ਨਕਦੀ ਤੇ ਗਹਿਣੇ ਚੋਰੀ ਕਰਨ ਵਾਲੀ ਔਰਤ ਖੁਫੀਆ ਕੈਮਰੇ ਦੀ ਮਦਦ ਨਾਲ ਕਾਬੂ

02/18/2020 4:49:20 PM

ਹੁਸ਼ਿਆਰਪੁਰ (ਅਮਰਿੰਦਰ)— ਸਥਾਨਕ ਮੁਹੱਲਾ ਤੁਲਸੀ ਨਗਰ 'ਚ ਸਥਿਤ ਇਕ ਘਰ 'ਚੋਂ ਰੁਪਏ ਅਤੇ ਗਹਿਣੇ ਚੋਰੀ ਕਰਨ ਵਾਲੀ ਔਰਤ ਨੂੰ ਪੀੜਤ ਪਰਿਵਾਰ ਨੇ ਖੁਫੀਆ ਕੈਮਰੇ ਦੀ ਮਦਦ ਨਾਲ ਕਾਬੂ ਕਰ ਲਿਆ। ਘਰ 'ਚ ਜਦੋਂ ਚੋਰੀ ਹੋਣ ਬਾਰੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਘਰ ਵਿਚ ਸਫਾਈ ਕਰਨ ਆਉਂਦੀ ਸ਼ੱਕ ਹੋਇਆ ਪਰ ਕੋਈ ਸਬੂਤ ਨਾ ਹੋਣ ਕਾਰਨ ਉਹ ਉਸ ਨੂੰ ਦੋਸ਼ੀ ਨਹੀਂ ਠਹਿਰਾਅ ਸਕਦੇ ਸਨ। ਉਨ੍ਹਾਂ ਚੋਰ ਨੂੰ ਕਾਬੂ ਕਰਨ ਲਈ ਘਰ 'ਚ ਖੁਫੀਆ ਕੈਮਰਾ ਲਵਾ ਦਿੱਤਾ। ਹਫਤੇ ਬਾਅਦ ਉਹ ਕੈਮਰੇ 'ਚ ਕੈਦ ਦ੍ਰਿਸ਼ ਵੇਖ ਕੇ ਹੈਰਾਨ ਰਹਿ ਗਏ।

ਉਨ੍ਹਾਂ ਦੇਖਿਆ ਕਿ ਔਰਤ ਨੇ ਬੜੀ ਚਲਾਕੀ ਨਾਲ ਅਲਮਾਰੀ ਦਾ ਤਾਲਾ ਖੋਲ੍ਹ ਕੇ ਉਸ ਵਿਚੋਂ ਕਦੇ ਪੈਸੇ ਤਾਂ ਕਦੇ ਗਹਿਣੇ ਕੱਢ ਲਏ। ਉਨ੍ਹਾਂ ਨੂੰ ਉਦੋਂ ਹੋਰ ਵੀ ਜ਼ਿਆਦਾ ਹੈਰਾਨੀ ਹੋਈ ਜਦੋਂ ਉਨ੍ਹਾਂ ਉਕਤ ਔਰਤ ਕੋਲ ਘਰ ਦੀਆਂ ਨਕਲੀ ਚਾਬੀਆਂ ਦਾ ਗੁੱਛਾ ਦੇਖਿਆ। ਪਰਿਵਾਰ ਨੇ ਔਰਤ ਵਿਰੁੱਧ ਸਬੂਤ ਜੁਟਾਉਣ ਉਪਰੰਤ ਇਸ ਦੀ ਜਾਣਕਾਰੀ ਵਾਰਡ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਨੂੰ ਦਿੱਤੀ, ਜਿਨ੍ਹਾਂ ਨੇ ਇਸ ਸਬੰਧੀ ਪੁਲਸ ਨੂੰ ਸੂਚਤ ਕੀਤਾ। ਕੌਂਸਲਰ ਬਿੱਟੂ ਦੀ ਹਾਜ਼ਰੀ ਵਿਚ ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਗਈ।


ਇਸ ਸਬੰਧੀ ਜਾਣਕਾਰੀ ਦਿੰਦੇ ਸੁਨੇਹਾ ਤ੍ਰਿਪਾਠੀ ਨਿਵਾਸੀ ਮੁਹੱਲਾ ਤੁਲਸੀ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਸੋਨੂੰ ਉਰਫ ਰਿੰਪੀ ਪਤਨੀ ਵਿੱਕੀ ਨਿਵਾਸੀ ਮੁਹੱਲਾ ਕੱਚੇ ਕੁਆਰਟਰ, ਸਾਹਮਣੇ ਛੱਜਾ ਵਾਲੀ ਗਲੀ ਕਰੀਬ ਦੋ ਸਾਲ ਤੋਂ ਕੰਮ ਕਰ ਰਹੀ ਸੀ। ਉਨ੍ਹਾਂ ਦਾ ਮਕਾਨ ਤਿੰਨ ਮੰਜ਼ਿਲਾ ਹੋਣ ਕਾਰਣ ਉਹ ਕਈ ਵਾਰ ਸਰਦੀਆਂ 'ਚ ਧੁੱਪ ਸੇਕਣ ਲਈ ਛੱਤ 'ਤੇ ਚਲੇ ਜਾਂਦੇ ਸਨ ਅਤੇ ਸੋਨੂੰ ਇਕੱਲੀ ਹੀ ਘਰ ਵਿਚ ਹੇਠਾਂ ਸਫਾਈ ਕਰਦੀ ਸੀ, ਜਿਸ 'ਤੇ ਉਨ੍ਹਾਂ ਨੂੰ ਕਦੇ ਸ਼ੱਕ ਨਹੀਂ ਹੋਇਆ। ਜਦੋਂ ਉਨ੍ਹਾਂ ਦੇ ਘਰੋਂ ਕੁਝ ਪੈਸੇ ਅਤੇ ਗਹਿਣੇ ਗਾਇਬ ਹੋਏ ਤਾਂ ਉਨ੍ਹਾਂ ਨੇ ਚੋਰ ਨੂੰ ਕਾਬੂ ਕਰਨ ਲਈ ਖੁਫੀਆ ਕੈਮਰਾ ਲੁਆ ਲਿਆ, ਜਿਸ ਦੀ ਮਦਦ ਨੂੰ ਉਸ ਨੂੰ ਕਾਬੂ ਕਰ ਲਿਆ ਗਿਆ। ਉਕਤ ਔਰਤ ਵੱਲੋਂ ਹੁਣ ਤੱਕ ਕਰੀਬ 30 ਹਜ਼ਾਰ ਰੁਪਏ, ਸੋਨੇ ਦੀਆਂ ਚਾਰ ਚੂੜੀਆਂ, ਚੇਨ, ਦੋ ਟਾਪਸ, ਦੋ ਕਾਂਟੇ ਅਤੇ ਦੋ ਅੰਗੂਠੀਆਂ ਚੋਰੀ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਦੋਂ ਥਾਣਾ ਮਾਡਲ ਟਾਊਨ ਦੇ ਮੁਖੀ ਵਿਕਰਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।

shivani attri

This news is Content Editor shivani attri