ਇਕ ਹੀ ਰਾਤ ''ਚ ਚੋਰਾਂ ਨੇ 4 ਘਰਾਂ ਨੂੰ ਬਣਾਇਆ ਨਿਸ਼ਾਨਾ

07/14/2019 4:48:13 PM

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ 'ਚ ਅੱਜਕਲ ਵਧ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਦੇਖ ਕੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਸਭ ਤੋਂ ਵੱਧ ਵੀ. ਆਈ. ਪੀ. ਇਲਾਕੇ ਜੋਧਾਮੱਲ ਰੋਡ 'ਤੇ ਵੀ ਚੋਰਾਂ ਨੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਲਿਆ। ਥਾਣਾ ਸਿਟੀ ਅਧੀਨ ਆਉਂਦੀਆਂ ਸ਼ਹਿਰ ਦੀਆਂ 4 ਥਾਵਾਂ 'ਤੇ ਬੀਤੀ ਰਾਤ ਚੋਰਾਂ ਨੇ ਜਿਸ ਤਰ੍ਹਾਂ ਘਰਾਂ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ, ਉਸ ਨਾਲ ਪੁਲਸ 'ਤੇ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੀ ਹੈ।
ਬਾਂਸਲ ਸੁਪਰ ਮਾਰਕੀਟ 'ਚ ਕੰਧ ਪਾੜ ਕੇ ਦੁਕਾਨ ਅੰਦਰ ਵੜੇ ਚੋਰ
ਸ਼ਹਿਰ ਦੇ ਜੋਧਾਮੱਲ ਰੋਡ 'ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ਤੋਂ ਸਿਰਫ 100 ਕਦਮ ਦੂਰੀ 'ਤੇ ਚੋਰਾਂ ਨੇ ਬਾਂਸਲ ਸੁਪਰ ਮਾਰਕੀਟ ਦੀ ਦੁਕਾਨ ਦੀ ਪਿਛਲੀ ਕੰਧ ਪਾੜ ਕੇ ਬੇਖੌਫ ਹੋ ਕੇ ਅੰਦਰ ਦਾਖਲ ਹੋਏ ਅਤੇ ਚਾਂਦੀ ਦੀ ਮੂਰਤੀ ਤੋਂ ਇਲਾਵਾ 40 ਤੋਂ 45 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰੀ ਦੀ ਵਾਰਦਾਤ ਸਬੰਧੀ ਦੁਕਾਨ ਮਾਲਕ ਸਾਨੂੰ ਕੁਮਾਰ ਗੁਪਤਾ ਨੂੰ ਅੱਜ ਸਵੇਰੇ ਕਰੀਬ 8 ਵਜੇ ਉਸ ਸਮੇਂ ਪਤਾ ਲੱਗਾ, ਜਦੋਂ ਉਸਨੇ ਆਪਣੀ ਦੁਕਾਨ ਖੋਲ੍ਹੀ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ. ਐੱਚ. ਓ. ਤਲਵਿੰਦਰ ਸਿੰਘ ਤੇ ਫਿੰਗਰ ਪ੍ਰਿੰਟ ਮਾਹਰ ਸੁੱਚਾ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


ਕਣਕ ਮੰਡੀ 'ਚ ਕੰਧ ਟੱਪ ਕੇ ਬਾਲ ਕੋਨੀ ਰਾਹੀਂ ਘਰ ਅੰਦਰ ਪਹੁੰਚੇ ਚੋਰ
ਇਸੇ ਤਰ੍ਹਾਂ ਥਾਣਾ ਸਿਟੀ ਅਧੀਨ ਆਉਂਦੀ ਕਣਕ ਮੰਡੀ ਚੌਕ ਦੇ ਨਾਲ ਲਗਦੇ ਰਾਈਆਂ ਮੁਹੱਲੇ 'ਚ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆਂ 'ਚ ਤਾਇਨਾਤ ਅਧਿਆਪਕਾ ਵੰਦਨਾ ਸ਼ਰਮਾ ਦੇ ਘਰ 'ਚ ਚੋਰਾਂ ਨੇ ਬੜੀ ਆਸਾਨੀ ਨਾਲ ਕੰਧ ਟੱਪ ਕੇ ਬਾਲ ਕੋਨੀ ਰਾਹੀਂ ਘਰ ਦੇ ਅੰਦਰ ਦਾਖਲ ਹੋ ਕੇ ਪਰਸ ਚੋਰੀ ਕਰ ਲਿਆ। ਪਰਸ ਵਿਚ 40 ਤੋਂ 45 ਹਜ਼ਾਰ ਰੁਪਏ ਦੀ ਨਕਦੀ ਤੇ ਜ਼ਰੂਰੀ ਕਾਗਜ਼ਾਤ ਸਨ। ਬਾਅਦ 'ਚ ਚੋਰ ਪਰਸ ਤੇ ਕਾਗਜ਼ਾਤ ਗਲੀ 'ਚ ਸੁੱਟ ਕੇ ਨਕਦੀ ਲੈ ਕੇ ਫਰਾਰ ਹੋ ਗਏ। ਚੋਰ ਦੀ ਇਹ ਵਾਰਦਾਤ ਗਲੀ 'ਚ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ। ਪੁਲਸ ਜਾਂਚ ਵਿਚ ਜੁਟ ਗਈ ਹੈ।
ਗੜ੍ਹੀ ਗੇਟ (ਪਹਾੜੀ ਕਟੜਾ) 'ਚ 2 ਘਰਾਂ ਨੂੰ ਬਣਾਇਆ ਨਿਸ਼ਾਨਾ
ਗੜ੍ਹੀ ਗੇਟ (ਪਹਾੜੀ ਕਟੜਾ) 'ਚ ਚੋਰਾਂ ਨੇ ਜੋਤੀ ਪਤਨੀ ਮਹਿੰਦਰ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ। ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਜੋਤੀ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਭਤੀਜੀ ਸ਼ਾਮਲੀ ਢੋਲਵਾਹਾ ਤੋਂ ਘਰ ਆਈ ਹੋਈ ਸੀ। ਸਵੇਰੇ ਉੱਠ ਕੇ ਦੇਖਿਆ ਤਾਂ ਘਰ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਘਰ 'ਚ ਪਿਆ ਮੇਰਾ ਅਤੇ ਸ਼ਾਮਲੀ ਦਾ ਪਰਸ ਗਾਇਬ ਸੀ। ਬਾਅਦ ਵਿਚ ਦੋਵੇਂ ਪਰਸ ਘਰ ਦੇ ਨਜ਼ਦੀਕ ਹੀ ਇਕ ਪਾਰਕ ਕੋਲੋਂ ਮਿਲੇ। ਜੋਤੀ ਨੇ ਦੱਸਿਆ ਕਿ ਚੋਰ ਉਸ ਦੇ ਪਰਸ 'ਚੋਂ 20-22 ਹਜ਼ਾਰ ਰੁਪਏ ਦੀ ਨਗਦੀ ਤੇ ਗਹਿਣੇ ਅਤੇ ਉਸਦੀ ਭਤੀਜੀ ਸ਼ਾਮਲੀ ਦੇ ਪਰਸ ਵਿਚੋਂ 24 ਹਜ਼ਾਰ ਰੁਪਏ ਅਤੇ ਗਹਿਣੇ ਚੋਰੀ ਕਰਕੇ ਲੈ ਗਏ। ਇਸ ਤੋਂ ਬਾਅਦ ਚੋਰ ਇਸੇ ਗਲੀ 'ਚ ਸਥਿਤ ਚੰਪਾ ਦੇਵੀ ਪਤਨੀ ਅਸ਼ੋਕ ਕੁਮਾਰ ਦੇ ਘਰ 'ਚ ਵੀ ਦਾਖ਼ਲ ਹੋਏ ਅਤੇ ਜਦੋਂ ਘਰ ਵਿਚੋਂ ਕੁੱਝ ਨਾ ਮਿਲਿਆ ਤਾਂ ਚੰਪਾ ਦੇਵੀ ਦੇ ਲੜਕੇ ਸ਼ੁਭਮ ਦੀ ਪੈਂਟ ਵਿਚੋਂ ਕਰੀਬ 1200 ਰੁਪਏ ਦੀ ਨਕਦੀ ਕੱਢ ਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਸਬੰਧੀ ਚੋਰ ਦੇ ਗਲੀ 'ਚ ਦਾਖਲ ਹੋਣ ਦੇ ਬਾਅਦ 'ਚ ਨਿਕਲਣ ਸਮੇਂ ਦੀ ਤਸਵੀਰ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ।

shivani attri

This news is Content Editor shivani attri