ਸਿਵਲ ਹਸਪਤਾਲ ''ਚ ਸ਼ੁਰੂ ਹੋਏ ਥੈਲੇਸੀਮੀਆ ਦੇ ਫ੍ਰੀ ਟੈਸਟ

09/18/2019 2:26:12 PM

ਜਲੰਧਰ— ਥੈਲੇਸੀਮੀਆ ਤੋਂ ਬਚਾਅ ਲਈ ਹਸਪਤਾਲ 'ਚ ਇਲੈਕਟਰੋਫੋਰੈਸਿਸ ਮਸ਼ੀਨ ਇੰਸਟਾਲ ਕੀਤੀ ਗਈ ਹੈ। ਹੁਣ ਪ੍ਰੈੱਗਨੈਂਸੀ ਦੌਰਾਨ ਹੀ ਗਰਭਵਤੀ ਔਰਤਾਂ ਦਾ ਬਲੱਡ ਟੈਸਟ ਕਰਕੇ ਪਤਾ ਲੱਗ ਸਕੇਗਾ ਕਿ ਗਰਭ 'ਚ ਬੱਚਾ ਥੈਲੇਸੀਮੀਆ ਨਾਲ ਪੀੜਤ ਹੋਵੇਗਾ ਜਾਂ ਨਹੀਂ? ਡਾ. ਸਤਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਦਿਨ 20 ਬਲੱਡ ਟੈਸਟ ਕੀਤੇ ਗਏ। ਪ੍ਰਾਈਵੇਟ ਲੈਬ 'ਚ ਟੈਸਟ ਕਰਵਾਉਣ 'ਤੇ ਕਰੀਬ 1500 ਰੁਪਏ ਖਰਚ ਹੁੰਦੇ ਹਨ। ਸਿਵਲ 'ਚ ਫ੍ਰੀ ਟੈਸਟ ਕੀਤਾ ਜਾਵੇਗਾ। ਮੈਡੀਕਲ ਸੁਪਰਡੈਂਟ ਡਾ. ਮਨਦੀਪ ਕੌਰ ਮਾਂਗਟ ਨੇ ਕਿਹਾ ਕਿ ਪੰਜਾਬ 'ਚ ਹਰ ਸਾਲ 1500 ਤੋਂ ਵਧ ਥੈਲੇਸੀਮੀਆ ਬੱਚੇ ਪੈਦਾ ਹੋ ਰਹੇ ਹਨ। ਜ਼ਿਲੇ ਦੀ ਗੱਲ ਕੀਤੀ ਜਾਵੇ ਤਾਂ 200 ਤੋਂ ਵਧ ਬੱਚੇ ਥੈਲੇਸੀਮੀਆ ਨਾਲ ਪੀੜਤ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਮਾਈਨਰ ਥੈਲੇਸੀਮਿਕ ਆਮ ਜੀਵਨ ਜਿਊਂਦੇ ਹਨ। ਜੇਕਰ ਉਹ ਜਾਂਚ ਨਾ ਕਰਵਾਉਣ ਤਾਂ ਪਤਾ ਨਹੀਂ ਚੱਲੇਗਾ ਕਿ ਮਾਈਨਰ ਥੈਲੇਸੀਮਿਕ ਹੈ। ਮਾਈਨਰ ਥੈਲੇਸੀਮਿਕ ਆਪਸ 'ਚ ਵਿਆਹ ਕਰਦੇ ਹਨ ਤਾਂ ਬੱਚਿਆਂ ਨੂੰ ਰੋਗ ਜ਼ਰੂਰ ਹੋਵੇਗਾ। ਦਿ ਬਲੱਡ ਐਸੋਸੀਏਸ਼ਨ ਦੇ ਪ੍ਰੈਸੀਡੈਂਟ ਵਰਦਾਨ ਚੱਢਾ ਦਾ ਕਹਿਣਾ ਹੈ ਕਿ ਉਹ ਮਿਸ਼ਨ 2020 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਪੰਜਾਬ 'ਚ ਰੋਕੋ ਥੈਲੇਸੀਮੀਆ ਪ੍ਰਾਜੈਕਟ 'ਤੇ ਕੰਮ ਕੀਤਾ ਜਾ ਰਿਹਾ ਹੈ। ਪਹਿਲੇ ਦੀ ਤੁਲਨਾ 'ਚ ਥੈਲੇਸੀਮੀਆ ਦੇ ਮਰੀਜ਼ਾਂ 'ਚ ਜਾਗਰੂਕਤਾ ਵੱਧਣ ਨਾਲ ਕਾਫੀ ਲਾਭ ਹੋਇਆ ਹੈ।

shivani attri

This news is Content Editor shivani attri