ਕਰਿਆਨਾ ਸਟੋਰ ਮਾਲਕ ਦੇ ਕਾਤਲ ਨੂੰ ਨਸ਼ਾ ਸਪਲਾਈ ਕਰਨ ਵਾਲੇ ਬੰਟੀ ਦੇ 2 ਦੋਸਤ ਹੈਰੋਇਨ ਸਣੇ ਗ੍ਰਿਫ਼ਤਾਰ

06/30/2023 1:18:37 PM

ਜਲੰਧਰ (ਮ੍ਰਿਦੁਲ)–ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ 20 ਗ੍ਰਾਮ ਨਸ਼ੇ ਵਾਲੇ ਪਾਊਡਰ ਅਤੇ 60 ਗ੍ਰਾਮ ਹੈਰੋਇਨ ਸਮੇਤ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਮੁਲਜ਼ਮ ਬਸਤੀ ਗੁਜ਼ਾਂ ਮੇਨ ਬਾਜ਼ਾਰ ਸਥਿਤ ਕਰਿਆਨਾ ਦੁਕਾਨਦਾਰ ਪਰਮਜੀਤ ਅਰੋੜਾ ਨੂੰ ਲੁੱਟਣ ਤੋਂ ਬਾਅਦ ਕਤਲ ਕਰਨ ਵਾਲੇ ਲਵਪ੍ਰੀਤ ਨੂੰ ਨਸ਼ਾ ਸਪਲਾਈ ਕਰਨ ਵਾਲੇ ਚਿੱਟਾ ਸਮੱਗਲਰ ਬੰਟੀ ਦੇ ਦੋਸਤ ਹਨ। ਪੁਲਸ ਨੇ ਦੋਵਾਂ ਨੂੰ ਉਨ੍ਹਾਂ ਦੇ ਘਰ ਵਿਚੋਂ ਸੁੱਤੇ ਹੋਇਆਂ ਨੂੰ ਰੇਡ ਦੌਰਾਨ ਗ੍ਰਿਫ਼ਤਾਰ ਕੀਤਾ ਕਿਉਂਕਿ ਦੋਵਾਂ ਸਮੱਗਲਰਾਂ ਦਾ ਨਾਂ ਬੰਟੀ ਨੇ ਪੁੱਛਗਿੱਛ ਵਿਚ ਲਿਆ ਸੀ। ਮਾਮਲੇ ਨੂੰ ਲੈ ਕੇ ਪੁਲਸ ਨੇ ਕੇਸ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਚਿੱਟਾ ਸਮੱਗਲਰ ਬੰਟੀ ਜਿਸ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ, ਨੂੰ ਗ੍ਰਿਫ਼ਤਾਰ ਕੀਤਾ ਤਾਂ ਪਤਾ ਲੱਗਾ ਕਿ ਬੰਟੀ ਦੇ ਕਈ ਦੋਸਤ ਅਤੇ ਕਰਿੰਦੇ ਉਸ ਕੋਲੋਂ ਚਿੱਟਾ ਲੈ ਕੇ ਅੱਗੇ ਵੇਚਦੇ ਹਨ। ਇਸੇ ਕੜੀ ਤਹਿਤ ਪੁਲਸ ਨੇ ਬੰਟੀ ਦੇ ਦੋਸਤ ਬਸਤੀ ਗੁਜ਼ਾਂ ਦੇ ਭਗਵਾਨ ਵਾਲਮੀਕਿ ਮੁਹੱਲਾ ਨਿਵਾਸੀ ਮਨੀ ਸੱਭਰਵਾਲ ਅਤੇ ਬਸਤੀ ਸ਼ੇਖ ਨਿਵਾਸੀ ਅਮਰ ਪੁੱਤਰ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਦੇ ਘਰ ਜਦੋਂ ਰੇਡ ਕੀਤੀ ਗਈ ਤਾਂ ਉਸ ਸਮੇਂ ਉਹ ਸੌਂ ਰਹੇ ਸਨ ਅਤੇ ਉਨ੍ਹਾਂ ਦੇ ਬੈੱਡ ’ਤੇ ਪਏ ਸਿਰਹਾਣੇ ਹੇਠੋਂ ਉਕਤ ਹੈਰੋਇਨ ਬਰਾਮਦ ਹੋਈ।

ਇਹ ਵੀ ਪੜ੍ਹੋ-ਨਿੱਜੀ ਹੋਟਲ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਾਤ 'ਚ ਫੜੇ ਕੁੜੀਆਂ-ਮੁੰਡੇ

ਮੁਲਜ਼ਮ ਮਨੀ ਦੇ ਘਰ ਵਿਚੋਂ 35 ਗ੍ਰਾਮ ਹੈਰੋਇਨ ਅਤੇ 10 ਗ੍ਰਾਮ ਨਸ਼ੇ ਵਾਲਾ ਪਾਊਡਰ, ਜਦੋਂ ਕਿ ਅਮਰ ਦੇ ਘਰ ਵਿਚੋਂ 25 ਗ੍ਰਾਮ ਹੈਰੋਇਨ ਅਤੇ 10 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਪੁਲਸ ਨੇ ਤੁਰੰਤ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਇਸ ਐਂਗਲ ਤੋਂ ਜਾਂਚ ਕਰ ਰਹੀ ਹੈ ਕਿ ਉਕਤ ਚਿੱਟਾ ਸਮੱਗਲਰਾਂ ਦੀ ਚੇਨ ਵਿਚ ਹੋਰ ਕਿੰਨੇ ਸਮੱਗਲਰ ਸ਼ਾਮਲ ਹਨ ਤਾਂ ਕਿ ਸਾਰੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ। ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri