250 ਕਰੋੜ ਦੀ ਸ਼ੁਰੂਆਤੀ ਬੋਲੀ ਨਾਲ ਸ਼ੁਰੂ ਹੋਵੇਗੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ

05/16/2019 10:44:51 AM

ਜਲੰਧਰ (ਪੁਨੀਤ)—112 ਕਰੋੜ ਰੁਪਏ ਦਾ ਬੈਂਕ ਲੋਨ ਚੁਕਾਉਣ 'ਚ ਅਸਮਰਥ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਪੰਜਾਬ ਨੈਸ਼ਨਲ ਬੈਂਕ ਨੀਲਾਮ ਕਰਵਾਉਣ ਜਾ ਰਿਹਾ ਹੈ। ਇਸ ਲਈ ਰਿਜ਼ਰਵ ਪ੍ਰਾਈਸ 250 ਕਰੋੜ ਰੁਪਏ ਰੱਖੀ ਗਈ ਹੈ। 17 ਮਈ ਤਕ ਬੋਲੀ 'ਚ ਹਿੱਸਾ ਲੈਣ ਲਈ ਅਪੀਲ ਕੀਤੀ ਜਾ ਸਕਦੀ ਹੈ। ਇਸ ਲਈ ਇੱਛੁਕ ਬੋਲੀਦਾਤਾ ਨੂੰ 10 ਫੀਸਦੀ ਈ. ਐੈੱਮ. ਡੀ. (ਅਰਨੈਸਟ ਮਨੀ ਡਿਪਾਜ਼ਿਟ) ਵੀ ਜਮ੍ਹਾ ਕਰਵਾਉਣਾ ਹੋਵੇਗਾ। ਈ-ਆਕਸ਼ਨ ਜ਼ਰੀਏ ਹੋਣ ਵਾਲੀ ਇਸ ਨੀਲਾਮੀ ਲਈ 25 ਕਰੋੜ ਦੀ ਰਕਮ ਬੈਂਕ 'ਚ ਜਮ੍ਹਾ ਕਰਵਾਉਣੀ ਹੋਵੇਗੀ। ਟਰੱਸਟ ਨੇ ਕੁਲ 480.50 ਕਰੋੜ ਰੁਪਏ ਦੀ ਪ੍ਰਾਪਰਟੀ ਨੂੰ ਨੀਲਾਮੀ 'ਚ ਰੱਖਿਆ ਹੈ। 250 ਕਰੋੜ ਦੇ ਸਟੇਡੀਅਮ ਤੋਂ ਇਲਾਵਾ 230.50 ਕਰੋੜ ਦੀ ਦੂਜੀ ਪ੍ਰਾਪਰਟੀ ਵੀ ਸ਼ਾਮਲ ਹੈ, ਇਹ ਪ੍ਰਾਪਰਟੀ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਗੁਰੂ ਗੋਬਿੰਦ ਸਿੰਘ ਐਵੇਨਿਊ, ਸੂਰੀਆ ਐਨਕਲੇਵ ਐਕਸਟੈਨਸ਼ਨ 'ਚ ਸਥਿਤ ਹੈ। 17 ਮਈ ਤਕ ਅਪੀਲ ਆਉਣ ਤੋਂ ਬਾਅਦ ਬੋਲੀ ਦੀ ਆਖਰੀ ਮਿਤੀ ਦਾ ਐਲਾਨ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਇੰਪਰੂਵਮੈਂਟ ਟਰੱਸਟ ਨੇ 2011 'ਚ 94.97 ਏਕੜ ਸੂਰੀਆ ਐਨਕਲੇਵ ਐਕਸਟੈਨਸ਼ਨ ਸਕੀਮ ਲਈ 175 ਕਰੋੜ ਦਾ ਲੋਨ ਲਿਆ ਸੀ ਪਰ ਟਰੱਸਟ 7-8 ਸਾਲਾਂ 'ਚ ਵੀ ਰਕਮ ਦੀ ਪੂਰੀ ਅਦਾਇਗੀ ਨਹੀਂ ਕਰ ਸਕਿਆ। ਪਿਛਲੇ ਸਾਲ 31 ਮਾਰਚ ਨੂੰ ਟਰੱਸਟ ਦੀ ਲੋਨ ਬਕਾਇਆ ਰਕਮ 112 ਕਰੋੜ ਸੀ ਅਤੇ ਟਰੱਸਟ ਦਾ ਅਕਾਊਂਟ ਪੀ. ਐੱਨ. ਬੀ. ਬੈਂਕ ਦੁਆਰਾ ਐੈੱਨ. ਪੀ. ਏ. (ਨਾਨ ਪਰਫਾਰਮਿੰਗ ਐਸੇਟ) ਕਰ ਦਿੱਤਾ ਗਿਆ। ਇਸ ਤੋਂ ਬਾਅਦ ਬੈਂਕ ਨੇ ਟਰੱਸਟ ਦੀ ਪ੍ਰਾਪਰਟੀ 'ਤੇ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ। 28.8.18 ਨੂੰ ਬੈਂਕ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਸਿੰਬਾਲਿਕ ਸੀਲ ਲਗਾ ਦਿੱਤੀ ਇਸ ਤੋਂ ਬਾਅਦ ਹੋਰ ਪ੍ਰਾਪਰਟੀ 'ਤੇ ਕਬਜ਼ਾ ਕਰਦੇ ਹੋਏ 01.09.18 ਨੂੰ ਹੋਰ ਪ੍ਰਾਪਰਟੀ 'ਤੇ ਟਰੱਸਟ ਨੇ ਫਿਜ਼ੀਕਲੀ ਪੋਜੈਸ਼ਨ ਲੈ ਲਿਆ। ਟਰੱਸਟ ਨੇ ਬੈਂਕ ਤੋਂ ਲੋਨ ਲੈਂਦੇ ਸਮੇਂ 577 ਕਰੋੜ ਦੀ ਪ੍ਰਾਪਰਟੀ ਨੂੰ ਗਿਰਵੀ ਰੱਖਿਆ ਸੀ, ਜਿਸ 'ਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਕੀਮਤ 288 ਕਰੋੜ ਰੁਪਏ ਲਗਾਈ ਗਈ ਸੀ, ਜਦੋਂਕਿ ਹੋਰ ਪ੍ਰਾਪਰਟੀ ਦੀ ਕੀਮਤ 289 ਕਰੋੜ ਰੁਪਏ ਲਗਾਈ ਗਈ ਸੀ।
ਬੈਂਕ ਨੇ ਨੀਲਾਮੀ 'ਚ ਕੀਮਤਾਂ ਘਟਾਈਆਂ
ਪੰਜਾਬ ਨੈਸ਼ਨਲ ਬੈਂਕ ਵੱਲੋਂ ਟਰੱਸਟ ਦੀਆਂ ਜਾਇਦਾਦਾਂ ਦੀ ਪਹਿਲੀ ਵਾਰ ਈ-ਆਕਸ਼ਨ ਕਰਵਾਈ ਜਾ ਚੁੱਕੀ ਹੈ ਪਰ ਕੋਈ ਰਿਸਪਾਂਸ ਨਹੀਂ ਮਿਲਿਆ ਸੀ। ਇਸ ਕਾਰਨ ਬੈਂਕ ਵੱਲੋਂ ਇਸ ਵਾਰ ਜਾਇਦਾਦਾਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ। ਉਥੇ ਟਰੱਸਟ ਨੇ ਵੀ ਪਿਛਲੇ ਸਮੇਂ ਦੌਰਾਨ ਆਪਣੀਆਂ ਜਾਇਦਾਦਾਂ ਵੇਚਣ ਲਈ ਨੀਲਾਮੀ ਮੌਕੇ ਇਕ ਵੀ ਸਾਈਟ ਨਹੀਂ ਵਿਕ ਸਕੀ। ਕਿਹਾ ਜਾ ਸਕਦਾ ਹੈ ਕਿ ਪਬਲਿਕ ਦਾ ਟਰੱਸਟ ਜਾਇਦਾਦਾਂ ਪ੍ਰਤੀ ਮੋਹ ਭੰਗ ਹੋ ਚੁੱਕਾ ਹੈ ਹੁਣ ਬੈਂਕ ਨੂੰ ਕੀਮਤ ਘੱਟ ਕਰਕੇ ਕੀ ਰਿਸਪਾਂਸ ਮਿਲਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਨੀਲਾਮੀ ਦੀ ਆਖਰੀ ਤਰੀਕ ਦੇ ਬਾਰੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ।
ਟਰੱਸਟ ਨੇ ਨਿਗਮ ਤੋਂ ਲੈਣੇ ਹਨ 31 ਕਰੋੜ
ਇੰਪਰੂਵਮੈਂਟ ਟਰੱਸਟ ਨੇ ਨਗਰ ਨਿਗਮ ਤੋਂ 36 ਕਰੋੜ ਰੁਪਏ ਲੈਣੇ ਸਨ, ਜਿਸ 'ਚੋਂ 5 ਕਰੋੜ ਪਿਛਲੇ ਸਮੇਂ ਦੌਰਾਨ ਲੋਕਲ ਬਾਡੀ ਵਿਭਾਗ ਨੇ ਟਰੱਸਟ ਦੇ ਖਾਤੇ ਤੋਂ ਕੱਟ ਕੇ ਟਰੱਸਟ ਨੂੰ ਦਿੱਤੇ ਸਨ। ਇਸ ਤੋਂ ਬਾਅਦ 31 ਕਰੋੜ ਰੁਪਏ ਵਾਪਸ ਲੈਣ ਲਈ ਟਰੱਸਟ ਵੱਲੋਂ ਲੋਕਲ ਬਾਡੀ ਵਿਭਾਗ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਟਰੱਸਟ ਨੂੰ ਰਾਸ਼ੀ ਨਹੀਂ ਮਿਲ ਰਹੀ। ਨਿਗਮ ਦੀ ਹਾਲਤ ਇਸ ਸਮੇਂ ਬੇਹੱਦ ਪਤਲੀ ਹੈ। ਟਰੱਸਟ ਲੋਨ ਚੁਕਾਉਣ ਵਿਚ ਅਸਮਰੱਥ ਹੈ। ਟਰੱਸਟ ਨੇ ਪੀ. ਐੱਨ. ਬੀ. ਦੇ ਲੋਨ ਦੇ ਨਾਲ ਨਾਲ ਕਰੀਬ 250 ਕਰੋੜ ਰੁਪਏ ਦੀ ਇਨਹਾਂਸਮੈਂਟ ਦੀ ਰਾਸ਼ੀ ਸ਼ਾਮਲ ਹੈ ਜੋ ਕਿ ਕਿਸਾਨਾਂ ਨੂੰ ਅਦਾ ਕੀਤੀ ਜਾਣੀ ਹੈ। ਇਸ ਰਾਸ਼ੀ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਕੇਸ ਵਿਚਾਰ ਅਧੀਨ ਹੈ।

shivani attri

This news is Content Editor shivani attri