ਦਾਜ ਲਈ ਪ੍ਰੇਸ਼ਾਨ ਕਰਨ ਅਤੇ ਵਿਦੇਸ਼ ਨਾ ਬੁਲਾਉਣ ਵਾਲੇ ਪਤੀ ਖਿਲਾਫ ਮਾਮਲਾ ਦਰਜ

06/24/2019 4:18:50 AM

ਕਪੂਰਥਲਾ, (ਭੂਸ਼ਣ , ਗੌਰਵ)- ਆਪਣੀ ਪਤਨੀ ਨੂੰ ਵਿਦੇਸ਼ ’ਚ ਨਾ ਬੁਲਾਉਣ, ਉਸਨੂੰ ਖਰਚਾ ਨਾ ਭੇਜਣ ਅਤੇ ਦਾਜ ਲਈ ਪ੍ਰੇਸ਼ਾਨ ਕਰਨ ਦੇ ਮਾਮਲੇ ’ਚ ਥਾਣਾ ਐੱਨ. ਆਰ. ਆਈ. ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ । ਜਾਣਕਾਰੀ ਅਨੁਸਾਰ ਜਸਪ੍ਰੀਤ ਕੌਰ ਪੁੱਤਰੀ ਜਰਨੈਲ ਸਿੰਘ ਵਾਸੀ ਵਾਰਡ ਨੰ. 11 ਬੇਗੋਵਾਲ ਨੇ ਚੇਅਰਮੈਨ ਐੱਨ. ਆਰ. ਆਈ. ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦਾ ਵਿਆਹ ਹਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਵਾਰਡ ਨੰਬਰ 11 ਬੇਗੋਵਾਲ ਦੇ ਨਾਲ ਹੋਇਆ ਸੀ। ਉਸ ਦੇ ਵਿਆਹ ’ਤੇ ਉਸ ਦੇ ਪਿਤਾ ਨੇ ਲੱਖਾਂ ਰੁਪਏ ਦਾਜ ਦੇ ਰੂਪ ’ਚ ਖਰਚ ਕੀਤੇ ਸਨ । ਉਸ ਦਾ ਪਤੀ ਜਰਮਨੀ ’ਚ ਰਹਿੰਦਾ ਹੈ । ਜੋ ਕਿ ਵਿਆਹ ਦੇ 2 ਮਹੀਨੇ ਬਾਅਦ ਹੀ ਵਿਦੇਸ਼ ਚਲਾ ਗਿਆ। ਇਸ ਦੌਰਾਨ ਉਸ ਨੇ ਇਕ ਲਡ਼ਕੇ ਨੂੰ ਜਨਮ ਦਿੱਤਾ। ਜਰਮਨ ਜਾਣ ਦੇ ਬਾਅਦ ਉਸ ਦੇ ਪਤੀ ਨੇ ਉਸਨੂੰ ਕੋਈ ਫੋਨ ਨਹੀਂ ਕੀਤਾ। ਜਿਸ ਦੌਰਾਨ ਉਹ 3 ਵਾਰ ਭਾਰਤ ਆਇਆ ਪਰ ਉਸਨੂੰ ਇਸ ਦੌਰਾਨ ਤੰਗ ਪ੍ਰੇਸ਼ਾਨ ਕਰਦਾ ਰਿਹਾ।

ਇਸ ਦੌਰਾਨ ਹਰਵਿੰਦਰ ਸਿੰਘ ਨੇ ਉਸਨੂੰ ਚੰਡੀਗਡ਼੍ਹ ਵਿਚ ਵਿਦੇਸ਼ੀ ਭਾਸ਼ਾ ਸਿਖਣ ਲਈ ਕਿਹਾ ਪਰ ਜਦੋਂ ਉਸ ਨੇ ਵਿਦੇਸ਼ੀ ਭਾਸ਼ਾ ਸਿੱਖ ਲਈ ਤਾਂ ਇਸ ਦੇ ਬਾਵਜੂਦ ਵੀ ਉਸ ਦੇ ਪਤੀ ਨੇ ਉਸਨੂੰ ਜਰਮਨੀ ਨਹੀਂ ਬੁਲਾਇਆ ਅਤੇ ਉਸਨੂੰ ਅਤੇ ਉਸ ਦੇ ਲਡ਼ਕੇ ਨੂੰ ਜਰਮਨੀ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। 2017 ਦੇ ਬਾਅਦ ਉਸ ਦੇ ਪਤੀ ਨੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ। ਇਸ ਪੂਰੀ ਮਿਆਦ ਦੌਰਾਨ ਉਸ ਦੇ ਪਤੀ ਨੇ ਉਸਨੂੰ ਨਾ ਤਾਂ ਵਿਦੇਸ਼ ਬੁਲਾਇਆ ਨਾ ਹੀ ਕੋਈ ਖਰਚਾ ਭੇਜਿਆ । ਜਿਸ ਕਾਰਣ ਉਹ ਕਾਫ਼ੀ ਪ੍ਰੇਸ਼ਾਨ ਰਹਿਣ ਲੱਗੀ । ਚੇਅਰਮੈਨ ਐੱਨ. ਆਰ. ਆਈ. ਦੇ ਹੁਕਮਾਂ ’ਤੇ ਥਾਣਾ ਐੱਨ. ਆਰ. ਆਈ. ਕਪੂਰਥਲਾ ਦੇ ਐੱਸ. ਐੱਚ. ਓ. ਨੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਮੁਲਜ਼ਮ ਹਰਵਿੰਦਰ ਸਿੰਘ ’ਤੇ ਵਿਦੇਸ਼ ਨਾ ਬੁਲਾਉਣ, ਘਰੇਲੂ ਖਰਚਾ ਨਾ ਭੇਜਣ ਅਤੇ ਦਾਜ ਦੇ ਖਾਤਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ । ਜਿਸ ਦੇ ਆਧਾਰ ’ਤੇ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

Bharat Thapa

This news is Content Editor Bharat Thapa