ਦਰਿਆ ’ਚ ਪਾਣੀ ਵਧਣ ਕਾਰਣ ਸੈਂਕਡ਼ੇ ਏਕਡ਼ ਫਸਲ ਡੁੱਬੀ

08/19/2019 3:05:29 AM

ਸੁਲਤਾਨਪੁਰ ਲੋਧੀ, (ਧੀਰ, ਸੋਢੀ, ਅਸ਼ਵਨੀ, ਜੋਸ਼ੀ)- ਪਹਾਡ਼ੀ ਅਤੇ ਮੈਦਾਨੀ ਖੇਤਰਾਂ ’ਚ ਪਏ ਬੀਤੇ ਦਿਨ ਤੋਂ ਭਾਰੀ ਮੀਂਹ ਕਾਰਣ ਦਰਿਆ ਸਤਲੁਜ ਅਤੇ ਬਿਆਨ ’ਚ ਪਾਣੀ ਛੱਡਣ ਕਾਰਣ ਸੂਬੇ ’ਚ ਪੈਦਾ ਹੋਈ ਹਡ਼੍ਹ ਵਾਲੀ ਸਥਿਤੀ ਦੇ ਮੱਦੇਨਜ਼ਰ ਅੱਜ ਹਲਕਾ ਸੁਲਤਾਨਪੁਰ ਲੋਧੀ ਦੇ ਟਾਪੂਨੁਮਾ ਮੰਡ ਖੇਤਰ ਦੇ ਪਿੰਡਾਂ ਬਾਊਪੁਰ, ਆਹਲੀ ਤਕੀਆ, ਮੰਡ ਇੰਦਰਪੁਰ ਆਦਿ ਦਾ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀ. ਡੀ. ਪੀ. ਐੱਸ. ਖਰਬੰਦਾ, ਏ. ਡੀ. ਸੀ. ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨਵਨੀਤ ਕੌਰ ਬੱਲ, ਐੱਸ. ਡੀ. ਓ. ਡਰੇਨਜ਼ ਕਮਲਜੀਤ ਸਿੰਘ, ਐਕਸੀਅਨ ਪੀ. ਡਬਲਯੂ. ਡੀ. ਵਰਿੰਦਰ ਕੁਮਾਰ ਆਦਿ ਨਾਲ ਦੌਰਾ ਕੀਤਾ ਅਤੇ ਦਰਿਆ ਬਿਆਸ ’ਚ ਵਧੇ ਹੋਏ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ।

ਇਸ ਸਮੇਂ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ, ਸਰਪੰਚ ਗੁਰਮੀਤ ਸਿੰਘ ਬਾਊਪੁਰ ਆਦਿ ਨੇ ਵਿਧਾਇਕ ਚੀਮਾ ਅਤੇ ਡਿਪਟੀ ਕਮਿਸ਼ਨਰ ਨੂੰ ਸਾਰੇ ਹਾਲਾਤ ਬਾਰੇ ਜਾਣੂ ਕਰਵਾਇਆ। ਕਿਸਾਨਾਂ ਨੇ ਦੱਸਿਆ ਕਿ ਸਵੇਰੇ ਤੋਂ ਪਾਣੀ ਦਾ ਪੱਧਰ ਕਾਫੀ ਵਧਿਆ ਹੈ ਅਤੇ ਜੇ ਇਸੇ ਤਰ੍ਹਾਂ ਹੋਰ ਵੱਧਦਾ ਗਿਆ ਤਾਂ ਇਹ ਪਿੰਡਾਂ ਦੇ ਅੰਦਰ ਦਾਖਲ ਹੋ ਜਾਵੇਗਾ ਜਿਸਦੇ ਨਾਲ ਝੋਨੇ ਦੀ ਫਸਲ ਅਤੇ ਹੋਰ ਫਸਲਾਂ ਸਮੇਤ ਘਰਾਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਹਰੀਕੇ ਤੋਂ ਤੁਰੰਤ ਪਾਣੀ ਰਿਲੀਜ਼ ਕਰਵਾਉਣ ਦੀ ਮੰਗ ਕੀਤੀ ਕਿਉਂਕਿ ਜਦੋਂ ਹਰੀਕੇ ਹੈੱਡ ਤੋਂ ਪਾਣੀ ਰਿਲੀਜ਼ ਹੋ ਜਾਵੇਗਾ ਤਦ ਇੱਥੇ ਪਾਣੀ ਦਾ ਪੱਧਰ ਘਟੇਗਾ ਜਿਸ ਨਾਲ ਫਸਲਾਂ ਨੂੰ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਮੈਡੀਕਲ ਟੀਮਾਂ, ਕਿਸ਼ਤੀ ਆਦਿ ਦਾ ਵੀ ਪ੍ਰਬੰਧ ਕਰਨ ਲਈ ਕਿਹਾ।

ਮੌਕੇ ’ਤੇ ਹੀ ਡਿਪਟੀ ਕਮਿਸ਼ਨਰ ਇੰਜੀ. ਖਰਬੰਦਾ ਨੇ ਤੁਰੰਤ ਐੱਸ. ਡੀ. ਐੱਮ., ਤਹਿਸੀਲਦਾਰ ਨੂੰ ਕਿਸ਼ਤੀ ਅਤੇ ਬੋਟ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਅਤੇ ਸਿਵਲ ਸਰਜਨ ਕਪੂਰਥਲਾ ਨੂੰ ਤੁਰੰਤ ਇਨ੍ਹਾਂ ਪਿੰਡਾਂ ’ਚ ਮੈਡੀਕਲ ਟੀਮਾਂ, ਪਸ਼ੂਆਂ ਲਈ ਖੱਲ ਆਦਿ ਦਾ ਪ੍ਰਬੰਧ ਕਰਨ ਦੇ ਹੁਕਮ ਦਿੱਤੇ। ਉਪਰੰਤ ਡਿਪਟੀ ਕਮਿਸ਼ਨਰ ਇੰਜੀ. ਖਰਬੰਦਾ, ਵਿਧਾਇਕ ਨਵਤੇਜ ਸਿੰਘ ਚੀਮਾ ਨੇ ਤਕੀਆ ਮੰਡ ਇੰਦਰਪੁਰ ਆਦਿ ਦਾ ਵੀ ਦੌਰਾ ਕੀਤਾ ਤੇ ਦਰਿਆ ਸਤਲੁਜ ’ਚ ਪਾਣੀ ਛੱਡਣ ਕਾਰਣ ਵਧੇ ਹੋਏ ਪਾਣੀ ਦਾ ਪੱਧਰ ਬਾਰੇ ਮੌਕੇ ’ਤੇ ਮੌਜੂਦ ਕਿਸਾਨਾਂ ਹਰਜਿੰਦਰ ਸਿੰਘ ਤਕੀਆ ਮੈਂਬਰ ਬਲਾਕ ਸੰਮਤੀ ਨਾਲ ਗੱਲਬਾਤ ਕੀਤੀ।

ਮੈਂਬਰ ਸੰਮਤੀ ਹਰਜਿੰਦਰ ਤਕੀਆ ਨੇ ਦੱਸਿਆ ਕਿ ਪਾਣੀ ਦਾ ਪੱਧਰ ਵਧਣ ਕਾਰਣ ਸੈਂਕਡ਼ੇ ਏਕਡ਼ ਫਸਲ ’ਚ ਪਾਣੀ ’ਚ ਡੁੱਬ ਚੁੱਕੀ ਹੈ ਅਤੇ ਜੇ ਪਾਣੀ ਦਾ ਪੱਧਰ ਰਾਤ ਤੱਕ ਹੋ ਵਧਿਆ ਤਾਂ ਇਹ ਵੱਡੇ ਪੱਧਰ ’ਤੇ ਇਸ ਖੇਤਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਨੇ ਵੀ ਡਿਪਟੀ ਕਮਿਸ਼ਨਰ ਪਾਸੋਂ ਹਰੀਕੇ ਤੋਂ ਪਾਣੀ ਨੂੰ ਥੋਡ਼੍ਹਾ-ਥੋਡ਼੍ਹਾ ਰਿਲੀਜ਼ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਹਮੇਸ਼ਾ ਇਸ ਖੇਤਰ ਨੂੰ ਉਦੋਂ ਨੁਕਸਾਨ ਪਹੁੰਚਦਾ ਹੈ, ਜਦੋਂ ਸਤਲੁਜ ਅਤੇ ਬਿਆਸ ਦਰਿਆ ਹਰੀਕੇ ’ਤੇ ਜਾ ਕੇ ਮਿਲ ਕੇ ਬੈਕ ਮਾਰਦੇ ਹਨ ਤਾਂ ਬੰਨ੍ਹ ਟੁੱਟ ਜਾਣ ਕਾਰਣ ਪਾਣੀ ਇਸ ਖੇਤਰ ’ਚ ਵੱਡੀ ਤਬਾਹੀ ਮਚਾਉਂਦਾ ਹੈ।

ਡਿਪਟੀ ਕਮਿਸ਼ਨਰ ਨੇ ਇਸ ਖੇਤਰ ਦੇ ਕਿਸਾਨਾਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਤੇ ਹੋਰ ਸ਼ਾਮ ਤੱਕ ਢਾਈ ਲੱਖ ਕਿਊਸਿਕ ਪਾਣੀ ਨਾਲ ਪੱਧਰ ਹੋ ਵਧੇਗਾ ਅਤੇ ਇਨ੍ਹਾਂ ਪਿੰਡਾਂ ਦੇ ਲੋਕ ਪਰਿਵਾਰਾਂ ਸਮੇਤ ਪਿੰਡ ਖਾਲੀ ਕਰ ਕੇ ਸੁਰੱਖਿਅਤ ਜਗ੍ਹਾ ਭਰੋਆਣਾ ਦੇ ਗੁਰਦੁਆਰਾ ਰਬਾਬਸਰ ਪਹੁੰਚ ਜਾਣ ਉੱਥੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰਹਿਣ-ਸਹਿਣ, ਖਾਣ ਪੀਣ ਆਦਿ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ ਅਤੇ ਮੈਡੀਕਲ ਟੀਮਾਂ ਨੂੰ ਪਿੰਡ ਭਰੋਆਣਾ ਵਿਖੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਜੱਠਣ ਲਈ ਤਿਆਰ ਰਹਿਣਗੀਆਂ। ਇਸ ਤੋਂ ਇਲਾਵਾ ਪਸ਼ੂਆਂ ਲਈ ਚਾਰਾ, ਖੱਲ ਆਦਿ ਦਾ ਵੀ ਪ੍ਰਬੰਧ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਥਿਤੀ ਕੰਟਰੋਲ ’ਚ ਆ ਜਾਵੇਗੀ ਤਾਂ ਤੁਰੰਤ ਲੋਕ ਫਿਰ ਇਨ੍ਹਾਂ ਪਿੰਡਾਂ ’ਚ ਵਾਪਸ ਆ ਸਕਦੇ ਹਨ।

ਇਸ ਮੌਕੇ ਪ੍ਰਦੇਸ਼ ਪੰਜਾਬ ਸਕੱਤਰ ਪਰਵਿੰਦਰ ਸਿੰਘ ਪੱਪਾ, ਸਰਪੰਚ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਸਰਪੰਚ ਰਾਜੂ ਢਿੱਲੋਂ, ਬਲਜਿੰਦਰ ਪੀ. ਏ., ਬੀ. ਡੀ. ਪੀ. ਓ. ਗੁਰਪ੍ਰਤਾਪ ਸਿੰਘ ਗਿੱਲ, ਐੱਸ. ਡੀ. ਓ. ਬਲਬੀਰ ਸਿੰਘ, ਸਰਪੰਚ ਜਸਪਾਲ ਸਿੰਘ ਠੇਕੇਦਾਰ, ਹਰਨੇਕ ਸਿੰਘ ਵਿਰਦੀ, ਲਾਭ ਸਿੰਘ ਧੰਜੂ, ਬਲਦੇਵ ਸਿੰਘ ਮੰਗਾ, ਡਾ. ਜਸਬੀਰ ਸਿੰਘ ਤਰਫਹਾਜੀ, ਡੀ. ਐੱਸ. ਪੀ. ਸਰਵਨ ਸਿੰਘ ਬੱਲ, ਸੈਕਟਰੀ ਕੁਲਵਿੰਦਰ ਸਿੰਘ, ਕਾਬਲ ਸਿੰਘ ਅਵਤਾਰ ਸਿੰਘ, ਕੁਲਵੰਤ ਸਿੰਘ, ਅਮਰਜੀਤ ਸਿੰਘ, ਮਿਲਖਾ ਸਿੰਘ ਆਦਿ ਵੀ ਹਾਜ਼ਰ ਸਨ।

ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ ਸਾਰੀ ਰਿਪੋਰਟ : ਚੀਮਾ

ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਹਡ਼੍ਹ ਦੀ ਸੰਭਾਵੀ ਸਥਿਤੀ ’ਤੇ ਸਰਕਾਰ ਵੱਲੋਂ ਪੂਰੀ ਨਜ਼ਰ ਰੱਖੀ ਹੋਈ ਹੈ ਅਤੇ ਸਾਰੀ ਰਿਪੋਰਟ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਸਾਹਿਬ ਨੂੰ ਭੇਜੀ ਜਾ ਰਹੀ ਹੈ, ਜਿਨ੍ਹਾਂ ਦੀਆਂ ਸਪੱਸ਼ਟ ਹਦਾਇਤਾਂ ਅਤੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਹੁਕਮ ਜਾਰੀ ਕਰ ਕੇ ਸਾਰੀ ਸਥਿਤੀ ’ਤੇ ਕੰਟਰੋਲ ਕਰਨ ਦੀਆਂ ਪੂਰੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਬਤ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਹੋਵੇਗੀ।

Bharat Thapa

This news is Content Editor Bharat Thapa