ਜਿਨ੍ਹਾਂ ਕੋਲ GST ਨੰਬਰ ਹਨ, ਉਨ੍ਹਾਂ ਨੂੰ ਹੁਣ ਪਾਣੀ-ਸੀਵਰ ਦਾ ਬਿੱਲ ਵੀ ਕਮਰਸ਼ੀਅਲ ਦੇਣਾ ਹੋਵੇਗਾ

04/20/2023 2:02:05 PM

ਜਲੰਧਰ (ਖੁਰਾਣਾ)–ਸ਼ਹਿਰ ਵਿਚ ਜਿਨ੍ਹਾਂ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੇ ਜੀ. ਐੱਸ. ਟੀ. ਨੰਬਰ ਲਏ ਹੋਏ ਹਨ, ਉਨ੍ਹਾਂ ਨੂੰ ਹੁਣ ਆਪਣੇ-ਆਪਣੇ ਕੰਪਲੈਕਸਾਂ ਨਾਲ ਸਬੰਧਤ ਵਾਟਰ-ਸੀਵਰ ਦੇ ਬਿੱਲ ਕਮਰਸ਼ੀਅਲ ਰੇਟ ’ਤੇ ਦੇਣੇ ਹੋਣਗੇ। ਜ਼ਿਕਰਯੋਗ ਹੈ ਕਿ ਨਗਰ ਨਿਗਮ ਨੇ ਕੁਝ ਹਫ਼ਤੇ ਪਹਿਲਾਂ ਜਲੰਧਰ ਦੇ ਜੀ. ਐੱਸ. ਟੀ. ਵਿਭਾਗ ਤੋਂ ਇਹ ਡਾਟਾ ਮੰਗਵਾਇਆ ਸੀ ਕਿ ਸ਼ਹਿਰ ਵਿਚ ਕਿੰਨੇ ਲੋਕਾਂ ਕੋਲ ਜੀ. ਐੱਸ. ਟੀ. ਨੰਬਰ ਹਨ। ਇਕ ਸੂਚਨਾ ਮੁਤਾਬਕ ਨਿਗਮ ਹੱਦ ਦੇ ਅੰਦਰ 50 ਹਜ਼ਾਰ ਤੋਂ ਜ਼ਿਆਦਾ ਕਾਰੋਬਾਰੀਆਂ ਕੋਲ ਜੀ. ਐੱਸ. ਟੀ. ਨੰਬਰ ਹਨ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਇਹ ਕਮਰਸ਼ੀਅਲ ਗਤੀਵਿਧੀਆਂ ਵਿਚ ਸ਼ਾਮਲ ਹਨ।

ਨਿਗਮ ਨੇ ਸਭ ਤੋਂ ਪਹਿਲਾਂ ਇਸ ਡਾਟਾ ਦਾ ਮਿਲਾਨ ਨਿਗਮ ਦੀ ਲਾਇਸੈਂਸ ਸ਼ਾਖਾ ਵਿਚ ਉਪਲੱਬਧ ਰਿਕਾਰਡ ਨਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਨਿਗਮ ਵਿਚ ਸਿਰਫ਼ 10 ਹਜ਼ਾਰ ਦੇ ਲਗਭਗ ਕਾਰੋਬਾਰੀ ਹੀ ਲਾਇਸੈਂਸ ਫ਼ੀਸ ਚੁਕਾ ਰਹੇ ਹਨ। ਹੁਣ ਇਸ ਸਾਲ ਤੋਂ ਨਿਗਮ ਉਨ੍ਹਾਂ ਸਾਰੇ ਜੀ. ਐੱਸ. ਟੀ. ਧਾਰਕਾਂ ਨੂੰ ਲਾਇਸੈਂਸ ਬਰਾਂਚ ਵੱਲੋਂ ਨੋਟਿਸ ਭੇਜਿਆ ਜਾਵੇਗਾ ਅਤੇ ਲਾਇਸੈਂਸ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਜਾਵੇਗਾ। ਜੀ. ਐੱਸ. ਟੀ. ਵਿਭਾਗ ਤੋਂ ਪ੍ਰਾਪਤ ਇਸੇ ਡਾਟਾ ਨੂੰ ਹੁਣ ਨਿਗਮ ਦੇ ਵਾਟਰ ਟੈਕਸ ਵਿਭਾਗ ਨੂੰ ਵੀ ਸੌਂਪਿਆ ਜਾ ਰਿਹਾ ਹੈ ਤਾਂ ਜੋ ਕਮਰਸ਼ੀਅਲ ਟੈਕਸ ਨਾ ਦੇਣ ਵਾਲੇ ਡਿਫਾਲਟਰ ਪਕੜ ਵਿਚ ਆ ਸਕਣ।

ਇਹ ਵੀ ਪੜ੍ਹੋ : ਜਲੰਧਰ ਦੇ ਇਸ ਇਲਾਕੇ 'ਚ ਚੱਲ ਰਿਹੈ ਦੇਹ ਵਪਾਰ ਦਾ ਧੰਦਾ, ਸਟਿੰਗ ਆਪ੍ਰੇਸ਼ਨ ਦੌਰਾਨ ਸਾਹਮਣੇ ਆਈਆਂ ਹੈਰਾਨੀਜਨਕ ਗੱਲਾਂ

ਵਾਟਰ ਟੈਕਸ ਦੀ ਘੱਟ ਉਗਰਾਹੀ ’ਤੇ ਕਮਿਸ਼ਨਰ ਨੇ ਲਗਾਈ ਬਰਾਂਚ ਦੀ ਤਲਾਸ਼
31 ਮਾਰਚ ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਵਾਰ ਘੱਟ ਰੈਵੇਨਿਊ ਇਕੱਠਾ ਕੀਤਾ। ਪਿਛਲੇ ਸਾਲ ਵਿਚ ਜਿੱਥੇ ਇਸ ਬਰਾਂਚ ਨੇ ਲਗਭਗ 23 ਕਰੋੜ ਟੈਕਸ ਇਕੱਠਾ ਕੀਤਾ ਸੀ, ਇਸ ਵਾਰ ਉਗਰਾਹੀ ਸਿਰਫ਼ 17 ਕਰੋੜ ਦੇ ਆਸ-ਪਾਸ ਹੋਈ। ਇਸ ’ਤੇ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਬਰਾਂਚ ਦੀ ਕਲਾਸ ਲਗਾਉਂਦਿਆਂ ਕਿਹਾ ਕਿ ਲੁਧਿਆਣਾ ਨਗਰ ਨਿਗਮ ਨੇ ਵੀ ਇਨ੍ਹਾਂ ਹੀ ਹਾਲਾਤ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਜ਼ਿਆਦਾ ਟੈਕਸ ਇਕੱਠਾ ਕਰ ਕੇ ਦਿਖਾਇਆ। ਬਰਾਂਚ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਬਕਾ ਮੁੱਖ ਮੰਤਰੀ ਚੰਨੀ ਨੇ ਪਾਣੀ-ਸੀਵਰ ਦੇ ਸਾਰੇ ਬਕਾਏ ਮੁਆਫ਼ ਕਰ ਦਿੱਤੇ ਸਨ ਅਤੇ ਰੇਟ ਵੀ ਕਾਫ਼ੀ ਘੱਟ ਕਰ ਦਿੱਤੇ ਸਨ, ਜਿਸ ਦਾ ਸਿੱਧਾ ਅਸਰ ਮਾਲੀਆ ਉਗਰਾਹੀ ’ਤੇ ਪਿਆ।

ਸਿਰਫ਼ 13 ਹਜ਼ਾਰ ਲੋਕ ਹੀ ਦੇ ਰਹੇ ਕਮਰਸ਼ੀਅਲ ਵਾਟਰ ਟੈਕਸ
ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਵਾਟਰ ਟੈਕਸ ਬਰਾਂਚ ਦੇ ਰਿਕਾਰਡ ਅਨੁਸਾਰ ਸਿਰਫ 13 ਹਜ਼ਾਰ ਲੋਕ ਹੀ ਕਮਰਸ਼ੀਅਲ ਦਰ ਨਾਲ ਵਾਟਰ ਟੈਕਸ ਦੇ ਰਹੇ ਹਨ, ਜਦਕਿ ਜੀ. ਐੱਸ. ਟੀ. ਨੰਬਰ ਧਾਰਕ ਕਾਰੋਬਾਰੀਆਂ ਦੀ ਗਿਣਤੀ 50 ਹਜ਼ਾਰ ਤੋਂ ਪਾਰ ਹੈ। ਇਨ੍ਹਾਂ ਵਿਚੋਂ ਭਾਵੇਂ 10 ਹਜ਼ਾਰ ਦੇ ਲਗਭਗ ਵਪਾਰੀ ਸਰਵਿਸ ਨਾਲ ਸਬੰਧਤ ਕੰਮਕਾਜ ਵਿਚ ਹਨ ਪਰ ਆਉਣ ਵਾਲੇ ਸਮੇਂ ਵਿਚ ਸਾਰੇ ਕੰਪਲੈਕਸਾਂ ਦੀ ਚੈਕਿੰਗ ਕਰਕੇ ਉਨ੍ਹਾਂ ਤੋਂ ਕਮਰਸ਼ੀਅਲ ਵਾਟਰ ਟੈਕਸ ਵਸੂਲਿਆ ਜਾਵੇਗਾ। ਅਗਲੇ ਪੜਾਅ ਵਿਚ ਘਰੇਲੂ ਟੈਕਸਾਂ ਨੂੰ ਵੀ ਜਾਂਚ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਸ਼ਹਿਰ ਦੇ ਵੱਡੇ ਹੋਟਲਾਂ ਅਤੇ ਕਮਰਸ਼ੀਅਲ ਸੰਸਥਾਨਾਂ ਦੇ ਵਾਟਰ ਕੁਨੈਕਸ਼ਨਾਂ ਦੀ ਜਾਂਚ ਦੇ ਵੀ ਹੁਕਮ ਦਿੱਤੇ ਗਏ ਹਨ।

ਇਹ ਵੀ ਪੜ੍ਹੋ :  ਅੱਜ ਜਲੰਧਰ ਆਉਣਗੇ 'ਆਪ' ਸੁਪ੍ਰੀਮੋ ਕੇਜਰੀਵਾਲ ਤੇ CM ਮਾਨ, ਸੁਸ਼ੀਲ ਰਿੰਕੂ ਦੇ ਹੱਕ 'ਚ ਕਰਨਗੇ ਚੋਣ ਪ੍ਰਚਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri