ਨਜਾਇਜ਼ ਸ਼ਰਾਬ ਸਮੇਤ ਨੌਜਵਾਨ ਗ੍ਰਿਫਤਾਰ

04/25/2019 9:36:30 PM

ਭੁਲੱਥ,(ਰਜਿੰਦਰ) : ਥਾਣਾ ਭੁਲੱਥ ਦੀ ਪੁਲਸ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ 60 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਨੌਜਵਾਨ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਕਰਨੈਲ ਸਿੰਘ ਨੇ ਦੱਸਿਆ ਕਿ ਥਾਣਾ ਭੁਲੱਥ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਚੈਕਿੰਗ ਲਈ ਭੁਲੱਥ ਤੋਂ ਪਿੰਡ ਬਾਗੜੀਆਂ, ਬਜਾਜਾਂ ਨੂੰ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਬਾਗੜੀਆਂ ਪੁੱਲ 'ਤੇ ਪੁੱਜੇ ਤਾਂ ਉਥੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਭੁਪਿੰਦਰ ਸਿੰਘ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇਕ ਨੌਜਵਾਨ ਮਾਰੂਤੀ ਕਾਰ 'ਚ ਬਾਗੜੀਆਂ ਵਲੋਂ ਆ ਰਿਹਾ ਸੀ, ਜੋ ਪੁਲਸ ਪਾਰਟੀ ਨੂੰ ਦੇਖ ਕੇ ਗੱਡੀ ਪਿਛਾਂਹ ਨੂੰ ਮੋੜਨ ਲੱਗਾ ਤਾਂ ਸ਼ੱਕ ਪੈਣ 'ਤੇ ਪੁਲਸ ਪਾਰਟੀ ਨੇ ਉਕਤ ਨੌਜਵਾਨ ਨੂੰ ਕਾਬੂ ਕੀਤਾ। ਜਿਸ ਦੀ ਪਛਾਣ ਅਰਮਿੰਦਰ ਸਿੰਘ ਉਰਫ ਸੋਨੂੰ ਪੁੱਤਰ ਸ਼ਿੰਦਾ ਸਿੰਘ ਵਾਸੀ ਬੁੱਟਰਾਂ ਥਾਣਾ ਭੋਗਪੁਰ ਜ਼ਿਲਾ ਜਲੰਧਰ ਵਜੋਂ ਹੋਈ। ਇਸ ਦੌਰਾਨ ਪੁਲਸ ਨੇ ਐਕਸਾਈਜ਼ ਇੰਸਪੈਕਟਰ ਦੀ ਮੌਜੂਦਗੀ 'ਚ ਜਦੋਂ ਮਰੂਤੀ ਕਾਰ ਦੀ ਤਲਾਸ਼ੀ ਕੀਤੀ ਤਾਂ ਗੱਡੀ 'ਚੋਂ ਪੰਜ ਪੇਟੀਆਂ ਪੰਜਾਬ ਕਲੱਬ ਵਿਸਕੀ ਦੀਆਂ ਬਰਾਮਦ ਹੋਈਆਂ। ਜਿਸ ਸੰਬੰਧੀ ਉਕਤ ਨੌਜਵਾਨ ਕੋਈ ਦਸਤਾਵੇਜ ਨਹੀਂ ਪੇਸ਼ ਕਰ ਸਕਿਆ। ਇਸ ਤੋਂ ਬਾਅਦ ਨੌਜਵਾਨ ਅਰਮਿੰਦਰ ਸਿੰਘ ਉਰਫ ਸੋਨੂੰ ਖਿਲਾਫ ਥਾਣਾ ਭੁਲੱਥ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ।