ਕਾਂਗਰਸੀਆਂ ਦੇ ਡਰੋਂ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਲੈਣ ਤੋਂ ਬਚਦੇ ਰਹੇ ਨਿਗਮ ਤੇ ਪੁਲਸ ਕਮਿਸ਼ਨਰ

03/13/2022 2:10:36 PM

ਜਲੰਧਰ (ਖੁਰਾਣਾ)– ਪਿਛਲੇ 5 ਸਾਲ ਪੰਜਾਬ ਅਤੇ ਜਲੰਧਰ ਨਗਰ ਨਿਗਮ ’ਤੇ ਕਾਂਗਰਸੀ ਕਾਬਜ਼ ਰਹੇ ਅਤੇ ਉਨ੍ਹਾਂ ਨਿਗਮ ਅਤੇ ਪੁਲਸ ਦੇ ਅਫ਼ਸਰਾਂ ’ਤੇ ਜ਼ਬਰਦਸਤ ਸਿਆਸੀ ਦਬਾਅ ਪਾ ਕੇ ਕਈ ਤਰ੍ਹਾਂ ਦੇ ਨਾਜਾਇਜ਼ ਕੰਮ ਕਰਵਾਏ ਵੀ ਅਤੇ ਉਨ੍ਹਾਂ ਨੂੰ ਸਰਪ੍ਰਸਤੀ ਵੀ ਦਿੱਤੀ। ਸ਼ਹਿਰ ਵਿਚ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਵੀ ਇਨ੍ਹਾਂ 5 ਸਾਲਾਂ ਦੌਰਾਨ ਕਾਂਗਰਸੀਆਂ ਨੇ ਖੂਬ ਸਰਪ੍ਰਸਤੀ ਦਿੱਤੀ, ਜਿਸ ਕਾਰਨ ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ 1000 ਦੇ ਲਗਭਗ ਨਾਜਾਇਜ਼ ਕਾਲੋਨੀਆਂ ਕੱਟੀਆਂ ਗਈਆਂ, ਜਿਨ੍ਹਾਂ ਵਿਚੋਂ ਲਗਭਗ 700 ਕਾਲੋਨੀਆਂ ’ਚ ਕਾਂਗਰਸੀ ਆਗੂ ਭਾਈਵਾਲ ਰਹੇ। ਅਜਿਹੇ ਹੀ ਕਾਂਗਰਸੀਆਂ ਦੇ ਡਰੋਂ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਲੈਣ ਤੋਂ ਜਿੱਥੇ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀ ਬਚਦੇ ਰਹੇ, ਉਥੇ ਹੀ ਇਸ ਮਾਮਲੇ ਵਿਚ ਪੁਲਸ ਕਮਿਸ਼ਨਰ ਨੇ ਵੀ ਕੁਝ ਨਹੀਂ ਕੀਤਾ।

ਜ਼ਿਕਰਯੋਗ ਹੈ ਕਿ ਨਿਗਮ ਵੱਲੋਂ ਖਾਨਾਪੂਰਤੀ ਲਈ ਪੁਲਸ ਕਮਿਸ਼ਨਰ ਨੂੰ ਕਈ ਵਾਰ ਚਿੱਠੀਆਂ ਲਿਖੀਆਂ ਗਈਆਂ ਕਿ ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇ ਪਰ ਉਨ੍ਹਾਂ ਚਿੱਠੀਆਂ ਦੇ ਆਧਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿਛਲੇ ਸਾਲ ਜੂਨ ਮਹੀਨੇ ਵਿਚ ਵੀ ਨਿਗਮ ਕਮਿਸ਼ਨਰ ਨੇ ਸੀ. ਪੀ. ਨੂੰ 29 ਨਾਜਾਇਜ਼ ਕਾਲੋਨੀਆਂ ਦੀ ਸੂਚੀ ਭੇਜੀ ਅਤੇ ਉਨ੍ਹਾਂ ’ਤੇ ਐੱਫ਼. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਕੀਤੀ ਪਰ ਇਕ ਸਾਲ ਬੀਤਣ ਵਾਲਾ ਹੈ ਪਰ ਜਲੰਧਰ ਪੁਲਸ ਨੇ ਇਸ ਮਾਮਲੇ ਵਿਚ ਕੋਈ ਐਕਸ਼ਨ ਹੀ ਨਹੀਂ ਲਿਆ ਅਤੇ ਉਨ੍ਹਾਂ ਵਿਚੋਂ ਵਧੇਰੇ ਕਾਲੋਨੀਆਂ ਅੱਜ ਨਾ ਸਿਰਫ਼ ਤਿਆਰ ਹੋ ਚੁੱਕੀਆਂ ਹਨ, ਸਗੋਂ ਲੋਕ ਧੜਾਧੜ ਉਨ੍ਹਾਂ ਵਿਚ ਪਲਾਟ ਵੀ ਲਈ ਜਾ ਰਹੇ ਹਨ।

ਇਹ ਵੀ ਪੜ੍ਹੋ:  ਰੰਧਾਵਾ ਦੇ ਤਿੱਖੇ ਹਮਲੇ, ਸਿੱਧੂ ਦੱਸਣ ਕਿ ਪ੍ਰਧਾਨ ਬਣਨ ਪਿੱਛੋਂ ਉਨ੍ਹਾਂ ਦੀ ਮੰਜੀ ਕਾਂਗਰਸ ਭਵਨ ’ਚ ਕਿਉਂ ਨਹੀਂ ਲੱਗੀ

ਇਨ੍ਹਾਂ ਨਾਜਾਇਜ਼ ਕਾਲੋਨੀਆਂ ਬਾਰੇ ਨਿਗਮ ਨੂੰ ਲਿਖੀ ਗਈ ਸੀ ਚਿੱਠੀ
ਅਮਨ ਨਗਰ ’ਚ ਲਾਲ ਮੰਦਿਰ ਦੇ ਨੇੜੇ ਸੁਰਿੰਦਰ ਸਿੰਘ ਵੱਲੋਂ ਕੱਟੀ ਜਾ ਰਹੀ ਕਾਲੋਨੀ
ਲੰਮਾ ਪਿੰਡ ਤੋਂ ਕੋਟਲਾ ਰੋਡ ’ਤੇ ਸੰਤੋਖ ਸਿੰਘ ਵੱਲੋਂ ਕੱਟੀ ਜਾ ਰਹੀ ਕਾਲੋਨੀ
ਹਰਗੋਬਿੰਦ ਨਗਰ ਵਿਚ ਰਾਜ ਕੁਮਾਰ ਵੱਲੋਂ ਕੱਟੀ ਜਾ ਰਹੀ ਕਾਲੋਨੀ
ਜਮਸ਼ੇਰ ਰੋਡ ’ਤੇ ਕੱਟੀ ਜਾ ਰਹੀ ਕਾਲੋਨੀ
ਨਿਊ ਮਾਡਲ ਹਾਊਸ ਨੇੜੇ
ਓਲਡ ਫਗਵਾੜਾ ਰੋਡ
ਸਲੇਮਪੁਰ-ਮੁਸਲਮਾਨਾਂ
ਪਟੇਲ ਨਗਰ ਮਕਸੂਦਾਂ
ਜੀਵ ਸ਼ੈਲਟਰ ਦੇ ਨੇੜੇ
ਅਮਨ ਨਗਰ
ਮੰਦਿਰ ਗੁੱਗਾ ਜ਼ਾਹਰਵੀਰ ਜੀ ਦੇ ਨੇੜੇ
ਸ਼ਿਵਾਜੀ ਨਗਰ ’ਚ ਵੈਸ਼ਨੋ ਧਾਮ ਮੰਦਿਰ ਦੇ ਨੇੜੇ
ਦੀਪ ਨਗਰ ਦੀ ਬੈਕਸਾਈਡ
ਕਾਲਾ ਸੰਘਿਆਂ ਰੋਡ ਨਹਿਰ ਦੇ ਨੇੜੇ
ਰਾਮ ਨਗਰ ਬੜਿੰਗ
ਸੁਭਾਨਾ
ਇੰਡੀਅਨ ਆਇਲ ਦੇ ਨੇੜੇ
ਧਾਲੀਵਾਲ, ਕਾਦੀਆਂ
ਕੈਂਟ ਦੇ ਨਾਲ ਲੱਗਦੇ ਬੜਿੰਗ ’ਚ
ਸ਼ੇਖੇ ਓਵਰਬ੍ਰਿਜ ਦੇ ਨੇੜੇ
ਰਤਨ ਨਗਰ ਕਬੀਰ ਮੰਦਿਰ ਦੇ ਨੇੜੇ ਮੰਡ ਪੈਲੇਸ ’ਚ
ਨੰਦਨਪੁਰ ਪਿੰਡ ਦੇ ਅੰਦਰ
ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਰੋਡ ’ਤੇ ਸੰਤ ਬਰਾਸ ਦੇ ਸਾਹਮਣੇ
ਰਾਜ ਨਗਰ ਕਬੀਰ ਐਵੇਨਿਊ
ਕਾਲੀਆ ਕਾਲੋਨੀ ਫੇਜ਼-2 ਪਾਰਕਵੁੱਡ ਸ਼ਾਪ
ਟਰਾਂਸਪੋਰਟ ਨਗਰ ਤੋਂ ਬੁਲੰਦਪੁਰ ਰੋਡ ’ਤੇ

ਇਹ ਵੀ ਪੜ੍ਹੋ:  ਪੰਜਾਬ ’ਚ ਵੱਡੀ ਜਿੱਤ ਮਗਰੋਂ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ

ਪਿੰਡ ਅਲੀਪੁਰ ’ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਦਾ ਕੰਮ ਨਿਗਮ ਨੇ ਰੋਕਿਆ
ਇਸੇ ਵਿਚਕਾਰ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਨੇ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਛਾਉਣੀ ਵਿਧਾਨ ਸਭਾ ਹਲਕੇ ਅਧੀਨ ਪਿੰਡ ਅਲੀਪੁਰ ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਦਾ ਕੰਮ ਰੁਕਵਾ ਦਿੱਤਾ। ਇਹ ਕਾਰਵਾਈ ਏ. ਟੀ. ਪੀ. ਵਿਕਾਸ ਦੂਆ ਦੀ ਅਗਵਾਈ ਵਿਚ ਕੀਤੀ ਗਈ। ਜ਼ਿਕਰਯੋਗ ਹੈ ਕਿ ਅਲੀਪੁਰ ਵਿਚ ਕੱਟੀ ਜਾ ਰਹੀ ਕਾਲੋਨੀ ਦਾ ਕੰਮ ਪਿਛਲੇ ਕੁਝ ਮਹੀਨਿਆਂ ਤੋਂ ਬੰਦ ਸੀ ਪਰ ਹੁਣ ਉਥੇ ਨਾਜਾਇਜ਼ ਨਿਰਮਾਣ ਵੀ ਸ਼ੁਰੂ ਹੋ ਗਏ ਸਨ ਅਤੇ ਸੜਕਾਂ ਬਣਾਉਣ ਦਾ ਕੰਮ ਵੀ ਚੱਲ ਰਿਹਾ ਸੀ, ਜਿਸ ਨੂੰ ਨਿਗਮ ਨੇ ਰੁਕਵਾ ਦਿੱਤਾ ਹੈ।

ਨਾਗਰਾ ’ਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਬਾਰੇ ‘ਆਪ’ ਆਗੂ ਨੇ ਮੰਗਵਾਈ ਜਾਣਕਾਰੀ
ਇਸੇ ਵਿਚਕਾਰ ਜਲੰਧਰ ਦੇ ਇਕ ਪ੍ਰਭਾਵਸ਼ਾਲੀ ‘ਆਪ’ ਆਗੂ ਨੇ ਉੱਤਰੀ ਵਿਧਾਨ ਸਭਾ ਹਲਕੇ ਅਧੀਨ ਪਿੰਡ ਨਾਗਰਾ ਵਿਚ ਨਾਜਾਇਜ਼ ਢੰਗ ਨਾਲ ਕੱਟੀ ਜਾ ਰਹੀ ਕਰਣ ਨਾਂ ਦੀ ਕਾਲੋਨੀ ਬਾਰੇ ਜਾਣਕਾਰੀ ਮੰਗਵਾਈ ਹੈ। ਜ਼ਿਕਰਯੋਗ ਹੈ ਕਿ ਇਸ ਨਾਜਾਇਜ਼ ਕਾਲੋਨੀ ਨੂੰ ਦਬੰਗ ਕਾਂਗਰਸੀ ਆਗੂ ਦੀ ਸਿਆਸੀ ਸਰਪ੍ਰਸਤੀ ਪ੍ਰਾਪਤ ਸੀ, ਜਿਸਦੇ ਆਧਾਰ ’ਤੇ ਉਥੇ ਨਾਜਾਇਜ਼ ਦੁਕਾਨਾਂ ਤੱਕ ਬਣਾ ਲਈਆਂ ਗਈਆਂ। ਇਸ ਬਾਰੇ ਨਿਗਮ ਨੂੰ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਉਨ੍ਹਾਂ ਦੇ ਆਧਾਰ ’ਤੇ ਕੋਈ ਕਾਰਵਾਈ ਨਿਗਮ ਵੱਲੋਂ ਨਹੀਂ ਹੋਈ। ਹੁਣ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਆਗੂ ਨਾਜਾਇਜ਼ ਕਾਲੋਨੀਆਂ ’ਤੇ ਐਕਸ਼ਨ ਕਰਵਾਉਣ ਵਿਚ ਕਾਮਯਾਬ ਹੁੰਦੇ ਹਨ ਜਾਂ ਸਿਸਟਮ ਉਸੇ ਤਰ੍ਹਾਂ ਚੱਲਦਾ ਹੈ।

ਇਹ ਵੀ ਪੜ੍ਹੋ:  ਟਾਂਡਾ 'ਚ ਹੋਏ ਗਊਆਂ ਦੇ ਕਤਲ ਮਾਮਲੇ ਦੀ ਭਗਵੰਤ ਮਾਨ ਵੱਲੋਂ ਨਿਖੇਧੀ, ਪੁਲਸ ਨੂੰ ਦਿੱਤੇ ਇਹ ਸਖ਼ਤ ਹੁਕਮ

ਦਾਨਿਸ਼ਮੰਦਾਂ ’ਚ ਗਾਖਲ ਪੈਲੇਸ ਤੋਂ ਅੱਗੇ ਵੀ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ
ਇਨ੍ਹੀਂ ਦਿਨੀਂ ਵੈਸਟ ਵਿਧਾਨ ਸਭਾ ਹਲਕੇ ਅਧੀਨ ਬਸਤੀ ਦਾਨਿਸ਼ਮੰਦਾਂ ਸਥਿਤ ਗਾਖਲ ਪੈਲੇਸ ਤੋਂ ਅੱਗੇ ਵੀ ਇਕ ਨਾਜਾਇਜ਼ ਕਾਲੋਨੀ ਕੱਟੀ ਜਾ ਰਹੀ ਹੈ। ਇਸ ਸੜਕ ਦਾ ਨਾਂ ਹੀ ਕਾਲੋਨੀ ਰੋਡ ਰੱਖ ਦਿੱਤਾ ਗਿਆ ਹੈ ਅਤੇ ਉਥੇ 600 ਮਰਲੇ ਦੀ ਨਵੀਂ ਕਾਲੋਨੀ ਕੱਟ ਕੇ ਲੋਕਾਂ ਨੂੰ ਪਲਾਟ ਵੇਚੇ ਜਾਣ ਦੀ ਤਿਆਰੀ ਹੈ। ਇਸ ਨਾਜਾਇਜ਼ ਕਾਲੋਨੀ ਬਾਰੇ ਆਰ. ਟੀ. ਆਈ. ਐਕਟੀਵਿਸਟ ਰਵੀ ਛਾਬੜਾ ਨੇ ਨਿਗਮ ਨੂੰ ਕਈ ਸ਼ਿਕਾਇਤਾਂ ਭੇਜੀਆਂ ਹਨ ਪਰ ਅੱਜ ਵੀ ਮੌਕੇ ’ਤੇ ਕੰਮ ਚਾਲੂ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri