ਭਾਰੀ ਬਾਰਿਸ਼ ਕਾਰਨ ਟਾਂਡਾ ’ਚ ਸੜਕਾਂ ਤੇ ਖਸਤਾ ਹਾਲਤ ਮਕਾਨਾਂ ਦਾ ਹੋਇਆ ਨੁਕਸਾਨ

07/23/2023 4:48:40 PM

ਟਾਂਡਾ ਉੜਮੁੜ (ਪਰਮਜੀਤ ਮੋਮੀ) : ਟਾਂਡਾ ਵਿਚ ਬੀਤੇ ਕੱਲ੍ਹ ਦਿਨ ਭਰ ਹੋਈ ਬਾਰਿਸ਼ ਕਾਰਨ ਕਈ ਸੰਪਰਕ ਸੜਕਾਂ ਅਤੇ ਖਸਤਾ ਹਾਲਤ ਮਕਾਨਾਂ ਦੇ ਨੁਕਸਾਨੇ ਜਾਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ ਹਨ। ਭਾਰੀ ਬਾਰਿਸ਼ ਕਾਰਨ ਪ੍ਰੇਮ ਗਲੀ ਨੇੜੇ ਪੀਰ ਬਾਬਾ ਲੱਖਦਾਤਾ ਵਾਰਡ ਨੰਬਰ 3 ਉੜਮੁੜ ਟਾਂਡਾ ਦੇ ਇਕ ਖਸਤਾ ਹਾਲਤ ਮਕਾਨ ’ਚ ਰਹਿ ਰਹੇ ਪਰਿਵਾਰ ਨੂੰ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਉਣ ਸ਼ਿਫ਼ਟ ਕਰਾ ਕੇ ਦੂਸਰੇ ਮਕਾਨ ਵਿਚ ਭੇਜਿਆ ਗਿਆ। ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਇਸ ਸਬੰਧੀ ਨਗਰ ਸੁਧਾਰ ਸਭਾ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ, ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ, ਥਾਣਾ ਟਾਂਡਾ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਅਤੇ ਅੱਜ ਹੋਈ ਬਾਰਿਸ਼ ਕਾਰਨ ਖਸਤਾ ਹਾਲਤ ਮਕਾਨ ਦੀ ਛੱਤ ਦਾ ਕੁਝ ਹਿੱਸਾ ਡਿੱਗ ਪਿਆ ਸੀ, ਗਨੀਮਤ ਰਹੀ ਕਿ ਇਸ ਸਮੇਂ ਕੋਈ ਘਟਨਾ ਨਹੀਂ ਵਾਪਰੀ ਤੇ ਕਿਸੇ ਨੂੰ ਕੋਈ ਸੱਟ-ਚੋਟ ਨਹੀਂ ਲੱਗੀ।

ਇਸ ਉਪਰੰਤ ਤੁਰੰਤ ਹੀ ਚੇਅਰਮੈਨ ਹਰਮੀਤ ਔਲਖ, ਆਮ ਆਦਮੀ ਪਾਰਟੀ ਦੇ ਸਿਟੀ ਪ੍ਰਧਾਨ ਜਗਜੀਵਨ ਜੱਗੀ, ਯੂਥ ਆਗੂ ਪ੍ਰੇਮ ਪਡਵਾਲ, ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਔਰੜਾ, ਬਲਜੀਤ ਸੈਣੀ ਨੇ ਇਸ ਖਸਤਾ ਹਾਲਤ ਮਕਾਨ ਵਿਚ ਰਹਿ ਰਹੀ ਔਰਤ ਪ੍ਰਵੀਨ ਕੁਮਾਰੀ ਪਤਨੀ ਅਸ਼ੋਕ ਕੁਮਾਰ ਤੇ ਉਸ ਦੀ ਪੁੱਤਰੀ ਨੂੰ ਸੁਰੱਖਿਅਤ ਮਕਾਨ ’ਚ ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਸ਼ਿਫ਼ਟ ਕਰਾਇਆ।

ਇਸ ਤੋਂ ਇਲਾਵਾ ਭਾਰੀ ਬਾਰਿਸ਼ ਕਾਰਨ ਸਰਕਾਰੀ ਸਕੂਲ ਖੁੱਡਾ ਦੀ ਦੀਵਾਰ ਢਹਿ ਢੇਰੀ ਹੋ ਗਈ। ਖੁੱਡਾ ’ਚ ਕਈ ਨਵੇਂ ਅਤੇ ਪੁਰਾਣੇ ਮਕਾਨਾਂ ਨੂੰ ਤਰੇੜਾਂ ਵੀ ਆ ਗਈਆਂ। ਇਸੇ ਤਰ੍ਹਾਂ ਹੀ ਜੇਕਰ ਸੜਕਾਂ ਦੀ ਗੱਲ ਕਰੀਏ ਤਾਂ ਟਾਂਡਾ, ਸਲ੍ਹਾ ਰੋਡ, ਮੂਨਕਾਂ ਸੰਪਰਕ ਰੋਡ, ਟਾਂਡਾ ਢੋਲਵਾਹਾ, ਖੁੱਡਾ ਤੋਂ ਖੁਣਖੁਣ ਕਲਾਂ ਸੰਪਰਕ ਰੋਡ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਇਸ ਤੋਂ ਇਲਾਵਾ ਛੰਭ ਇਲਾਕੇ ਵਿਚ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।

Manoj

This news is Content Editor Manoj