ਪੁਲਸ ਹੱਥ ਲੱਗੀ ਵੱਡੀ ਸਫਲਤਾ, 1150 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਸਮੱਗਲਰ ਕਾਬੂ

12/30/2019 12:50:55 PM

ਕਰਤਾਰਪੁਰ (ਸਾਹਨੀ)— ਸਥਾਨਕ ਪੁਲਸ ਨੇ ਬੀਤੇ ਦਿਨ ਤੜਕਸਾਰ ਸਾਢੇ 4 ਵਜੇ ਜੀ. ਟੀ. ਰੋਡ ਪਾਵਰਕਾਮ ਡਿਵੀਜ਼ਨ ਦਫਤਰ ਨੇੜੇ ਕੀਤੀ ਨਾਕਾਬੰਦੀ ਦੌਰਾਨ ਇਕ ਕੈਂਟਰ 'ਚ ਸਮੱਗਲਿੰਗ ਕੀਤੀ ਜਾ ਰਹੀ ਨਾਜਾਇਜ਼ ਸ਼ਰਾਬ ਦੀਆਂ 1150 ਪੇਟੀਆਂ ਫੜਨ ਚ ਸਫਲਤਾ ਹਾਸਲ ਕੀਤੀ। ਪਤਾ ਲੱਗਾ ਹੈ ਕਿ ਕੈਂਟਰ 'ਤੇ ਲੱਗਾ ਨੰਬਰ ਵੀ ਜਾਅਲੀ ਸੀ।

ਇਸ ਸਬੰਧੀ ਬੀਤੇ ਦਿਨ ਸਥਾਨਕ ਪੁਲਸ ਥਾਣੇ 'ਚ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਦੇਰ ਰਾਤ ਮਿਲੀ ਗੁਪਤ ਸੂਚਨਾ 'ਤੇ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੇ ਤੜਕਸਾਰ ਨਾਕਾਬੰਦੀ ਕੀਤੀ ਅਤੇ ਜਲੰਧਰ ਵੱਲੋਂ ਆ ਰਹੇ ਇਕ ਕੈਂਟਰ ਜਿਸ ਨੂੰ ਬੂਟਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਬਾਸਮਾ ਥਾਣਾ ਸ਼ੰਭੂ ਜ਼ਿਲਾ ਐੱਸ. ਏ. ਐੱਸ. ਨਗਰ ਮੋਹਾਲੀ ਚਲਾ ਰਿਹਾ ਸੀ ਨੂੰ ਸ਼ੱਕ ਪੈਣ 'ਤੇ ਰੋਕਿਆ ਅਤੇ ਚੈਕਿੰਗ ਦੌਰਾਨ ਗੱਡੀ 'ਚ ਨਾਜਾਇਜ਼ ਹੀਟ ਪ੍ਰਿਮੀਅਮ ਵ੍ਹਿਸਕੀ ਜੋ ਕਿ ਅਰੁਣਾਚਲ ਪ੍ਰਦੇਸ਼ 'ਚ ਵਿਕਰੀ ਲਈ ਸੀ, ਨੂੰ ਅੰਮ੍ਰਿਤਸਰ ਵੱਲ ਲਿਜਾਇਆ ਜਾ ਰਿਹਾ ਸੀ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ।

ਇਸ ਸਬੰਧੀ ਡੀ. ਐੱਸ. ਪੀ. ਸੁਰਿੰਦਰਪਾਲ ਧੋਗੜੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਾਇਆ ਗਿਆ ਕਿ ਗੱਡੀ 'ਤੇ ਭੁਲੇਖਾ ਪਾਉਣ ਲਈ ਜਾਅਲੀ ਨੰਬਰ ਲਾਇਆ ਗਿਆ ਸੀ। ਉਕਤ ਗੱਡੀ ਡਰਾਈਵਰ ਨੇ ਦੱਸਿਆ ਕਿ ਇਹ ਸ਼ਰਾਬ ਬਨੂੜ (ਰਾਜਪੁਰਾ) ਨੇੜਿਓਂ ਲਿਆਂਦੀ ਗਈ ਹੈ। ਧੋਗੜੀ ਨੇ ਦੱਸਿਆ ਕਿ ਇਸ ਗਿਰੋਹ ਦੇ ਹੋਰ ਸਾਥੀਆਂ ਨੂੰ ਵੀ ਜਲਦ ਟਰੇਸ ਕਰਕੇ ਪਰਦਾਫਾਸ਼ ਕਰ ਲਿਆ ਜਾਵੇਗਾ, ਜੋ ਕਿ ਇਸ ਧੰਦੇ 'ਚ ਕਾਫੀ ਸਮੇਂ ਤੋਂ ਹਨ। ਪੁਲਸ ਵੱਲੋਂ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

shivani attri

This news is Content Editor shivani attri