ਗੰਨਾ ਮਿੱਲ ਬੰਦ ਹੁੰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ: ਸੁਖਬੀਰ ਸਿੰਘ ਸੰਧਰ

08/13/2022 5:47:52 PM

ਫਗਵਾੜਾ (ਜਲੋਟਾ)- ਸ਼ੂਗਰ ਮਿੱਲ ਦੇ ਚੇਅਰਮੈਨ ਸਰਦਾਰ ਸੁਖਬੀਰ ਸਿੰਘ ਸੰਧਰ ਨੇ ਕਿਹਾ ਹੈ ਕਿ ਜੇਕਰ ਫਗਵਾੜਾ ਦੀ ਗੰਨਾ ਮਿੱਲ ਬੰਦ ਹੁੰਦੀ ਹੈ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੀ ਹੋਵੇਗੀ। ਜੇਕਰ ਇੰਝ ਹੁੰਦਾ ਹੈ ਤਾਂ ਇਸ ਨਾਲ ਕਿਸਾਨਾਂ ਮਜ਼ਦੂਰਾਂ ਸਮੇਤ ਫਗਵਾੜਾ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ, ਜਿਸ ਦੀ ਭਰਪਾਈ ਪੰਜਾਬ ਸਦਕਾ ਆਉਣ ਵਾਲੇ ਕਈ ਸਾਲਾਂ ਤਕ ਵੀ ਨਹੀਂ ਕਰ ਪਾਵੇਗੀ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਖ਼ੁਦ ਕਿਸਾਨ ਵੀ ਨਹੀਂ ਚਾਹੁੰਦੇ ਹਨ ਕਿ ਫਗਵਾੜੇ ਦੀ ਇਹ ਪੁਰਾਣੀ ਸ਼ੂਗਰ ਮਿੱਲ ਕਦੀ ਬੰਦ ਹੋਵੇ । ਉਨ੍ਹਾਂ ਕਿਹਾ ਕਿ ਹੱਦ ਤਾਂ ਇਸ ਗੱਲ ਦੀ ਹੋਈ ਹੈ ਕੀ ਪੰਜਾਬ ਅਫ਼ਸਰਸ਼ਾਹੀ ਵੱਲੋਂ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਰਕਾਰ ਵਿਚ ਕੈਬਨਿਟ ਮੰਤਰੀਆਂ ਨੂੰ ਝੂਠੀਆਂ ਗੱਲਾਂ ਦੱਸ ਕੇ ਗੁੰਮਰਾਹ ਕੀਤਾ ਗਿਆ ਅਤੇ ਉਹ ਦਾਅਵੇ ਕੀਤੇ ਗਏ ਜੋ ਪੂਰੀ ਤਰ੍ਹਾਂ ਨਾਲ ਝੂਠੇ ਅਤੇ ਤੱਥਹੀਣ ਸਨ। 

ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਦੇ ਖਾਤਿਆ ਚ ਹੁਣ ਤਕ ਚਾਲੀ ਕਰੋੜ ਤੋਂ ਜ਼ਿਆਦਾ ਰੁਪਏ ਦੀ ਰਕਮ ਆਸਾਨੀ ਨਾਲ ਆ ਜਾਣੀ ਸੀ ਜੇਕਰ ਸਰਕਾਰ ਦੇ ਵੱਡੇ ਅਫ਼ਸਰ ਜਿਨ੍ਹਾਂ ਨੂੰ ਉਹ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਹਿੱਤਾਂ ਦੀ ਦੁਹਾਈ ਦੇ ਵਾਸਤੇ ਦੇ ਕੇ ਬੇਨਤੀਆਂ ਅਤੇ ਤਰਲੇ ਕਰ ਰਹੇ ਸਨ ਕਿ ਉਹ ਉਨ੍ਹਾਂ ਨਾਲ ਮਿੱਲ ਪ੍ਰਬੰਧਕਾਂ ਨਾਲ ਸਹਿਯੋਗ ਕਰਨ ਪਰ ਇੰਜ ਨਹੀਂ ਹੋਇਆ ਅਤੇ ਜੋ ਕੁਝ ਇਨ੍ਹਾਂ ਅਫਸਰਾਂ ਵੱਲੋਂ ਸੱਚ ਨੂੰ ਝੂਠ ਬਣਾ ਕੇ ਅਤੇ ਝੂਠ ਨੂੰ ਸੱਚ ਬਣਾ ਕੇ ਮੁੱਖ ਮੰਤਰੀ ਸਮੇਂਤ ਕੈਬਨਿਟ ਮੰਤਰੀਆਂ ਨੂੰ ਦੱਸਿਆ ਗਿਆ ਉਸ ਦੀ ਹਕੀਕਤ ਦੀਆਂ ਪਰਤਾਂ ਹੁਣ ਕਿਸਾਨ ਭਰਾਵਾਂ ਸਮੇਤ ਆਮ ਲੋਕਾਂ ਨੂੰ ਪਤਾ ਲੱਗ ਰਹੀਆਂ ਹਨ । 

ਇਹ ਵੀ ਪੜ੍ਹੋ: CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਧੂਰੀ 'ਚ ਕੱਢੀ 'ਤਿਰੰਗਾ ਯਾਤਰਾ'

ਉਨ੍ਹਾਂ ਕਿਹਾ ਕਿ ਇਹ ਇਸ ਦਾ ਹੀ ਸਿੱਟਾ ਹੈ ਕਿ ਅੱਜ ਕਿਸਾਨਾਂ ਵੱਲੋਂ ਫਗਵਾੜਾ ਵਿਚ ਕਰੋੜਾਂ ਰੁਪਏ ਦੀ ਬਕਾਇਆ ਰਕਮਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਵੱਡਾ ਕਿਸਾਨ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਇਨ੍ਹਾਂ ਵੱਡੇ ਅਫ਼ਸਰਾਂ ਨੂੰ ਬੁਲਾ ਕੇ ਇਨ੍ਹਾਂ ਤੋਂ ਜਵਾਬ ਤਲਬ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਝੂਠੀਆਂ ਗੱਲਾਂ ਦੱਸ ਕੇ ਖ਼ੁਦ ਮੁੱਖ ਮੰਤਰੀ ਸਮੇਤ ਕੈਬਨਿਟ ਮੰਤਰੀਆਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਵੱਲੋਂ ਵੀ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਇਹ ਪੁੱਛਿਆ ਜਾ ਰਿਹਾ ਹੈ ਕਿ ਆਖ਼ਰ ਉਨ੍ਹਾਂ ਮਿੱਲ ਪ੍ਰਬੰਧਨ ਦੀ ਪਿੰਡ ਪੂਨਾ ਵਿਖੇ ਵੇਚੀ ਗਈ ਜ਼ਮੀਨ ਦੀ ਰਜਿਸਟਰੀ ਨੂੰ ਸਰਕਾਰੀ ਚਿੱਠੀ ਲਿਖ ਕੇ ਆਖਰ ਕਿਉਂ ਰੋਕਿਆ ਗਿਆ ਜਦਕਿ ਸਰਕਾਰੀ ਅਫ਼ਸਰਾਂ ਨੂੰ ਚੰਗੀ ਤਰ੍ਹਾਂ ਨਾਲ ਪਤਾ ਸੀ ਕਿ ਇਸ ਜ਼ਮੀਨ ਦੀ ਰਜਿਸਟਰੀ ਹੋਣ ਤੋਂ ਬਾਅਦ ਮਿਲਣ ਵਾਲੀ ਕਰੋੜਾਂ ਰੁਪਏ ਦੀ ਰਕਮ ਜੋ ਕਿ ਕਰੀਬ ਚੌਵੀ ਕਰੋੜ ਬਣਦੀ ਹੈ ਸਿੱਧੇ ਤੌਰ ਤੇ ਕਿਸਾਨਾਂ ਦੇ ਬੈਂਕ ਖਾਤਿਆਂ ਚ ਹੀ ਆਉਣੀ ਸੀ । ਸ ਸੁਖਬੀਰ ਸਿੰਘ ਸੰਧਰ ਨੇ ਸਿੱਧੇ ਤੌਰ ਤੇ ਆਰੋਪ ਲਾਉਂਦੇ ਹੋਏ ਕਿਹਾ ਕਿ ਸ਼ੂਗਰ ਮਿੱਲ ਨੂੰ ਲੈ ਕੇ ਜੋ ਪੰਜਾਬ ਸਰਕਾਰ ਦੇ ਕੁਝ ਵੱਡੇ ਅਫ਼ਸਰਾਂ ਨੇ ਕੀਤਾ ਹੈ ਉਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਰਹੀ ਹੈ। 

ਇਹ ਵੀ ਪੜ੍ਹੋ: ਫਗਵਾੜਾ ’ਚ ਗੰਨਾ ਮਿੱਲ ਖ਼ਿਲਾਫ਼ ਧਰਨਾ ਜਾਰੀ, ਟ੍ਰੈਫਿਕ ਨੂੰ ਲੈ ਕੇ ਕਿਸਾਨਾਂ ਨੇ ਲਿਆ ਇਹ ਫ਼ੈਸਲਾ

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਤਰਾਂ ਤੋਂ ਹੁਣ ਇਹ ਵੀ ਗੱਲ ਪਤਾ ਲੱਗੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਨੂੰ ਲੈ ਕੇ ਲਗਾਈ ਗਈ ਰੋਕ ਸਰਕਾਰੀ ਪੱਧਰ ਤੇ ਹਟਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇੰਜ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਆਖੀਆਂ ਗਈਆਂ ਸਾਰੀਆਂ ਗੱਲਾਂ ਦੀ ਸੱਚਾਈ ਆਪਣੇ ਆਪ ਹੀ ਸਾਬਿਤ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਸ਼ੂਗਰ ਮਿੱਲ ਦੇ ਮਾਮਲੇ ਨੂੰ ਬਿਨਾਂ ਵਜ੍ਹਾ ਉਲਝਾਉਂਦੇ ਹੋਏ ਗੰਨਾ ਮਿੱਲ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਲਈ ਵੱਡੀ ਸਾਜ਼ਿਸ਼ ਰਚੀ ਗਈ ਹੈ । ਉਨ੍ਹਾਂ ਕਿਹਾ ਕਿ ਜੇਕਰ ਗੰਨਾ ਮਿੱਲ ਬੰਦ ਹੁੰਦੀ ਹੈ ਤਾਂ ਇਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ ਕਿਉਂਕਿ ਉਨ੍ਹਾਂ ਦੀਆਂ ਬੀਜੀਆਂ ਗਈਆਂ ਗੰਨੇ ਦੀਆਂ ਫ਼ਸਲਾਂ ਦਾ ਖਰੀਦਦਾਰ ਲੱਭਣ ਲਈ ਕਿਸਾਨਾਂ ਨੂੰ ਫਗਵਾੜਾ ਤੋਂ ਬਹੁਤ ਦੂਰ ਜਾਣਾ ਪਵੇਗਾ ਅਤੇ ਕੜਾਕੇ ਦੀ ਠੰਢ ਦੇ ਮੌਸਮ ਚ ਜਦੋਂ ਧੁੰਦਦਾ ਹੁੰਦੀਆਂ ਹਨ ਉਸ ਸਮੇਂ ਟਰਾਲੀਆਂ ਗੰਨੇ ਲੱਦ ਕੇ ਆਪਣੇ ਪਿੰਡਾਂ ਤੋਂ ਲੰਮਾ ਸਫ਼ਰ ਤੈਅ ਕਰ ਕੇ ਦੂਜੇ ਸ਼ਹਿਰਾਂ ਚ ਜਾ ਕੇ ਗੰਨੇ ਦੀ ਫਸਲ ਨੂੰ ਵੇਚਣਾ ਕਿੰਨਾ ਮਹਿੰਗਾ ਅਤੇ ਔਖਾ ਹੋਵੇਗਾ ਇਸ ਦੀ ਹਕੀਕਤ ਕਿਸੇ ਤੋਂ ਲੁਕੀ ਨਹੀਂ ਹੈ ਉਨ੍ਹਾਂ ਕਿਹਾ ਕਿ ਗੰਨਾ ਮਿੱਲ ਬੰਦ ਹੋਣ ਕਾਰਨ ਜਿਨ੍ਹਾਂ ਮਜ਼ਦੂਰਾਂ ਦੀਆਂ ਦਿਹਾੜੀਆਂ ਪੱਕੇ ਤੌਰ ਤੇ ਬੰਦ ਹੋ ਜਾਣਗੀਆਂ ਉਨ੍ਹਾਂ ਦੇ ਪਰਿਵਾਰਾਂ ਤੇ ਕੀ ਬੀਤੇਗੀ ਇਸ ਦੀ ਸੱਚਾਈ ਵੀ ਸਭ ਨੂੰ ਪਤਾ ਹੈ ਇਸਤੋਂ ਅਲਾਵਾ ਗੰਨਾ ਮਿੱਲ ਦੇ ਨਾਲ ਕਾਰੋਬਾਰ ਕਰਨ ਵਾਲੇ ਸੈਂਕੜੇ ਵਪਾਰੀਆਂ ਸਮੇਤ ਹੋਰ ਕਈ ਕਿੱਤਿਆਂ ਨਾਲ ਜੁੜੇ ਹੋਏ ਲੋਕਾਂ ਨੂੰ ਕਿੰਨਾ ਨੁਕਸਾਨ ਪੁੱਜੇਗਾ ਇਸ ਦੀ ਕਲਪਨਾ ਕਰਨੀ ਵੀ ਔਖੀ ਹੈ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਜਦ ਫਗਵਾੜਾ ਦੀ ਗੰਨਾ ਮਿੱਲ ਨੂੰ ਖ਼ਰੀਦਿਆ ਸੀ ਤਾਂ ਉਨ੍ਹਾਂ ਦਾ ਇਕੋ ਮਕਸਦ ਇਹੋ ਸੀ ਕਿ ਉਹ ਸੂਬੇ ਦੇ ਕਿਸਾਨ ਅਤੇ ਕਿਸਾਨੀ ਦੀ ਸੇਵਾ ਕਰਨਾ ਚਾਹੁੰਦੇ ਸਨ। ਸਰਦਾਰ ਸੁਖਬੀਰ ਸਿੰਘ ਧਨੇ ਅਫ਼ਸੋਸ ਜਤਾਉਂਦੇ ਹੋਏ ਕਿਹਾ ਕਿ ਜੋ ਵਤੀਰਾ ਪੰਜਾਬ ਸਰਕਾਰ ਦੇ ਕੁਝ ਵੱਡੇ ਅਫ਼ਸਰਾਂ ਨੇ ਮਿੱਲ ਪ੍ਰਬੰਧਨ ਸਮੇਤ ਉਨ੍ਹਾਂ ਨਾਲ ਬਤੌਰ ਚੇਅਰਮੈਨ ਕੀਤਾ ਹੈ ਉਸ ਤੋਂ ਬਾਅਦ ਕੋਈ ਵੀ ਐਨਆਰਆਈ ਪੰਜਾਬੀ ਜੋ ਕਿ ਵਿਦੇਸ਼ਾਂ ਚ ਰਹਿੰਦਾ ਹੈ ਪੰਜਾਬ ਸੂਬੇ ਚ ਆ ਕੇ ਕਾਰੋਬਾਰ ਕਰਨ ਲਈ ਬਹੁਤ ਵਾਰ ਸੋਚੇਗਾ।

ਇਹ ਵੀ ਪੜ੍ਹੋ: ਰਿਸ਼ਤੇਦਾਰੀ 'ਚ ਜਾ ਰਹੇ ਪਰਿਵਾਰ ਨੂੰ ਮੌਤ ਨੇ ਪਾਇਆ ਘੇਰਾ, ਗੜ੍ਹਸ਼ੰਕਰ ਵਿਖੇ ਬੱਚੇ ਸਣੇ 3 ਮੈਂਬਰਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri