ਰਿਹਾ ਹੈ?

ਮਰੀਜ਼ਾਂ ਨੂੰ ਮਾਸਕ ਤੱਕ ਨਹੀਂ ਮਿਲਦੇ
ਟੀ. ਬੀ. ਦੇ ਮਰੀਜ਼ਾਂ ਨੂੰ ਵੀ ਹਸਪਤਾਲ 'ਚ ਮਾਸਕ ਨਹੀਂ ਮਿਲ ਰਹੇ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਕੱਪੜੇ ਨਾਲ ਮੂੰਹ ਢਕਣ ਨੂੰ ਮਜਬੂਰ ਹਨ। ਇਕ ਮਰੀਜ਼ ਨੇ ਦੱਸਿਆ ਕਿ ਬਾਹਰੋਂ ਮਾਸਕ ਖਰੀਦਣਾ ਪੈਂਦਾ ਹੈ। ਹਾਲਾਂਕਿ ਸਰਕਾਰ ਹਸਪਤਾਲ ਨੂੰ ਗਰਾਂਟ ਦੇ ਰਹੀ ਹੈ।

ਐੱਮ. ਐੱਸ. ਨਹੀਂ ਰਹਿਣਾ ਚਾਹੁੰਦੀ ਇਥੇ
ਉਥੇ ਹੀ ਹਸਪਤਾਲ ਦੇ ਡਾਕਟਰਾਂ 'ਚ ਇਹ ਚਰਚਾ ਸੁਣਨ ਨੂੰ ਮਿਲ ਰਹੀ ਹੈ ਕਿ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਡਾ. ਮਨਦੀਪ ਕੌਰ ਸਿਵਲ ਹਸਪਤਾਲ 'ਚ ਮੈਡੀਕਲ ਸੁਪਰਡੈਂਟ ਦੀ ਪੋਸਟ 'ਤੇ ਨਹੀਂ ਰਹਿਣਾ ਚਾਹੁੰਦੀ ਕਿਉਂਕਿ ਉਹ ਚਾਹੁੰਦੀ ਹੈ ਕਿ ਉਹ ਸਿਵਲ ਸਰਜਨ ਦੇ ਅਹੁਦੇ 'ਤੇ ਤਾੲਿਨਾਤ ਹੋ ਸਕੇ। ਇਸ ਲਈ ਉਹ ਛੁੱਟੀਆਂ 'ਤੇ ਜ਼ਿਆਦਾ ਰਹਿ ਰਹੀ ਹੈ, ਇਸ ਦੇ ਨਾਲ ਉਹ ਵਾਰਡਾਂ ਦੀ ਚੈਕਿੰਗ ਵੀ ਨਹੀਂ ਕਰਦੀ ਅਤੇ ਹਸਪਤਾਲ 'ਚ ਸਮਾਜ ਸੇਵੀ ਸੰਸਥਾਵਾਂ ਹੀ ਸੁਧਾਰ ਲਿਆ ਰਹੀਆਂ ਹਨ। ਹੁਣ ਗੱਲ ਸੱਚ ਹੈ ਜਾਂ ਝੂਠ, ਇਹ ਤਾਂ ਮੈਡੀਕਲ ਸੁਪਰਡੈਂਟ ਦੀ ਦੱਸ ਸਕਦੀ ਹੈ। ਉਥੇ ਹੀ ਇਸ ਸਬੰਧ 'ਚ ਉਨ੍ਹਾਂ ਨੂੰ ਲਗਾਤਾਰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।

shivani attri

This news is Content Editor shivani attri