ਹੋਲੀ ਦੇ ਤਿਉਹਾਰ ਮੌਕੇ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ

03/17/2022 6:48:31 PM

ਸੁਲਤਾਨਪੁਰ ਲੋਧੀ (ਧੀਰ)-ਬਾਜ਼ਾਰਾਂ ’ਚ ਰੰਗ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ ਸਜਣ ਲੱਗੀਆਂ ਹਨ ਅਤੇ ਇਨ੍ਹਾਂ ਦੀ ਖ਼ਰੀਦਦਾਰੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕੋਰੋਨਾ ਨਾਲ ਦੋ ਸਾਲ ਤੱਕ ਲੜਣ ਮਗਰੋਂ ਇਸ ਸਾਲ ਹੋਲੀ ਦਾ ਰੰਗ ਲੋਕਾਂ ਦੇ ਸਿਰ ’ਤੇ ਚੜ੍ਹ ਕੇ ਬੋਲੇਗਾ ਕਿਉਂਕਿ ਇਸ ਵਾਰ ਲੋਕਾਂ ਨੇ ਪੰਜਾਬ ਦੀ ਰਾਜਨੀਤੀ ’ਚ ਵੱਡਾ ਬਦਲਾਅ ਕਰਦਿਆਂ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਸੱਤਾ ’ਚ ਲਿਆਂਦਾ ਹੈ।
ਪਿਛਲੇ ਕਰੀਬ ਦੋ ਸਾਲਾਂ ਤੋਂ ਕੋਰੋਨਾ ਕਾਰਨ ਅਤੇ ਸਰਕਾਰ ਦੀਆਂ ਪਾਬੰਦੀਆਂ ਕਾਰਨ ਤਿਉਹਾਰਾਂ ਦੌਰਾਨ ਬਾਜ਼ਾਰਾਂ ’ਚ ਹੋਣ ਵਾਲੀ ਵਿਕਰੀ ’ਤੇ ਵੀ ਗ੍ਰਹਿਣ ਜਿਹਾ ਲੱਗ ਗਿਆ ਸੀ ਪਰ ਇਸ ਵਾਰ ਜਿੱਥੇ ਸਰਕਾਰ ਵੱਲੋਂ ਪਾਬੰਦੀਆਂ ਹਟਾਈਆਂ ਗਈਆਂ ਹਨ, ਉਥੇ ਹੀ ਬਾਜ਼ਾਰਾਂ ’ਚ ਵੀ ਰੌਣਕ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ: ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ, ਵੇਖੋ ਤਸਵੀਰਾਂ

ਕੋਰੋਨਾ ਦੇ ਗ੍ਰਹਿਣ ਕਾਰਨ ਦੁਕਾਨਦਾਰ ਵੀ 2 ਸਾਲਾਂ ਤੋਂ ਹੋਲੀ, ਦੀਵਾਲੀ ਤੇ ਹੋਰ ਤਿਉਹਾਰਾਂ ’ਤੇ ਸਾਮਾਨ ਵੀ ਨਹੀਂ ਮੰਗਵਾ ਸਕਦੇ ਸਨ, ਜਿਸ ਕਾਰਨ ਘਰਾਂ ’ਚ ਵੀ ਤਿਉਹਾਰ ਸੁੰਨੇ ਨਜ਼ਰ ਆਉਂਦੇ ਸਨ। ਕੋਰੋਨਾ ਦਾ ਖ਼ੌਫ਼ ਘੱਟ ਹੁੰਦਿਆਂ ਹੀ ਹੋਲੀ ਦੇ ਤਿਉਹਾਰ ਦਾ ਰੰਗ ਦਿਖਾਈ ਦੇਣ ਲੱਗਿਆ ਹੈ। ਪਿਛਲੇ ਦੋ ਸਾਲਾਂ ਤੋਂ ਬਾਜ਼ਾਰਾਂ ’ਚ ਛਾਈ ਸੁੰਨਸਾਨ ਮਗਰੋਂ ਹੁਣ ਬਾਜ਼ਾਰਾਂ ’ਚ ਚਾਰੇ ਪਾਸੇ ਚਹਿਲ-ਪਹਿਲ ਵੀ ਸੁਰੂ ਹੋ ਚੁੱਕੀ ਹੈ। ਹੋਲੀ ਦੇ ਤਿਉਹਾਰ ਸਬੰਧੀ ਜਿੱਥੇ ਦੁਕਾਨਦਾਰਾਂ ’ਚ ਭਾਰੀ ਉਤਸਾਹ ਵਿਖਾਈ ਦੇ ਰਿਹਾ ਹੈ ਤਾਂ ਗਾਹਕਾਂ ’ਚ ਵੀ ਉਮੰਗ ਦਿੱਸਣੀ ਸੁਰੂ ਹੋ ਗਈ ਹੈ। ਬਾਜ਼ਾਰਾਂ ’ਚ ਦੁਕਾਨਦਾਰਾਂ ਨੇ ਪਿਚਕਾਰੀਆਂ, ਰੰਗ ਗੁਲਾਲ, ਚੰਦਨ ਦੀ ਡੱਬੀ, ਰੰਗੀਨ ਟੋਪੀ, ਗੁਬਾਰੇ ਸਮੇਤ ਹੋਲੀ ਨਾਲ ਸਬੰਧਤ ਹੋਰ ਸਮੱਗਰੀ ਦੇ ਆਰਡਰ ਬੁੱਕ ਕਰਵਾ ਦਿੱਤੇ ਹਨ ਤਾਂ ਕੁਝ ਦੁਕਾਨਦਾਰਾਂ ਨੇ ਤਾਂ ਇਸ ਤਰ੍ਹਾਂ ਦੇ ਸਾਮਾਨ ਦੀ ਵਿੱਕਰੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।

ਆਖਰੀ ਸਾਹ ਗਿਣ ਰਹੀਆਂ ਚਾਈਨੀਜ਼ ਪਿਚਕਾਰੀਆਂ
ਹੋਲੀ ਮੌਕੇ ਛੋਟੇ ਬੱਚਿਆਂ ਨੂੰ ਪਿਚਕਾਰੀਆਂ ਕਾਫ਼ੀ ਚੰਗੀ ਲੱਗਦੀਆਂ ਹਨ, ਜੋ ਸਵੇਰ ਤੋਂ ਹੀ ਲੋਕਾਂ ਅਤੇ ਆਪਣੇ ਦੋਸਤਾਂ ’ਤੇ ਰੰਗਦਾਰ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਇਸ ਵਾਰ ਚਾਈਨੀਜ਼ ਪਿਚਕਾਰੀਆਂ ਮਾਰਕੀਟ ’ਚ ਵਿਕਣ ਲਈ ਨਹੀਂ ਆਈਆਂ। ਦੁਕਾਨਦਾਰਾਂ ਦੀ ਮੰਨੀਏ ਤਾਂ ਸਰਕਾਰ ਨੇ ਡਿਊਟੀ 400 ਫੀਸਦੀ ਲਾ ਦਿੱਤੀ ਹੈ। ਇਸ ਕਾਰਨ ਚਾਈਨੀਜ਼ ਪਿਚਕਾਰੀ ਮੰਗਵਾਉਣਾ ਮਹਿੰਗਾ ਪਵੇਗਾ, ਉਥੇ ਇੰਡੀਅਨ ਪਿਚਕਾਰੀ ਗਾਹਕ ਘੱਟ ਲੈਂਦੇ ਹਨ। ਗਾਹਕ ਚਾਈਨੀਜ਼ ਹੀ ਮੰਗਵਾਉਂਦੇ ਹਨ। ਹੁਣ ਜੋ ਪੁਰਾਣਾ ਮਾਲ ਹੈ ਉਹੀ ਪੁੱਛਿਆ ਜਾ ਰਿਹਾ ਹੈ, ਨਵਾਂ ਮਾਲ ਕੋਈ ਨਹੀਂ ਖਰੀਦਿਆ ਗਿਆ। ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਦੋ ਸਾਲ ਕੋਰੋਨਾ ਕਾਰਨ ਹੋਲੀ ਦਾ ਰੰਗ ਫਿਕਾ ਰਿਹਾ। ਇਸ ਵਾਰ ਲੋਕਾਂ ’ਚ ਹੋਲੀ ਦਾ ਉਤਸਾਹ ਹੈ ਜਿਸ ਕਾਰਨ ਰੰਗ ਗੁਲਾਲ ਦੀ ਕੁਝ ਚੰਗੀ ਸੇਲ ਹੋ ਰਹੀ ਹੈ।ਇਸ ਵਾਰ ਚਾਈਨੀਜ ਮਾਲ ਦੀ ਥਾਂ ਇੰਡੀਅਨ ਪਿਚਕਾਰੀਆਂ ਆਈਆਂ ਹਨ ਚਾਈਨੀਜ ਮਾਲ ਦਾ ਤਾਂ ਪਿਛਲਾ ਸਟਾਕ ਮਾਰਕੀਟ ’ਚ ਹੈ। ਇਸ ਵਾਰ ਹੋਲੀ ’ਤੇ ਖਾਸ ਤਰਾਂ ਦੀ ਮੰਗ ਹੈ। ਜਿਸ ’ਚ ਕਲਰਫੁਲ ਪਟਾਕੇ, ਚੰਦਨ ਦਾ ਰੰਗ, ਪਾਣੀ ਦੇ ਆਟੋਮੈਟਿਕ ਗੁਬਾਰੇ, ਸਿਲੰਡਰ, ਟੈਂਕੀ, ਡੋਰੇਮੋਨ ਤੋਂ ਲੈ ਕੇ ਵਾਟਰ ਗੰਨ ਮੁੱਖ ਹਨ। ਘੱਟੋ-ਘੱਟ 80 ਰੁਪਏ ਤੋਂ ਲੈ ਕੇ 500 ਰੁਪਏ ਦੀ ਪਿਚਕਾਰੀ ਵਿਕਰੀ ਲਈ ਉਪਲੱਬਧ ਹੈ।

ਇਹ ਵੀ ਪੜ੍ਹੋ: ਇਕੱਠਿਆਂ ਬਲੀਆਂ ਸੜਕ ਹਾਦਸੇ 'ਚ ਮਰੇ ਦੋ ਭਰਾਵਾਂ ਸਣੇ 3 ਦੋਸਤਾਂ ਦੀਆਂ ਚਿਖ਼ਾਵਾਂ, ਰੋ-ਰੋ ਹਾਲੋ ਬੇਹਾਲ ਹੋਈਆਂ ਮਾਂਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri