ਪੁਲਸ ਕਮਿਸ਼ਨਰ ਨੇ ਠੇਕੇਦਾਰ ਦੁਆਰਾ ਕਰਵਾਈ ਜਾ ਰਹੀ ਨਾਜਾਇਜ਼ ਪਾਰਕਿੰਗ ਕੀਤੀ ਬੰਦ

01/31/2020 3:25:01 PM

ਜਲੰਧਰ (ਚੋਪੜਾ) : ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਆਪਣੇ ਦਫਤਰ ਦੇ ਸਾਹਮਣੇ ਚਰਮਰਾਈ ਪਾਰਕਿੰਗ ਵਿਵਸਥਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਪ੍ਰਸ਼ਾਸਕੀ ਕੰਪਲੈਕਸ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਵਲੋਂ ਕਰਵਾਈ ਜਾ ਰਹੀ ਨਾਜਾਇਜ਼ ਪਾਰਕਿੰਗ ਨੂੰ ਬੰਦ ਕਰਵਾ ਦਿੱਤਾ ਹੈ। ਪੁਲਸ ਕਮਿਸ਼ਨਰ ਨੇ ਦਫਤਰ ਦੇ ਸਾਹਮਣੇ ਪਾਰਕਿੰਗ ਸਥਾਨ 'ਤੇ ਰੱਸੀਆਂ ਅਤੇ ਬੈਰੀਕੇਡਸ ਲਾ ਦਿੱਤੇ ਹਨ ਅਤੇ ਆਦੇਸ਼ ਜਾਰੀ ਕਰ ਦਿੱਤਾ ਹੈ ਕਿ ਉਕਤ ਸਥਾਨ 'ਤੇ ਕੇਵਲ ਸਟਾਫ ਕਰਮਚਾਰੀਆਂ ਦੇ ਹੀ ਚਾਰ ਪਹੀਆ ਵਾਹਨ ਖੜ੍ਹੇ ਹੋਣਗੇ। ਜੇਕਰ ਕਿਸੇ ਹੋਰ ਵਿਅਕਤੀ ਨੇ ਆਪਣੀ ਕਾਰ ਨੂੰ ਪਾਰਕ ਕੀਤਾ ਤਾਂ ਉਸਨੂੰ 1000 ਰੁਪਏ ਜੁਰਮਾਨਾ ਹੋਵੇਗਾ। ਇਸ ਤੋਂ ਇਲਾਵਾ ਪੁਲਸ ਕਮਿਸ਼ਨਰ ਦਫਤਰ ਨੂੰ ਜਾਣ ਵਾਲੇ ਮਾਰਗ ਦੇ ਇਕ ਸਾਈਡ 'ਚ ਦੋਪਹੀਆ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਹੈ। ਪਾਰਕਿੰਗ ਨੂੰ ਜਾਣ ਲਈ ਅਸਥਾਈ ਰਸਤਾ ਬਣਾ ਕੇ ਉਥੇ ਵੀ ਬੈਰੀਕੇਡਸ ਲਗਾ ਦਿੱਤਾ ਹੈ ਅਤੇ ਸਟਾਫ ਤੋਂ ਇਲਾਵਾ ਦੋਪਹੀਆ ਵਾਹਨ ਖੜ੍ਹੇ ਕਰਨ ਵਾਲੇ ਵਿਅਕਤੀ 'ਤੇ 500 ਰੁਪਏ ਜੁਰਮਾਨਾ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਪੁਲਸ ਕਮਿਸ਼ਨਰ ਨੇ ਪਾਰਕਿੰਗ ਦੇ ਸਥਾਨਾਂ 'ਤੇ ਪੁਲਸ ਕਰਮਚਾਰੀਆਂ ਨੂੰ ਵੀ ਸਥਾਈ ਤੌਰ 'ਤੇ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਕੋਈ ਵੀ ਵਿਅਕਤੀ ਬਿਨਾਂ ਆਗਿਆ ਆਪਣਾ ਵਾਹਨ ਪਾਰਕ ਨਾ ਕਰ ਸਕੇ।

ਜ਼ਿਕਰਯੋਗ ਹੈ ਕਿ ਡੀ. ਸੀ. ਕੰਪਲੈਕਸ ਵਿਚ ਪਾਰਕਿੰਗ ਦਾ ਠੇਕਾ ਲੈਣ ਵਾਲਾ ਠੇਕੇਦਾਰ ਅਤੇ ਕਰਿੰਦੇ ਮੁੱਖ ਅਤੇ ਹੋਰ ਗੇਟਾਂ 'ਤੇ ਖੜ੍ਹੇ ਹੋ ਕੇ ਪ੍ਰਵੇਸ਼ ਕਰਨ ਵਾਲੇ ਵਾਹਨ ਚਾਲਕਾਂ ਦੀ ਪਰਚੀ ਕੱਟ ਕੇ ਉਨ੍ਹਾਂ ਦਾ ਵਿਆਜ ਵਸੂਲਦੇ ਹਨ। ਪਾਰਕਿੰਗ ਫੀਸ ਦੇਣ ਤੋਂ ਬਾਅਦ ਵਾਹਨ ਚਾਲਕ ਨੂੰ ਬਿਨਾਂ ਰੋਕ ਤੋਂ ਪੂਰੇ ਕੰਪਲੈਕਸ ਵਿਚ ਕਿਤੇ ਵੀ ਵਾਹਨ ਖੜ੍ਹਾ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ । ਜਿੱਥੇ ਸਟਾਫ ਨੂੰ ਆਪਣੇ ਵਾਹਨ ਖੜ੍ਹੇ ਕਰਨ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਪੂਰੇ ਕੰਪਲੈਕਸ ਵਿਚ ਪਾਰਕਿੰਗ ਵਿਵਸਥਾ ਅਸਤ-ਵਿਅਸਤ ਰਹਿੰਦੀ ਸੀ। ਕਈ ਵਾਰ ਤਾਂ ਵਾਹਨਾਂ ਦੇ ਅੱਗੇ ਵਾਹਨ ਖੜ੍ਹਾ ਕਰ ਦੇਣ ਨਾਲ ਸਟਾਫ ਨੂੰ ਘੰਟਿਆਂ ਤੱਕ ਆਪਣੀ ਗੱਡੀ ਨੂੰ ਕੱਢਣ ਲਈ ਇੰਤਜ਼ਾਰ ਕਰਨਾ ਪੈ ਜਾਂਦਾ ਹੈ, ਜਿਸ ਦੀਆਂ ਲਗਾਤਾਰ ਸ਼ਿਕਾਇਤਾਂ ਮਿਲਣ 'ਤੇ ਪੁਲਸ ਕਮਿਸ਼ਨਰ ਨੇ ਅਜਿਹੇ ਸਖ਼ਤ ਕਦਮ ਚੁੱਕ ਕੇ ਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਦਰੁਸਤ ਕਰ ਦਿੱਤਾ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਅਜਿਹੀ ਵਿਵਸਥਾ ਕਿੰਨੇ ਦਿਨਾਂ ਤੱਕ ਦਰੁੱਸਤ ਰਹਿ ਸਕਦੀ ਹੈ।

Baljeet Kaur

This news is Content Editor Baljeet Kaur