ਹਨੇਰੇ ''ਚ ਰਹਿੰਦੇ ਨੇ ਵਾਰਡ, ਸਟਾਫ ਗੰਦੇ ਪਾਣੀ ਕੋਲ ਬੈਠਣ ਨੂੰ ਮਜਬੂਰ

12/16/2019 11:54:38 AM

ਜਲੰਧਰ (ਅਮਿਤ ਸ਼ੋਰੀ)— ਸਿਵਲ ਹਸਪਤਾਲ 'ਚ ਕਈ ਮੈਡੀਕਲ ਸੁਪਰਡੈਂਟ ਆਏ ਅਤੇ ਕਈ ਚਲੇ ਗਏ ਪਰ ਹਸਪਤਾਲ ਦੇ ਅਜਿਹੇ ਹਾਲਾਤ ਸ਼ਾਇਦ ਹੀ ਕਦੇ ਦੇਖਣ ਨੂੰ ਮਿਲੇ ਹੋਣਗੇ। ਹਸਪਤਾਲ ਦਾ ਸ਼ਾਇਦ ਹੀ ਕੋਈ ਅਜਿਹਾ ਵਾਰਡ ਹੋਵੇ ਜਿੱਥੇ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਹਸਪਤਾਲ ਦੇ ਹੱਡੀਆਂ ਵਾਲੇ ਵਾਰਡ ਦਾ ਦੌਰਾ ਕਰਕੇ ਹੀ ਪਤਾ ਲੱਗ ਜਾਂਦਾ ਹੈ ਕਿ ਵਾਰਡ ਦੇ ਕੀ ਹਾਲਾਤ ਹਨ। ਵਾਰਡ ਦੇ ਗਰਾਊਂਡ ਫਲੋਰ 'ਤੇ ਲੱਗੀਆਂ ਟਿਊਬ ਲਾਈਟਾਂ ਮੱਕੜੀ ਦੇ ਜਾਲਿਆਂ ਨਾਲ ਭਰੀਆਂ ਪਈਆਂ ਹਨ, ਵਾਰਡ 'ਚ ਇੰਨਾ ਹਨੇਰਾ ਹੈ ਕਿ ਸ਼ਾਮ ਢਲਦੇ ਹੀ ਲੋਕਾਂ ਨੂੰ ਆਪਣੇ ਮੋਬਾਇਲ ਦੀ ਲਾਈਟ ਜਗਾ ਕੇ ਵਾਰਡ ਦੇ ਅੰਦਰ ਜਾਂ ਬਾਹਰ ਨਿਕਲਣਾ ਪੈਂਦਾ ਹੈ।

ਇਕ ਸਟਾਫ ਮੈਂਬਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਰਾਰਤੀ ਲੋਕ ਹਨੇਰੇ ਦਾ ਫਾਇਦਾ ਉਠਾ ਕੇ ਨਰਸਿੰਗ ਦੀਆਂ ਵਿਦਿਆਰਥਣਾਂ ਨਾਲ ਛੇੜਖਾਨੀ ਵੀ ਕਰਦੇ ਹਨ। ਕਈ ਵਾਰ ਮੈਡੀਕਲ ਸੁਪਰਡੈਂਟ ਆਫਿਸ ਵਿਚ ਕਿਹਾ ਕਿ ਲਾਈਟਾਂ ਲਗਵਾ ਦਿਓ ਪਰ ਕੋਈ ਸੁਣਵਾਈ ਨਹੀਂ ਹੋਈ। ਵੋਟ ਬੈਂਕ ਨੂੰ ਪੱਕਾ ਕਰਨ ਲਈ ਅਕਾਲੀ-ਭਾਜਪਾ ਸਰਕਾਰ ਨੇ ਕੁਝ ਸਾਲ ਪਹਿਲਾਂ ਹੀ ਹਸਪਤਾਲ ਵਿਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਲਈ ਫ੍ਰੀ ਇਲਾਜ ਦੇ ਆਦੇਸ਼ ਜਾਰੀ ਕੀਤੇ ਸੀ, ਜਿਸ ਦੇ ਬਾਅਦ ਤੋਂ ਹੀ ਹਸਪਤਾਲ ਦਾ ਆਪਣਾ ਖਜ਼ਾਨਾ ਖਾਲੀ ਹੋਣ ਲੱਗਾ।

ਲੀਕੇਜ ਕਾਰਨ ਜ਼ਖਮੀ ਹੋ ਰਹੇ ਲੋਕ
ਹੱਡੀਆਂ ਵਾਲੇ ਵਾਰਡ ਦੀ ਬਿਲਡਿੰਗ ਤੋਂ ਪਾਈਪ ਲੀਕੇਜ ਦੇ ਕਾਰਣ ਗਰਾਊਂਡ ਫਲੋਰ 'ਤੇ ਟੀ. ਬੀ. ਵਾਰਡ ਕੋਲ ਗੰਦਾ ਪਾਣੀ ਜਮ੍ਹਾ ਹੋ ਰਿਹਾ ਹੈ, ਜਿਸ ਕਾਰਣ ਫਰਸ਼ ਵਿਚ ਤਿਲਕਣ ਹੋਣ ਕਾਰਣ ਲੋਕ ਡਿੱਗ ਕੇ ਜ਼ਖਮੀ ਹੋ ਰਹੇ ਹਨ। ਹਸਪਤਾਲ ਵਿਚ ਮਰੀਜ਼ਾਂ ਨੂੰ ਤਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਹੀ ਰਿਹਾ ਹੈ, ਨਾਲ ਹੀ ਹਸਪਤਾਲ ਵਿਚ ਤਾਇਨਾਤ ਸਟਾਫ ਵੀ ਪ੍ਰੇਸ਼ਾਨ ਹੈ। ਪਾਣੀ ਲੀਕੇਜ ਦੇ ਕਾਰਣ ਹੱਡੀਆਂ ਵਾਲੇ ਵਾਰਡ ਵਿਚ ਸਟਾਫ ਰੂਮ ਕੋਲ ਵੀ ਪਾਣੀ ਜਮ੍ਹਾ ਹੋ ਰਿਹਾ ਹੈ ਅਤੇ ਬਦਬੂ ਨਾਲ ਸਟਾਫ ਵੀ ਪ੍ਰੇਸ਼ਾਨ ਹੈ। ਕਈ ਦਿਨਾਂ ਤੋਂ ਇਹ ਸਮੱਸਿਆ ਬਰਕਰਾਰ ਹੈ ਪਰ ਕੋਈ ਸੁਣਵਾਈ ਨਹੀਂ ਹੈ।

ਗਰਮੀ 'ਚ ਹਵਾ ਨੂੰ ਤਰਸੇ, ਸਰਦੀ 'ਚ ਠੰਡ ਨਾਲ ਠਰੇ
ਸਿਵਲ ਹਸਪਤਾਲ ਦੇ ਹੱਡੀਆਂ ਵਾਲੇ ਵਾਰਡ 'ਚ ਇਲਾਜ ਅਧੀਨ ਮਰੀਜ਼ ਗਰਮੀ ਵਿਚ ਹਵਾ ਨੂੰ ਤਰਸਦੇ ਰਹੇ ਅਤੇ ਸਰਦੀ ਵਿਚ ਠੰਡ ਨਾਲ ਠਰ ਰਹੇ ਹਨ ਕਿਉਂਕਿ ਗਰਮੀਆਂ ਵਿਚ ਵਾਰਡ ਵਿਚ ਪੱਖਿਆਂ ਦੀ ਹਵਾ ਨਹੀਂ ਮਿਲਦੀ ਅਤੇ ਹੁਣ ਸਰਦੀਆਂ ਵਿਚ ਹਸਪਤਾਲ ਪ੍ਰਸ਼ਾਸਨ ਵਲੋਂ ਖਿੜਕੀਆਂ 'ਤੇ ਪਰਦੇ ਤਕ ਨਹੀਂ ਲਾਏ ਗਏ ਅਤੇ ਸ਼ੀਸ਼ੇ ਟੁੱਟੇ ਹੋਣ ਕਾਰਣ ਠੰਡੀ ਹਵਾ ਸਿੱਧੀ ਵਾਰਡ ਵਿਚ ਆਉਂਦੀ ਹੈ। ਹਾਲਾਂਕਿ ਲੋਕਾਂ ਵਲੋਂ ਖਿੜਕੀਆਂ ਦੇ ਟੁੱਟੇ ਸ਼ੀਸ਼ਿਆਂ ਵਾਲੀ ਜਗ੍ਹਾ ਨੂੰ ਗੱਤਿਆਂ ਨਾਲ ਢੱਕ ਕੇ ਹਵਾ ਰੋਕਣ ਦਾ ਜਗਾੜ ਕੀਤਾ ਗਿਆ ਹੈ। ਮਰੀਜ਼ਾਂ ਨੂੰ ਹਸਪਤਾਲ ਸਟਾਫ ਵਲੋਂ ਗਰਮ ਕੰਬਲ ਵੀ ਨਹੀਂ ਦਿੱਤੇ ਗਏ ਹਨ। ਲੋਕ ਆਪਣੇ ਘਰਾਂ ਤੋਂ ਕੰਬਲ ਲਿਆਉਣ ਲਈ ਮਜਬੂਰ ਹੋ ਰਹੇ ਹਨ।

ਮਰੀਜ਼ ਵੀ ਸਮਝਣ ਆਪਣੀ ਜ਼ਿੰਮੇਵਾਰੀ
ਹਸਪਤਾਲ ਪ੍ਰਸ਼ਾਸਨ ਤਾਂ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਨਾਕਾਮ ਸਾਬਤ ਹੋ ਚੁੱਕਾ ਹੈ ਪਰ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਕਰੋੜਾਂ ਦੀ ਲਾਗਤ ਨਾਲ ਬਣੇ ਜੱਚਾ-ਬੱਚਾ ਹਸਪਤਾਲ ਦੀ ਬਿਲਡਿੰਗ ਦੀਆਂ ਖਿੜਕੀਆਂ ਵਿਚੋਂ ਮਰੀਜ਼ਾਂ ਵਲੋਂ ਕਾਫੀ ਸਮੇਂ ਤੋਂ ਕੂੜਾ ਬਾਹਰ ਸੁੱਟਿਆ ਜਾ ਰਿਹਾ ਹੈ, ਜਿਸ ਕਾਰਣ ਉਥੇ ਕੂੜੇ ਦਾ ਡੰਪ ਲੱਗ ਚੁੱਕਾ ਹੈ, ਜਿਸ ਨਾਲ ਬਦਬੂ ਫੈਲ ਰਹੀ ਹੈ। ਹਸਪਤਾਲ ਪ੍ਰਸ਼ਾਸਨ ਵੀ ਇਸ ਕੂੜੇ ਦੇ ਡੰਪ ਨੂੰ ਚੁੱਕਣ ਵਿਚ ਫੇਲ ਸਾਬਤ ਹੋ ਚੁੱਕਾ ਹੈ। ਹਸਪਤਾਲ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਗੰਦਗੀ ਨਾ ਫੈਲਾਉਣ ਅਤੇ ਕੂੜੇ ਨੂੰ ਡਸਟਬਿਨ ਵਿਚ ਹੀ ਪਾਉਣ।

shivani attri

This news is Content Editor shivani attri