ਚੌਂਕੀ ਇੰਚਾਰਜ ਵਲੋਂ ਨੌਜਵਾਨਾਂ ਦੇ ਥੱਪੜ ਮਾਰਨ ''ਤੇ ਪਿੰਡ ਵਾਸੀਆਂ ਨੇ ਥਾਣੇ ਸਾਹਮਣੇ ਲਾਇਆ ਧਰਨਾ

07/18/2018 12:16:30 AM


ਗੁਰਾਇਆ,(ਮੁਨੀਸ਼)— ਥਾਣਾ ਗੁਰਾਇਆ ਅਧੀਨ ਪੈਂਦੀ ਚੌਕੀ ਦੋਸਾਂਝ ਕਲਾਂ ਦੇ ਇੰਚਾਰਜ ਵਲੋਂ ਗਲਤ ਵਿਵਹਾਰ ਕਰਨ 'ਤੇ ਗੁੱਸੇ 'ਚ ਆਏ ਪਿੰਡ ਵਿਰਕਾ, ਅਨੀਹਰ, ਕੋਟ ਗਰੇਵਾਲ, ਇਧਨਾ ਆਦਿ ਦੇ ਵਾਸੀਆਂ ਨੇ ਚੌਕੀ ਸਾਹਮਣੇ ਧਰਨਾ ਲਾ ਦਿੱਤਾ। ਇਸ ਦੌਰਾਨ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚੌਂਕੀ ਇੰਚਾਰਜ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ। ਇਸ ਬਾਰੇ ਪਿੰਡ ਵਿਰਕਾ ਦੇ ਸਰਪੰਚ ਰਾਮ ਸਰੂਪ ਅਤੇ ਸਾਬਕਾ ਸਰਪੰਚ ਸਤਪਾਲ ਵਿਰਕ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਪਿੰਡ ਦੇ ਇਕ ਧਾਰਮਿਕ ਸਥਾਨ ਦੇ ਪ੍ਰਧਾਨ ਅਤੇ ਫਗਵਾੜਾ 'ਚ ਸਰਕਾਰੀ ਨੌਕਰੀ ਕਰਦੇ ਸੰਤੋਖ ਲਾਲ ਪੁੱਤਰ ਸੋਹਣ ਲਾਲ ਸਮੇਤ ਹਰਿੰਦਰ ਕੁਮਾਰ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਵਿਰਕਾ ਥਾਣਾ ਗੁਰਾਇਆ 'ਚ ਸੈਰ ਕਰ ਰਹੇ ਸਨ ਕਿ ਇਸ ਦੌਰਾਨ ਦੋਸਾਝ ਕਲਾਂ ਦਾ ਚੌਂਕੀ ਇੰਚਾਰਜ ਆਪਣੇ 2 ਹੋਰ ਪੁਲਸ ਕਰਮਚਾਰੀਆਂ ਸਮੇਤ ਪਿੰਡ 'ਚ ਆਇਆ, ਜਿਸ ਨੇ ਬਿਨਾ ਕੋਈ ਪੁੱਛ-ਗਿੱਛ ਕੀਤੇ ਸੰਤੋਖ ਲਾਲ ਅਤੇ ਹਰਵਿੰਦਰ ਕੁਮਾਰ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਭੱਦੇ ਸ਼ਬਦ ਵੀ ਬੋਲੇ। 


ਇਸ ਬਾਰੇ ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਭਾਰੀ ਗਿਣਤੀ 'ਚ ਇੱਕਠੇ ਹੋ ਕੇ ਚੌਕੀ ਸਾਹਮਣੇ ਧਰਨਾ ਲੱਗਾ ਦਿੱਤਾ। ਸੰਤੋਖ ਲਾਲ ਨੇ ਦੱਸਿਆ ਕਿ ਉਹ ਸ਼ਰਾਬ ਪੀਣ ਦੀ ਗੱਲ ਤਾਂ ਦੂਰ ਉਹ ਕਿਸੇ ਵੀ ਨਸ਼ੇ ਨੂੰ ਹੱਥ ਤਕ ਨਹੀਂ ਲਗਾਉਂਦਾ। ਉਹ ਆਪਣੇ ਰਿਸ਼ਤੇਦਾਰ ਨੂੰ ਸ਼ਰਾਬ ਛੱਡਣ ਲਈ ਸਮਝਾ ਰਿਹਾ ਸੀ ਕਿ ਚੌਂਕੀ ਇੰਚਾਰਜ ਨੇ ਆ ਕੇ ਉਨ੍ਹਾਂ ਦੇ ਥੱਪੜ ਮਾਰ ਦਿੱਤੇ। ਇਸ ਮੌਕੇ ਰਾਮ ਸਰੂਪ ਚੱਬਾ ਸਤਪਾਲ, ਵਿਰਕ, ਅਸ਼ੋਕ ਕੁਮਾਰ, ਕੁਲਵੀਰ ਸਿੰਘ ਪੰਚ, ਪਾਲ ਚੰਦ, ਸੀਤਾ ਰਾਮ, ਦੀਪ ਕੁਮਾਰ ਅਤੇ ਕਸ਼ਮੀਰ ਸਿੰਘ ਸਮੇਤ ਹੋਰ ਪਿੰਡ ਵਾਸੀ ਭਾਰੀ ਗਿਣਤੀ 'ਚ ਚੌਂਕੀ ਸਾਹਮਣੇ ਮੌਜੂਦ ਸਨ।


ਧਰਨੇ ਦੀ ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਚ. ਓ. ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਕਰਨ ਮਗਰੋਂ ਚੌਂਕੀ ਇੰਚਾਰਜ ਦੀ ਗਲਤੀ ਸਾਹਮਣੇ ਆਈ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਚੌਂਕੀ ਇੰਚਾਰਜ ਦੋਸਾਝ ਕਲਾਂ ਨੂੰ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪਿੰਡ 'ਚ ਸ਼ਰਾਬ ਪੀਣ ਨਾਲ ਕਈ ਮੌਤ ਹੋ ਗਈਆਂ ਹਨ ਅਤੇ ਮੰਗਲਵਾਰ ਫਿਰ ਪਿੰਡ ਦੇ ਚੇਅਰਮੈਨ ਨੇ ਉਸ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਸੀ। ਜਦੋਂ ਉਹ ਪਿੰਡ ਗਿਆ ਤਾਂ ਉਥੇ 4-5 ਲੋਕ ਖੜੇ ਸਨ। ਜਿਨ੍ਹਾਂ ਨੂੰ 2 ਦਿਨ ਪਹਿਲਾਂ ਵੀ ਸਮਝਾਇਆ ਗਿਆ ਸੀ ਅਤੇ  ਚੇਤਾਵਨੀ ਦਿੱਤੀ ਗਈ ਸੀ ਪਰ ਉਹ ਨਹੀਂ ਹਟੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਬਲਕਿ ਗੁੱਸੇ 'ਚ ਉਨ੍ਹਾਂ ਨੂੰ ਉਥੋਂ ਜਾਣ ਲਈ ਜ਼ਰੂਰ ਕਿਹਾ ਸੀ। ਉਨ੍ਹਾਂ ਕਿਹਾ ਕਿ ਮੇਰੇ 'ਤੇ ਲਾਏ ਗਏ ਦੋਸ਼ ਬੇਬੁਨਿਆਦ ਹਨ।