ਹੁਣ ਗੂਗਲ ਲੋਕੇਸ਼ਨ ਦੇ ਆਧਾਰ ’ਤੇ ਨਾਜਾਇਜ਼ ਕਾਲੋਨੀਆਂ ਵਿਰੁੱਧ ਦਰਜ ਹੋਣ ਲੱਗੇ ਮਾਮਲੇ

12/30/2020 10:18:38 AM

ਜਲੰਧਰ (ਖੁਰਾਣਾ)- ਨਗਰ ਨਿਗਮ ਦੇ ਕਮਿਸ਼ਨਰ ਅਤੇ ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਕਰਣੇਸ਼ ਸ਼ਰਮਾ ਨੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਅਤੇ ਚੀਫ ਸੈਕਟਰੀ ਵਿੰਨੀ ਮਹਾਜਨ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਸ਼ਹਿਰ ਵਿਚ ਪਿਛਲੇ ਸਮੇਂ ਦੌਰਾਨ ਕੱਟੀਆਂ ਗਈਆਂ ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਕਾਲੋਨਾਈਜ਼ਰਾਂ ’ਤੇ ਸ਼ਿਕੰਜਾ ਕੱਸਦੇ ਦਰਜਨਾਂ ਕਾਲੋਨੀਆਂ ਵਿਰੁੱਧ ਪੁਲਸ ਕੇਸ ਦਰਜ ਕਰਵਾਉਣ ਦੀ ਜਿਹੜੀ ਸਿਫਾਰਸ਼ ਕੀਤੀ ਸੀ, ਭਾਵੇਂ ਉਸ ’ਤੇ ਸੱਤਾਧਾਰੀ ਕਾਂਗਰਸ ਦੇ ਮੰਤਰੀਆਂ ਨੇ ਕੁਝ ਸਮੇਂ ਲਈ ਰੋਕ ਲਾ ਦਿੱਤੀ ਹੈ ਪਰ ਹੁਣ ਜਲੰਧਰ ਦੇ ਕਾਲੋਨਾਈਜ਼ਰਾਂ ’ਤੇ ਨਵਾਂ ਸੰਕਟ ਆ ਖੜ੍ਹਾ ਹੋਇਆ ਹੈ।

ਨਗਰ ਨਿਗਮ ਅਤੇ ਜੇ. ਡੀ. ਏ. ਨੇ ਹੁਣ ਉਨ੍ਹਾਂ ਕਾਲੋਨਾਈਜ਼ਰਾਂ ਵਿਰੁੱਧ ਪੁਲਸ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਪਿਛਲੇ ਸਮੇਂ ਦੌਰਾਨ ਨਾਜਾਇਜ਼ ਕਾਲੋਨੀਆਂ ਤਾਂ ਕੱਟੀਆਂ ਪਰ ਉਨ੍ਹਾਂ ਨੂੰ ਰੈਗੂਲਰ ਕਰਵਾਉਣ ਲਈ ਐੱਨ. ਓ. ਸੀ. ਪਾਲਿਸੀ ਤਹਿਤ ਸਬੰਧਤ ਮਹਿਕਮਿਆਂ ਕੋਲ ਅਪਲਾਈ ਨਹੀਂ ਕੀਤਾ। ਇਕ ਐਕਸ਼ਨ ਤਹਿਤ ਜਿਥੇ ਜੇ. ਡੀ. ਏ. ਨੇ ਜਲੰਧਰ ਦਿਹਾਤੀ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 24 ਕਾਲੋਨਾਈਜ਼ਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਸਿਫਾਰਸ਼ ਪੁਲਸ ਨੂੰ ਕਰ ਦਿੱਤੀ ਹੈ, ਉਥੇ ਹੀ 50 ਤੋਂ ਜ਼ਿਆਦਾ ਕਾਲੋਨਾਈਜ਼ਰਾਂ ’ਤੇ ਨਗਰ ਨਿਗਮ ਦਾ ਐਕਸ਼ਨ ਲਗਭਗ ਤਿਆਰ ਹੈ। ਨਿਗਮ ਅਧਿਕਾਰੀ ਇਨ੍ਹਾਂ ਨਾਜਾਇਜ਼ ਕਾਲੋਨੀਆਂ ਨੂੰ ਕੱਟਣ ਵਾਲੇ ਕਾਲੋਨਾਈਜ਼ਰਾਂ ਦੇ ਨਾਂ-ਪਤੇ ਆਦਿ ਇਕੱਠੇ ਕਰਨ ਵਿਚ ਲੱਗੇ ਹੋਏ ਹਨ ਕਿਉਂਕਿ ਅਜਿਹੇ ਕਾਲੋਨਾਈਜ਼ਰਾਂ ’ਤੇ ਬਾਇ-ਨੇਮ ਪਰਚੇ ਦਰਜ ਕਰਵਾਏ ਜਾਣੇ ਹਨ।

ਇਸ ਤੋਂ ਇਲਾਵਾ ਹੁਣ ਜੇ. ਡੀ. ਏ. ਨੇ ਨਾਜਾਇਜ਼ ਕਾਲੋਨੀਆਂ ਕੱਟਣ ਵਾਲੇ ਕਾਲੋਨਾਈਜ਼ਰਾਂ ’ਤੇ ਹੋਰ ਸ਼ਿਕੰਜਾ ਕੱਸਦਿਆਂ ਹੁਣ ਗੂਗਲ ਲੋਕੇਸ਼ਨ ਦੇ ਆਧਾਰ ’ਤੇ ਤਾਜ਼ਾ ਕੱਟੀਆਂ ਜਾ ਰਹੀਆਂ ਕਾਲੋਨੀਆਂ ’ਤੇ ਐੱਫ. ਆਈ. ਆਰ. ਦਰਜ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕੇਸ਼ਨ ਦੇ ਆਧਾਰ ’ਤੇ ਜੇ. ਡੀ. ਏ. ਦੇ ਅਧਿਕਾਰੀਆਂ ਨੇ ਬੀਤੇ ਦਿਨੀਂ ਲਾਂਬੜਾ ਨੇੜੇ ਪਿੰਡ ਬਾਜੜਾ ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਸਬੰਧੀ ਪੁਲਸ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਸਬੰਧੀ 28 ਦਸੰਬਰ ਨੂੰ ਇਕ ਸ਼ਿਕਾਇਤ ਥਾਣਾ ਇੰਚਾਰਜ ਲਾਂਬੜਾ ਨੂੰ ਭੇਜੀ ਗਈ ਹੈ, ਜਿਸ ਦੀਆਂ ਕਾਪੀਆਂ ਐੱਸ. ਐੱਸ. ਪੀ. ਜਲੰਧਰ ਅਤੇ ਹੋਰਨਾਂ ਨੂੰ ਵੀ ਭੇਜੀਆਂ ਗਈਆਂ ਹਨ।

ਪੱਤਰ ਵਿਚ ਲਿਖਿਆ ਗਿਆ ਹੈ ਕਿ ਪਿੰਡ ਬਾਜੜਾ ਵਿਚ ਕੱਟੀ ਜਾ ਰਹੀ ਨਾਜਾਇਜ਼ ਕਾਲੋਨੀ ਦੇ ਕੰਮ ਨੂੰ ਰੁਕਵਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਥੇ ਮੌਕੇ ’ਤੇ ਕੰਮ ਜਾਰੀ ਹੈ, ਇਸ ਲਈ ਪੁਲਸ ਤੁਰੰਤ ਉਥੇ ਕੰਮ ਬੰਦ ਕਰਵਾਵੇ ਅਤੇ ਕਾਲੋਨਾਈਜ਼ਰ ’ਤੇ ਪੁਲਸ ਕੇਸ ਦਰਜ ਕੀਤਾ ਜਾਵੇ। ਹੁਣ ਵੇਖਣਾ ਹੈ ਕਿ ਗੂਗਲ ਲੋਕੇਸ਼ਨ ਦੇ ਆਧਾਰ ’ਤੇ ਪਰਚੇ ਦਰਜ ਕਰਵਾਉਣ ਦੀ ਇਹ ਪ੍ਰੰਪਰਾ ਕਿੰਨੀ ਲੰਬੀ ਚੱਲਦੀ ਹੈ।
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈੰਟ ਕਰਕੇ ਦਿਓ ਜਵਾਬ

shivani attri

This news is Content Editor shivani attri