ਦੁਕਾਨਦਾਰਾਂ ਨੇ ਖੁਦ ਹੀ ਵਿਗਾੜੀ ਅਟਾਰੀ ਬਾਜ਼ਾਰ ਦੀ ਸ਼ਕਲ

09/30/2019 1:46:50 PM

ਜਲੰਧਰ (ਖੁਰਾਣਾ)— ਜ਼ਿਆਦਾਤਰ ਲੋਕ ਸਰਕਾਰੀ ਸਿਸਟਮ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਹਨ ਅਤੇ ਸਰਕਾਰਾਂ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਉਂਦੇ ਹਨ। ਜਦੋਂ ਇਹੀ ਲੋਕ ਸਿਸਟਮ ਦੀ ਐਸੀ ਦੀ ਤੈਸੀ ਕਰਦੇ ਹਨ ਤਾਂ ਨਾ ਸਿਰਫ ਆਪਣੇ ਲਈ ਸਗੋਂ ਦੂਸਰਿਆਂ ਲਈ ਵੀ ਸਮੱਸਿਆਵਾਂ ਦਾ ਕਾਰਨ ਬਣਦੇ ਹਨ। ਕੁਝ ਅਜਿਹਾ ਹੀ ਹਾਲ ਸ਼ਹਿਰ ਦੇ ਹੋਲਸੇਲ ਇਲਾਕੇ ਅਟਾਰੀ ਬਾਜ਼ਾਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦਾ ਹੈ, ਜਿਸ ਦੀ ਸ਼ਕਲ ਵਿਗਾੜ ਕੇ ਰੱਖ ਦਿੱਤੀ ਹੈ, ਜਿਸ ਕਾਰਨ ਲੋਕ ਹੁਣ ਅੰਦਰੂਨੀ ਬਾਜ਼ਾਰਾਂ 'ਚ ਜਾਣ ਦੀ ਬਜਾਏ ਜਾਂ ਤਾਂ ਆਨਲਾਈਨ ਜਾਂ ਮਾਲਜ਼ ਆਦਿ 'ਚ ਸ਼ਾਪਿੰਗ ਲਈ ਜਾਣ ਲੱਗੇ ਹਨ।
ਅਜਿਹੇ ਦੁਕਾਨਦਾਰਾਂ 'ਚ ਜ਼ਿਆਦਾਤਰ ਉਹ ਹਨ, ਜਿਨ੍ਹਾਂ ਨੇ ਆਪਣੀਆਂ-ਆਪਣੀਆਂ ਦੁਕਾਨਾਂ ਦੇ ਅੱਗੇ ਪਹਿਲਾਂ ਤਿੰਨ ਫੁੱਟ ਥੜ੍ਹਾ ਵਧਾਇਆ, ਫਿਰ ਕੁਝ ਸਾਲ ਬਾਅਦ ਉਸ ਥੜ੍ਹੇ 'ਤੇ ਸ਼ਟਰ ਵਧਾ ਲਿਆ ਅਤੇ ਹੁਣ ਸਾਹਮਣੇ ਪੈਂਦੀ ਸਰਕਾਰੀ ਸੜਕ 'ਤੇ ਆਪਣੀ ਦੁਕਾਨ ਦਾ ਸਾਰਾ ਸਾਮਾਨ ਰੱਖ ਕੇ ਲੋਕਾਂ ਦੇ ਆਉਣ-ਜਾਣ ਦੇ ਰਸਤੇ ਤਕ ਬੰਦ ਕਰ ਦਿੱਤੇ। ਕੁਝ ਦੁਕਾਨਦਾਰ ਇੰਨੇ ਬੇਸ਼ਰਮ ਹੁੰਦੇ ਹਨ ਕਿ ਅੱਧੀ ਦੁਕਾਨ ਦਾ ਸਾਮਾਨ ਸੜਕ 'ਤੇ ਰੱਖਣ ਤੋਂ ਬਾਅਦ ਹੋਲਸੇਲ 'ਚ ਆਈਆਂ ਦੋ-ਚਾਰ ਬੋਰੀਆਂ ਵੀ ਬਾਹਰ ਰੱਖ ਦਿੰਦੇ ਹਨ ਅਤੇ ਉਨ੍ਹਾਂ ਅੱਗੇ ਆਪਣਾ ਸਕੂਟਰ ਲਾ ਦਿੰਦੇ ਹਨ, ਜਿਸ ਕਾਰਨ 10 ਫੁੱਟ ਚੌੜੀ ਸੜਕ 2-4 ਫੁੱਟ ਰਹਿ ਜਾਂਦੀ ਹੈ।

ਇਕ ਸਾਲ ਤੋਂ ਤਹਿਬਾਜ਼ਾਰੀ ਟੀਮ ਅਟਾਰੀ ਬਾਜ਼ਾਰ ਨਹੀਂ ਗਈ
ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਦਾ ਫਰਜ਼ ਬਣਦਾ ਹੈ ਕਿ ਉਹ ਦੁਕਾਨਦਾਰਾਂ ਨੂੰ ਸੜਕਾਂ 'ਤੇ ਸਾਮਾਨ ਲਾਉਣ ਤੋਂ ਰੋਕੇ ਪਰ ਤਹਿਬਾਜ਼ਾਰੀ ਦੇ ਮੁਲਾਜ਼ਮ ਜਿੰਨਾ ਧਿਆਨ ਆਪਣੀ ਪ੍ਰਾਈਵੇਟ ਵਸੂਲੀ 'ਤੇ ਦਿੰਦੇ ਹਨ, ਓਨਾ ਖਿਆਲ ਸੜਕਾਂ 'ਤੇ ਹੋਏ ਕਬਜ਼ਿਆਂ ਦਾ ਨਹੀਂ ਰੱਖਦੇ, ਜਿਸ ਕਾਰਨ ਸ਼ਹਿਰ ਅਤੇ ਅੰਦਰੂਨੀ ਬਾਜ਼ਾਰਾਂ ਦਾ ਸਾਰਾ ਸਿਸਟਮ ਤਹਿਸ-ਨਹਿਸ ਹੋ ਚੁੱਕਾ ਹੈ। ਪਿਛਲੇ ਕਰੀਬ ਇਕ ਸਾਲ ਤੋਂ ਤਹਿਬਾਜ਼ਾਰੀ ਦੀ ਟੀਮ ਕਦੇ ਵੀ ਅਟਾਰੀ ਬਾਜ਼ਾਰ ਅਤੇ ਆਲੇ-ਦੁਆਲੇ ਦੇ ਖੇਤਰ 'ਚ ਨਹੀਂ ਗਈ। ਇਸ ਖੇਤਰ ਦਾ ਤਹਿਬਾਜ਼ਾਰੀ ਕੁਲੈਕਟਰ ਅਤੇ ਹੋਰ ਸਟਾਫ ਸਾਰਾ ਦਿਨ ਕੀ ਕਰਦੇ ਰਹਿੰਦੇ ਹਨ, ਇਸ ਬਾਰੇ ਕੋਈ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਨਹੀਂ ਕਰਦਾ। ਇਹੀ ਕਾਰਨ ਹੈ ਕਿ ਦੁਕਾਨਦਾਰ ਆਪਣੀ ਮਨਮਰਜ਼ੀ 'ਤੇ ਉਤਰ ਆਏ ਹਨ ਅਤੇ ਜਿੰਨਾ ਚਾਹੇ ਓਨੀ ਸੜਕ 'ਤੇ ਕਬਜ਼ਾ ਕਰ ਲੈਂਦੇ ਹਨ। ਉਨ੍ਹਾਂ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਹੈ।

ਤਿਉਹਾਰੀ ਸੀਜ਼ਨ 'ਚ ਹੈ ਸੈਂਸਟਿਵ ਖੇਤਰ
ਅਟਾਰੀ ਬਾਜ਼ਾਰ ਅਤੇ ਆਲੇ-ਦੁਆਲੇ ਦਾ ਪੂਰਾ ਖੇਤਰ ਅਜਿਹਾ ਹੈ ਜਿਥੇ ਹਰ ਰੋਜ਼ ਕਰੋੜਾਂ ਦਾ ਕਾਰੋਬਾਰ ਹੁੰਦਾ ਹੈ ਅਤੇ ਆਲੇ-ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਤੋਂ ਵੀ ਦੁਕਾਨਦਾਰ ਸਾਮਾਨ ਲੈਣ ਲਈ ਹੋਲਸੇਲਰਾਂ ਕੋਲ ਜਾਂਦੇ ਹਨ। ਇਸ ਖੇਤਰ ਦੇ ਜ਼ਿਆਦਾਤਰ ਘਰਾਂ 'ਚ ਅੰਦਰ ਹੀ ਅੰਦਰ ਇੰਨੀ ਭਾਰੀ ਗਿਣਤੀ 'ਚ ਗੋਦਾਮ ਹਨ ਕਿ ਜੇਕਰ ਕਲ ਨੂੰ ਕੋਈ ਹਾਦਸਾ ਹੁੰਦਾ ਹੈ ਤਾਂ ਕਾਫੀ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਇਹ ਪੂਰਾ ਖੇਤਰ ਸੈਂਸਟਿਵ ਜ਼ੋਨ 'ਚ ਆਉਂਦਾ ਹੈ ਪਰ ਜਲੰਧਰ ਪੁਲਸ, ਫਾਇਰ ਬ੍ਰਿਗੇਡ ਅਤੇ ਜ਼ਿਲਾ ਪ੍ਰਸ਼ਾਸਨ ਆਦਿ ਨੇ ਵੀ ਕਦੇ ਇਸ ਖੇਤਰ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਜਿਸ ਦੁਕਾਨਦਾਰ ਦਾ ਜੋ ਮਨ ਆਉਂਦਾ ਹੈ ਕਰੀ ਜਾ ਰਿਹਾ ਹੈ। ਕਈ ਦੁਕਾਨਦਾਰ ਅਜਿਹੇ ਵੀ ਹਨ ਜੋ ਆਪਣੇ ਸਾਹਮਣੇ ਪੈਂਦੀ ਸੜਕ 'ਤੇ ਸਾਮਾਨ ਬਿਲਕੁਲ ਨਹੀਂ ਰੱਖਣਾ ਚਾਹੁੰਦੇ ਪਰ ਗੁਆਂਢੀਆਂ ਨੂੰ ਦੇਖ ਕੇ ਉਨ੍ਹਾਂ ਨੂੰ ਮਜਬੂਰਨ ਸੜਕ 'ਤੇ ਕਬਜ਼ਾ ਕਰਨਾ ਪੈ ਰਿਹਾ ਹੈ। ਇਹ ਵੀ ਸਾਰਿਆਂ ਵੱਲੋਂ ਮੰਨਣਯੋਗ ਤੱਥ ਹੈ ਕਿ ਦੁਕਾਨਦਾਰਾਂ ਦੇ ਕਬਜ਼ਿਆਂ ਦੇ ਕਾਰਨ ਹੀ ਖੇਤਰ ਦਾ ਵਪਾਰ ਵੀ ਪ੍ਰਭਾਵਿਤ ਹੋ ਰਿਹਾ ਹੈ।

shivani attri

This news is Content Editor shivani attri