ਗੈਸ ਸਿਲੰਡਰ ਚੋਰੀ ਕਰਨ ਵਾਲਾ ਗਿਰੋਹ ਸਰਗਰਮ, ਕਬਾੜੀਆਂ ਤੋਂ ਰਹੋ ਸਾਵਧਾਨ

02/11/2019 11:37:14 AM

ਜਲੰਧਰ (ਮਹੇਸ਼)— ਸ਼ਹਿਰ 'ਚ ਗੈਸ ਸਿਲੰਡਰ ਚੋਰ ਗਿਰੋਹ ਬਹੁਤ ਹੀ ਸਰਗਰਮੀ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ਅਤੇ ਇਹ ਚੋਰ ਕੋਈ ਹੋਰ ਨਹੀਂ ਬਲਕਿ  ਗਲੀਆਂ ਵਿਚ ਸਾਈਕਲਾਂ 'ਤੇ ਘੁੰਮਣ ਵਾਲੇ ਕਬਾੜੀਏ ਹਨ। ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹਿਣਾ ਹੋਵੇਗਾ। ਪਿਛਲੇ, ਕੁਝ ਹੀ ਦਿਨਾਂ ਵਿਚ ਲਾਡੋਵਾਲੀ ਰੋਡ 'ਤੇ ਪੈਂਦੇ ਸੰਤ ਨਗਰ ਖੇਤਰ 'ਚ ਵੱਖ-ਵੱਖ ਘਰਾਂ ਤੋਂ 5 ਸਿਲੰਡਰ ਚੋਰੀ ਹੋਏ ਹਨ। 3 ਸਿਲੰਡਰ ਤਾਂ ਚੋਰ ਉਨ੍ਹਾਂ ਗਰੀਬ ਪ੍ਰਵਾਸੀ ਲੋਕਾਂ ਦੇ ਚੁੱਕ ਕੇ ਲੈ ਗਏ ਜੋ ਕਿ ਰੇਹੜੀਆਂ ਲਗਾ ਕੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ। ਇਸ ਤਰ੍ਹਾਂ ਇਕ-ਦੋ ਹੋਰ ਘਰਾਂ  ਨੂੰ ਵੀ ਚੋਰ ਗਿਰੋਹ ਨੇ ਨਿਸ਼ਾਨਾ ਬਣਾਉਂਦੇ ਹੋਏ ਗੈਸ ਸਿਲੰਡਰ ਚੋਰੀ ਕੀਤੇ ਹਨ। ਇਹ ਚੋਰ ਕੋਈ ਹੋਰ ਨਹੀਂ ਸਗੋਂ ਕਬਾੜੀਏ ਹਨ। ਇਸ ਦਾ ਖੁਲਾਸਾ ਇਕ ਕੋਠੀ ਅੰਦਰ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨ 'ਤੇ ਹੋਇਆ। ਉਸ 'ਚ ਹਾਲਾਂਕਿ ਚੋਰ ਦਾ ਚਿਹਰਾ ਸਾਫ ਨਹੀਂ ਦਿਖਾਈ ਦੇ ਰਿਹਾ ਹੈ ਪਰ ਇੰਨਾ ਜ਼ਰੂਰ ਸਪੱਸ਼ਟ ਹੋ ਰਿਹਾ ਹੈ ਕਿ  ਉਹ ਘਰ ਦੇ ਅੰਦਰੋਂ ਸਿਲੰਡਰ ਚੁੱਕ ਕੇ ਬਾਹਰ ਖੜ੍ਹੇ ਕਬਾੜ ਦੇ ਸਾਈਕਲ 'ਤੇ  ਰੱਖਣ ਲਈ ਜਾ ਰਿਹਾ ਹੈ। 1167  ਨੰ. ਕੋਠੀ ਦੀ ਗੱਲ ਕਰੀਏ ਤਾਂ ਸੁਣਨ ਵਾਲਾ ਹੈਰਾਨ ਹੀ ਰਹਿ  ਜਾਵੇਗਾ। ਇਥੇ ਗੈਸ ਸਿਲੰਡਰ ਪੋਰਚ 'ਚ ਵੱਖ ਬਣਾਏ ਹੋਏ ਹਿੱਸਿਆਂ 'ਚ ਰੱਖਿਆ ਹੋਇਆ ਹੈ। ਰਾਤ ਨੂੰ ਘਰ ਦੇ ਲੋਕਾਂ ਨੇ ਖਾਣਾ ਬਣਾਇਆ ਅਤੇ ਜਦੋਂ ਸਵੇਰੇ ਉਠ ਕੇ ਚੁੱਲ੍ਹਾ  ਬਾਲਿਆ ਤਾਂ  ਉਹ ਨਹੀਂ ਚੱਲਿਆ। ਅਜਿਹਾ ਲੱਗਾ ਕਿ ਸ਼ਾਇਦ ਗੈਸ ਖਤਮ ਹੋ ਗਈ ਹੈ ਪਰ ਵਿਸ਼ਵਾਸ ਇਸ ਲਈ ਨਹੀਂ  ਹੋ ਰਿਹਾ ਸੀ ਕਿਉਂਕਿ ਅਜੇ ਇਕ ਹਫਤਾ ਪਹਿਲਾਂ ਹੀ ਨਵਾਂ ਸਿਲੰਡਰ ਲਗਾਇਆ ਸੀ ਫਿਰ ਅਜਿਹੇ  ਵਿਚ ਗੈਸ ਕਿਵੇਂ ਖਤਮ ਹੋ ਸਕਦੀ ਹੈ। ਸਵੇਰੇ ਸਵੇਰੇ 5 ਵਜੇ ਪੋਰਚ ਵਿਚ ਜਾ ਕੇ ਦੇਖਿਆ ਤਾਂ ਉਥੇ  ਸਿਲੰਡਰ ਵੀ ਗਾਇਬ ਸੀ ਫਿਰ ਪਤਾ ਲੱਗਾ ਕਿ ਚੋਰ ਸਿਲੰਡਰ 'ਤੇ ਹੱਥ ਸਾਫ ਕਰ ਗਏ ਹਨ। ਸਬੰਧਤ ਪੁਲਸ ਸਟੇਸ਼ਨ 'ਚ ਰਿਪੋਰਟ ਇਸ ਲਈ ਦਰਜ ਨਹੀਂ ਕਰਵਾਈ ਕਿ ਕਾਨੂੰਨ ਦੇ ਝਮੇਲੇ 'ਚ ਫਸ ਕੇ ਕੀ ਕਰਨਗੇ। ਚੋਰ ਤਾਂ ਮਿਲੇਗਾ ਨਹੀਂ, ਉਲਟਾ ਸਮਾਂ ਜ਼ਿਆਦਾ ਬਰਬਾਦ ਹੋਵੇਗਾ।

ਪੋਰਚ ਦਾ ਬਾਹਰੀ ਗੇਟ ਬੰਦ ਕਰਨ ਦੀ ਆਦਤ ਪਾਓ
ਪੋਰਚ  ਦਾ ਬਾਹਰੀ ਗੇਟ ਬੰਦ ਕਰਨ ਦੀ ਆਦਤ ਪਾਉਣੀ ਬਹੁਤ ਹੀ ਜ਼ਰੂਰੀ ਹੈ ਜ਼ਿਆਦਾਤਰ ਲੋਕ ਕਮਰੇ ਦੇ ਦਰਵਾਜ਼ੇ ਬੰਦ ਕਰਕੇ ਅੰਦਰ ਆਪਣਾ ਕੰਮਕਾਜ ਕਰਦੇ ਰਹਿੰਦੇ ਹਨ। ਅਜਿਹੇ 'ਚ ਕੋਈ ਵੀ ਤੁਹਾਡੇ  ਗੇਟ ਦੀ ਅਰਲ ਉਠਾ ਕੇ ਪੋਰਚ 'ਚ ਪਿਆ ਕੋਈ ਵੀ ਸਾਮਾਨ ਚੁੱਕ ਕੇ ਲੈ ਜਾਵੇ ਤਾਂ ਤੁਹਾਨੂੰ  ਪਤਾ ਵੀ ਨਹੀਂ ਲੱਗੇਗਾ। ਪੋਰਚ 'ਚ ਸਿਰਫ ਗੈਸ ਸਿਲੰਡਰ ਹੀ ਨਹੀਂ, ਸਗੋਂ ਸਕੂਟਰ  ਮੋਟਰਸਾਈਕਲ ਤੇ ਸਾਈਕਲ ਆਦਿ ਵੀ ਖੜ੍ਹੇ ਹੁੰਦੇ ਹਨ ਅਤੇ ਹੋਰ ਵੀ ਸਾਮਾਨ ਪਿਆ ਹੁੰਦਾ ਹੈ।

ਕਬਾੜੀਏ ਰੱਖਦੇ ਹਨ ਪੂਰੀ ਨਜ਼ਰ
ਹਰ ਰੋਜ਼ ਗਲੀਆਂ 'ਚ ਘੁੰਮਣ ਵਾਲੇ ਕਬਾੜੀਆਂ ਨੂੰ ਹਰ ਘਰ ਦੀ ਪੂਰੀ ਜਾਣਕਾਰੀ ਹੁੰਦੀ ਹੈ ਕਿ ਕਿਸ ਘਰ ਦੇ ਅੰਦਰ ਪੋਰਚ ਵਿਚ ਕੀ ਪਿਆ ਹੋਇਆ ਹੈ ਅਤੇ ਘਰ ਦਾ ਗੇਟ ਕਦੋਂ ਲੱਗਾ ਹੁੰਦਾ ਹੈ। ਇਸ ਕਾਰਨ ਉਹ ਵਾਰਦਾਤਾਂ ਨੂੰ ਅੰਜਾਮ ਦੇਣ ਵਿਚ ਕਾਮਯਾਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਗਲੀਆਂ 'ਚੋਂ ਨਿਕਲਦੇ ਨਸ਼ੇੜੀਆਂ 'ਤੇ ਵੀ ਪੂਰੀ ਨਜ਼ਰ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਨਸ਼ੇ ਦੀ ਹਾਲਤ 'ਚ ਨਸ਼ੇ ਦੀ ਪੂਰਤੀ ਲਈ ਕਦੇ ਵੀ ਘਰ ਵਿਚ ਦਿਖਾਈ ਦਿੰਦਾ ਕੋਈ ਸਾਮਾਨ ਚੁੱਕ ਕੇ ਲਿਜਾ ਸਕਦੇ ਹਨ।

ਸੀ. ਸੀ. ਟੀ. ਵੀ. ਕੈਮਰੇ ਲਗਾਉਣਾ ਜ਼ਰੂਰੀ
ਹਰ ਘਰ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਲੇ  ਦੇ ਦਿਮਾਗ 'ਚ ਵੀ ਖੌਫ ਬਣਿਆ ਰਹੇ ਕਿ ਉਹ ਇਸ ਵਿਚ ਕੈਦ ਵੀ ਹੋ ਸਕਦਾ ਹੈ ਅਤੇ ਜੇਕਰ ਉਹ ਫੜਿਆ ਗਿਆ ਤਾਂ  ਉਸ ਦਾ ਕੀ ਬਣੇਗਾ। ਸੀ. ਸੀ. ਟੀ. ਵੀ. ਕੈਮਰਿਆਂ ਦੀ ਦਹਿਸ਼ਤ ਤੋਂ ਹੀ ਚੋਰੀ ਅਤੇ ਲੁੱਟ  ਦੀਆਂ ਵਾਰਦਾਤਾਂ 'ਤੇ ਨਕੇਲ ਪਾਈ ਜਾ ਸਕਦੀ ਹੈ। ਅਪਰਾਧੀ ਵੀ ਜਾਣਦਾ ਹੈ ਕਿ ਜੇਕਰ ਕੈਮਰੇ  ਵਿਚ ਉਹ ਕੈਦ ਹੋ ਗਿਆ ਤਾਂ ਪੁਲਸ ਦੇ ਹੱਥੇ ਚੜ੍ਹ ਜਾਵੇਗਾ।

shivani attri

This news is Content Editor shivani attri