ਬੀਬੀ ਭਾਨੀ ਕੰਪਲੈਕਸ ਨਾਲ ਸਬੰਧਤ 5 ਅਲਾਟੀਆਂ ਨੂੰ ਮਿਲੇਗੀ 2930415 ਰੁਪਏ ਦੀ ਪ੍ਰਿੰਸੀਪਲ ਅਮਾਊਂਟ

01/11/2020 3:37:27 PM

ਜਲੰਧਰ (ਚੋਪੜਾ)— ਜ਼ਿਲਾ ਡਿਸਟ੍ਰਿਕਟ ਫੋਰਮ ਨੇ ਬੀਬੀ ਭਾਨੀ ਕੰਪਲੈਕਸ ਦੇ 5 ਅਲਾਟੀਆਂ ਦੀ ਐਕਸੀਕਿਊਸ਼ਨ ਨੂੰ ਪਹਿਲੀ ਹੀ ਤਰੀਕ 'ਤੇ ਮਨਜ਼ੂਰ ਕਰਦਿਆਂ ਟਰੱਸਟ ਵੱਲੋਂ ਸਟੇਟ ਕਮਿਸ਼ਨ 'ਚ ਅਲਾਟੀਆਂ ਦੀ ਜਮ੍ਹਾ ਕਰਵਾਈ ਗਈ 2930415 ਰੁਪਏ ਦੀ ਪ੍ਰਿੰਸੀਪਲ ਅਮਾਊਂਟ ਨੂੰ ਅਲਾਟੀਆਂ ਨੂੰ ਰਿਲੀਜ਼ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਸੰਦਰਭ 'ਚ ਪੰਜਾਂ ਅਲਾਟੀਆਂ ਨੂੰ ਫੋਰਮ ਦੇ ਹੁਕਮਾਂ 'ਤੇ ਪ੍ਰਿੰਸੀਪਲ ਅਮਾਊਂਟ 'ਤੇ ਬਣਦਾ ਵਿਆਜ, ਮੁਆਵਜ਼ਾ ਅਤੇ ਕਾਨੂੰਨੀ ਖਰਚ ਵੱਖਰਾ ਦੇਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਫਲੈਟਾਂ ਦੇ ਕਬਜ਼ੇ ਨਾ ਮਿਲਣ ਕਾਰਨ ਉਕਤ ਅਲਾਟੀਆਂ ਨੇ ਟਰੱਸਟ ਖਿਲਾਫ ਡਿਸਟ੍ਰਿਕਟ ਫੋਰਮ 'ਚ ਕੇਸ ਦਾਇਰ ਕੀਤਾ ਸੀ। ਫੋਰਮ ਵੱਲੋਂ ਅਲਾਟੀਆਂ ਦੇ ਪੱਖ 'ਚ ਫੈਸਲਾ ਕਰਨ ਤੋਂ ਬਾਅਦ ਟਰੱਸਟ ਨੇ ਇਸ ਦੀ ਅਪੀਲ ਸਟੇਟ ਕਮਿਸ਼ਨ 'ਚ ਕੀਤੀ ਸੀ, ਜਿੱਥੇ ਕਮਿਸ਼ਨ ਨੇ ਅਲਾਟੀਆਂ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਨੂੰ ਪਹਿਲਾ ਜਮ੍ਹਾ ਕਰਵਾਉਣ ਲਈ ਕਿਹਾ, ਜਿਸ ਤੋਂ ਬਾਅਦ ਟਰੱਸਟ ਨੇ ਕਰੀਬ 29 ਲੱਖ ਰੁਪਏ ਕਮਿਸ਼ਨ 'ਚ ਜਮ੍ਹਾ ਕਰਵਾ ਦਿੱਤੇ ਸਨ। ਇਸ ਦੇ ਨਾਲ ਹੀ ਟਰੱਸਟ ਨੂੰ ਕਮਿਸ਼ਨ ਦੇ ਹੁਕਮਾਂ 'ਤੇ 25000 ਰੁਪਏ ਹਰੇਕ ਕੇਸ ਦੇ ਮੁਤਾਬਿਕ 1.25 ਲੱਖ ਰੁਪਏ ਹੋਰ ਵੀ ਜਮ੍ਹਾ ਕਰਵਾਉਣੇ ਪਏ ਸਨ, ਉਹ ਵੀ ਹੁਣ ਅਲਾਟੀਆਂ ਨੂੰ ਮਿਲਣਗੇ।
ਕਮਿਸ਼ਨ ਵੱਲੋਂ ਟਰੱਸਟ ਦੀ ਅਪੀਲ ਖਾਰਿਜ ਕਰਨ ਉਪਰੰਤ ਟਰੱਸਟ ਨੇ ਨੈਸ਼ਨਲ ਕਮਿਸ਼ਨ ਦਾ ਰੁਖ ਨਹੀਂ ਕੀਤਾ, ਜਿਸ 'ਤੇ ਅਲਾਟੀਆਂ ਨੇ 27 ਨਵੰਬਰ ਨੂੰ ਡਿਸਟ੍ਰਿਕਟ ਫੋਰਮ 'ਚ ਐਕਸੀਕਿਊਸ਼ਨ ਦਾਇਰ ਕੀਤੀ, ਜਿਸ 'ਤੇ ਫੋਰਮ ਨੇ ਪਹਿਲੀ ਹੀ ਸੁਣਵਾਈ 'ਚ 6 ਜਨਵਰੀ ਨੂੰ ਟਰੱਸਟ ਵਲੋਂ ਜਮ੍ਹਾ ਕਰਵਾਏ ਫੰਡਾਂ ਨੂੰ ਦੇਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।

ਪੰਜਾਂ ਅਲਾਟੀਆਂ ਨੂੰ ਕਿੰਨੀ ਪ੍ਰਿੰਸੀਪਲ ਅਮਾਊਂਟ ਮਿਲੇਗੀ
1. ਸੁਖਦੇਵ ਸਿੰਘ ਨੂੰ 5 ਲੱਖ 71 ਹਜ਼ਾਰ 660 ਰੁਪਏ
2. ਬਨਵਾਰੀ ਲਾਲ ਖੰਨਾ ਨੂੰ 5 ਲੱਖ 90 ਹਜ਼ਾਰ 300 ਰੁਪਏ
3. ਨਵਤੇਜ ਸਿੰਘ ਚਾਹਲ ਨੂੰ 5 ਲੱਖ 9 ਹਜ਼ਾਰ 60 ਰੁਪਏ
4. ਕਮਲ ਦੇਵ ਨੂੰ 6 ਲੱਖ 69 ਹਜ਼ਾਰ 97 ਰੁਪਏ
5. ਰਾਜ ਪਰਾਸ਼ਰ ਨੂੰ 5 ਲੱਖ 90 ਹਜ਼ਾਰ 298 ਰੁਪਏ।

shivani attri

This news is Content Editor shivani attri