ਪਟਾਕੇ ਪਾਉਣ ਵਾਲਿਆਂ ''ਤੇ ਲਗਾਮ ਕੱਸਣ ਲਈ ਮਕੈਨਿਕਾਂ ''ਤੇ ਹੋ ਸਕਦੀ ਹੈ ਕਾਰਵਾਈ

12/13/2019 11:13:54 AM

ਜਲੰਧਰ (ਵਰੁਣ) : ਟ੍ਰੈਫਿਕ ਪੁਲਸ ਵਲੋਂ ਬੁਲੇਟ ਮੋਟਰਸਾਈਕਲਾਂ 'ਤੇ ਪਟਾਕਿਆਂ ਵਾਲਾ ਸਿਲੰਡਰ ਲਾਉਣ ਵਾਲਿਆਂ 'ਤੇ ਭਾਵੇਂ ਕਾਫੀ ਸ਼ਿਕੰਜਾ ਕੱਸਿਆ ਗਿਆ ਪਰ ਫਿਰ ਵੀ ਨੌਜਵਾਨ ਸੁਧਰਨ ਦਾ ਨਾਂ ਨਹੀਂ ਲੈ ਰਹੇ। ਜਨਵਰੀ 2019 ਤੋਂ ਲੈ ਕੇ ਟ੍ਰੈਫਿਕ ਪੁਲਸ ਨੇ ਪਟਾਕਿਆਂ ਵਾਲੇ ਬੁਲੇਟ ਮੋਟਰਸਾਈਕਲਾਂ ਦੇ 324 ਚਲਾਨ ਕੱਟੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਦੇ ਚਲਾਨ ਕੱਟੇ ਗਏ, ਉਨ੍ਹਾਂ ਵਿਚੋਂ 40 ਫੀਸਦੀ ਨਾਬਾਲਗ ਸਨ।

ਸਮੇਂ-ਸਮੇਂ 'ਤੇ ਟ੍ਰੈਫਿਕ ਪੁਲਸ ਦੇ ਐਜੂਕੇਸ਼ਨ ਸੈੱਲ ਵਲੋਂ ਮੀਡੀਆ ਅਤੇ ਸੋਸ਼ਲ ਸਾਈਟਾਂ ਦੇ ਜ਼ਰੀਏ ਬੁਲੇਟ 'ਤੇ ਪਟਾਕੇ ਮਾਰਨ ਵਾਲਿਆਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਖੁਦ ਫੀਲਡ ਵਿਚ ਉਤਰ ਕੇ ਅਜਿਹੇ ਮੋਟਰਸਾਈਕਲਾਂ ਦੇ ਚਲਾਨ ਵੀ ਕੱਟੇ। ਇਸ ਦੇ ਬਾਵਜੂਦ ਨੌਜਵਾਨਾਂ 'ਤੇ ਕੋਈ ਬਹੁਤਾ ਅਸਰ ਨਹੀਂ ਹੋਇਆ। ਜਿਸ ਨੂੰ ਵੇਖਦਿਆਂ ਹੁਣ ਟ੍ਰੈਫਿਕ ਪੁਲਸ ਵਲੋਂ ਇਕ ਨਵਾਂ ਢੰਗ ਲੱਭਿਆ ਗਿਆ ਹੈ, ਜਿਸ ਦੇ ਤਹਿਤ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਤਾਂ ਜਾਰੀ ਰਹਿਣਗੇ ਹੀ, ਨਾਲ ਹੀ ਟ੍ਰੈਫਿਕ ਪੁਲਸ ਹੁਣ ਸਿਲੰਡਰ ਨਾਲ ਛੇੜਖਾਨੀ ਕਰਨ ਵਾਲੇ ਮਕੈਨਿਕਾਂ 'ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਅਜਿਹੇ ਮੈਕਨਿਕਾਂ ਦੀ ਇਕ ਲਿਸਟ ਤਿਆਰ ਕਰਨਗੇ, ਜਿਸ ਤੋਂ ਬਾਅਦ ਉਨ੍ਹਾਂ ਨਾਲ ਮੀਟਿੰਗ ਕੀਤੀ ਜਾਵੇਗੀ। ਜੇਕਰ ਫਿਰ ਵੀ ਮਕੈਨਿਕ ਨਾ ਮੰਨੇ ਤਾਂ ਉਨ੍ਹਾਂ 'ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੋਸ਼ਲ ਸਾਈਟਾਂ 'ਤੇ ਵੀ ਰਹੇਗੀ ਟ੍ਰੈਫਿਕ ਪੁਲਸ ਦੀ ਨਜ਼ਰ
ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਨ ਦੀ ਵੀਡੀਓ ਸੋਸ਼ਲ ਸਾਈਟਾਂ 'ਤੇ ਪਾਈ ਤਾਂ ਟ੍ਰੈਫਿਕ ਪੁਲਸ ਉਕਤ ਬੁਲੇਟ ਦਾ ਚਲਾਨ ਕਰੇਗੀ। ਏ. ਡੀ. ਸੀ. ਪੀ. ਗਗਨੇਸ਼ ਨੇ ਕਿਹਾ ਕਿ ਟ੍ਰੈਫਿਕ ਪੁਲਸ ਦੀ ਨਜ਼ਰ ਹੁਣ ਸੋਸ਼ਲ ਸਾਈਟਾਂ 'ਤੇ ਵੀ ਹੈ। ਜੇਕਰ ਅਜਿਹਾ ਕੋਈ ਵੀ ਵੀਡੀਓ ਮਿਲਿਆ ਤਾਂ ਬੁਲੇਟ ਦਾ ਨੰਬਰ ਪਤਾ ਕਰਵਾ ਕੇ ਬੁਲੇਟ ਮਾਲਕ ਦੇ ਘਰ ਚਲਾਨ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਹਾਲ ਹੀ ਵਿਚ ਪੰਜਾਬੀ ਸਿੰਗਰ ਪਰਮੀਸ਼ ਵਰਮਾ ਦੀ ਅਜਿਹੀ ਹੀ ਇਕ ਵੀਡੀਓ ਸੋਸ਼ਲ ਸਾਈਟਾਂ 'ਤੇ ਵਾਇਰਲ ਹੋਈ ਸੀ। ਇਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਉਸ ਦਾ ਚਲਾਨ ਕੱਟ ਦਿੱਤਾ ਸੀ।

ਲੋਕ ਫੋਟੋ ਖਿੱਚ ਕੇ ਕਰਨ ਵ੍ਹਟਸਐਪ, ਹੋਵੇਗਾ ਚਲਾਨ
ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਕਿਹਾ ਕਿ ਜੇਕਰ ਆਮ ਲੋਕ ਆਪਣੀ ਜ਼ਿੰਮੇਵਾਰੀ ਸਮਝ ਕੇ ਟ੍ਰੈਫਿਕ ਪੁਲਸ ਦਾ ਸਾਥ ਦੇਣ ਤਾਂ ਅਜਿਹੇ ਮੋਟਰਸਾਈਕਲਾਂ 'ਤੇ ਰੋਕ ਲਾਈ ਜਾ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਰੋਡ 'ਤੇ ਪਟਾਕੇ ਮਾਰਨ ਵਾਲਾ ਬੁਲੇਟ ਮਿਲੇ ਤਾਂ ਉਸ ਦੀ ਵੀਡੀਓ ਜਾਂ ਤਸਵੀਰ ਲੈ ਕੇ ਉਨ੍ਹਾਂ ਦੇ ਵਟਸਐਪ ਨੰ. 9501075034 'ਤੇ ਭੇਜੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ।

cherry

This news is Content Editor cherry