ਦਿਨ-ਦਿਹਾੜੇ ਚੋਰਾਂ ਵਲੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਤੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ

05/15/2020 11:46:56 PM

ਗੁਰਾਇਆ,(ਮੁਨੀਸ਼)- ਗੁਰਾਇਆ ਦੇ ਸਰਗੁੰਦੀ ਰੋਡ ਵਿਖੇ ਦਿਨ ਦਿਹਾੜੇ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਦੇ ਹੋਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਹਜ਼ਾਰਾਂ ਰੁਪਏ ਦੀ ਨਕਦੀ, ਮੋਬਾਈਲ ਫ਼ੋਨ, ਲੈਪਟਾਪ, ਟੇਬਲੇਟ ਤੋਂ ਇਲਾਵਾ ਕੱਪੜੇ ਤੇ ਕੀਮਤੀ ਸਮਾਨ ਚੋਰੀ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਚੋਰੀ ਦੀ ਜਾਣਕਾਰੀ ਦਿੰਦੇ ਹੋਏ ਮਕਾਨ ਮਾਲਕ ਲਲਿਤ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਕੰਮ 'ਤੇ ਫਗਵਾੜਾ ਗਏ ਹੋਏ ਸਨ, ਜਦੋਂ ਸ਼ਾਮ 6 ਵਜੇ ਦੇ ਕਰੀਬ ਘਰ ਆਏ ਤਾਂ ਉਨ੍ਹਾਂ ਦੇ ਘਰ ਦਾ ਅੰਦਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ। ਜਦੋਂ ਉਨ੍ਹਾਂ ਅੰਦਰ ਜਾਕੇ ਦੇਖਿਆਂ ਤਾਂ ਸਾਰੇ ਕਮਰਿਆਂ 'ਚ ਚੋਰਾਂ ਵਲੋਂ ਅਲਮਾਰੀਆਂ, ਬੈਡ ਦਾ ਸਾਮਾਨ ਖਿਲਾਰਿਆਂ ਹੋਇਆ ਸੀ। ਲਲਿਤ ਕੁਮਾਰ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ 'ਚੋਂ 20 ਹਾਜ਼ਰ ਦੇ ਕਰੀਬ ਨਕਦੀ, 4 ਸੋਨੇ ਦੀਆਂ ਮੁੰਦਰੀਆਂ, 2 ਸੋਨੇ ਦੇ ਕੰਡੇ, ਸੋਨੇ ਦੀਆਂ ਬਾਲੀਆਂ ਦੇ ਜੋੜੇ, ਮੋਬਾਈਲ ਫ਼ੋਨ, ਲੈਪਟਾਪ, ਐਪਲ ਕੰਪਨੀ ਦਾ ਟੇਬਲੇਟ, ਕੱਪੜੇ ਚੋਰੀ ਕਰਕੇ ਫ਼ਰਾਰ ਹੋ ਗਏ।

ਇਕ ਹਫ਼ਤੇ 'ਚ ਚੋਰਾਂ ਵਲੋਂ ਗੁਰਾਇਆ 'ਚ ਦਿਨ ਦਿਹਾੜੇ ਚੋਰੀ ਦੀ ਤੀਜੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਪੁਲਸ ਇਕ ਵੀ ਚੋਰੀ ਨੂੰ ਹੱਲ ਕਰਨ 'ਚ ਸਫ਼ਲ ਨਹੀਂ ਹੋ ਸਕੀ। ਚੋਰੀ ਦੀ ਸੂਚਨਾ ਦੇਣ ਦੇ ਬਾਵਜੂਦ ਗੁਰਾਇਆ ਪੁਲਿਸ ਨੂੰ ਕਈ ਵਾਰੀ ਫ਼ੋਨ ਕਰਨ ਮਗਰੋਂ ਕਈ ਘੰਟੇ ਮਗਰੋਂ ਪੁਲਿਸ ਮੌਕੇ 'ਤੇ ਆਈ। ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਜਾਂਚ ਕਰਨ ਮਗਰੋਂ ਕਾਰਵਾਈ ਕੀਤੀ ਜਾ ਰਹੀ ਹੈ।

Deepak Kumar

This news is Content Editor Deepak Kumar