ਜ਼ਿਲੇ ''ਚ ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਰਾਹੁਲ ਚਾਬਾ

03/02/2018 10:30:35 AM


ਕਪੂਰਥਲਾ (ਜ. ਬ.) - ਜ਼ਿਲੇ 'ਚ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਲਗਾਤਾਰ ਛਾਪੇਮਾਰੀ ਕਰਨ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਇਹ ਹਦਾਇਤ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਨੇ ਜ਼ਿਲਾ ਮਿਨਰਲ ਫਾਊਂਡੇਸ਼ਨ ਦੀ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਸਬੰਧੀ ਜ਼ਿਲੇ 'ਚ ਮਾਈਨਿੰਗ, ਡਰੇਨੇਜ, ਆਬਕਾਰੀ ਤੇ ਪੁਲਸ 'ਤੇ ਆਧਾਰਿਤ ਗਠਿਤ ਕੀਤੀਆਂ ਸਾਝੀਆਂ ਜਾਂਚ ਟੀਮਾਂ ਨੂੰ ਪੂਰੀ ਸਰਗਰਮੀ ਨਾਲ ਕੰਮ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਆਨਲਾਈਨ ਪੋਰਟਲ ਪੀ. ਬੀ. ਗ੍ਰਾਮਜ਼ ਬਣਾਇਆ ਗਿਆ ਹੈ, ਜਿਸ 'ਤੇ ਕੋਈ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਜ਼ਿਲਾ ਪੱਧਰੀ ਹੈਲਪ ਲਾਈਨ ਨੰਬਰ 01822-233776 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਫੰਕਸ਼ਨਲ ਮੈਨੇਜਰ ਇੰਡਸਟਰੀ ਵਿਭਾਗ ਰਵਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲੇ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਪੂਰੀ ਤਰ੍ਹਾਂ ਨਾਲ ਸ਼ਿਕੰਜਾ ਕੱਸਿਆ ਗਿਆ ਹੈ ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲੇ 'ਚ ਮਾਈਨਿੰਗ ਸਬੰਧੀ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਜ਼ਿਲੇ 'ਚ ਹੁਣ ਤਕ ਵੱਖ-ਵੱਖ ਥਾਣਿਆਂ ਵਿਚ 197 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚੋਂ 191 ਚਲਾਨ ਪੇਸ਼ ਹੋ ਚੁੱਕੇ ਹਨ ਤੇ 6 ਕੇਸਾਂ 'ਚ ਜਾਂਚ ਲੰਬਿਤ ਹੈ। 
ਇਸ ਮੌਕੇ ਸਹਾਇਕ ਕਮਿਸ਼ਨਰ ਮੇਜਰ ਡਾ. ਸੁਮਿਤ ਮੁੱਧ, ਉੱਪ ਜ਼ਿਲਾ ਅਟਾਰਨੀ ਅਨਿਲ ਕੁਮਾਰ, ਡੀ. ਐੱਸ. ਪੀ. ਸੰਦੀਪ ਸਿੰਘ ਮੰਡ ਆਦਿ ਅਧਿਕਾਰੀ ਹਾਜ਼ਰ ਸਨ।