ਦਿਹਾਤੀ CIA ਸਟਾਫ ਟੀਮ ਦੀ ਵੱਡੀ ਕਾਰਵਾਈ, ਗੈਂਗਸਟਰ ਪ੍ਰਦੀਪ ਸ਼ਰਮਾ 2 ਪਿਸਤੌਲ ਤੇ ਜ਼ਿੰਦਾ ਰੌਂਦ ਸਣੇ ਕਾਬੂ

11/26/2023 9:42:42 AM

ਜਲੰਧਰ (ਸ਼ੋਰੀ)- ਗੈਂਗਸਟਰਾਂ ਨੂੰ ਕਾਬੂ ਕਰਨ ਲਈ ਦਿਹਾਤੀ ਪੁਲਸ ਦੀ ਸੀ. ਆਈ. ਏ. ਟੀਮ ਪੂਰੀ ਤਰ੍ਹਾਂ ਚੌਕਸ ਹੈ। ਇਸੇ ਕੜੀ ’ਚ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਐੱਸ. ਪੀ. ਡੀ. ਮਨਪ੍ਰੀਤ ਸਿੰਘ ਤੇ ਡੀ. ਐੱਸ. ਪੀ. (ਡੀ) ਸੁਰਿੰਦਰਪਾਲ ਤੇ ਸੀ. ਆਈ. ਏ. ਇੰਚਾਰਜ ਪੁਸ਼ਪਬਾਲੀ ਦੀ ਅਗਵਾਈ ’ਚ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਜੇਲ ’ਚੋਂ ਬਾਹਰ ਆਇਆ ਇਕ ਮਸ਼ਹੂਰ ਗੈਂਗਸਟਰ ਅਲਾਵਲਪੁਰ ਇਲਾਕੇ ’ਚ ਹੋ ਸਕਦਾ ਹੈ। ਸੀ. ਆਈ. ਏ. ਪੁਲਸ ਨੇ ਤੁਰੰਤ ਵਿਸ਼ੇਸ਼ ਟੀਮਾਂ ਤਿਆਰ ਕੀਤੀਆਂ। ਪੁਲਸ ਪਾਰਟੀ ਗਸ਼ਤ ਦੌਰਾਨ ਕਿਸ਼ਨਗੜ੍ਹ ਤੋਂ ਆਦਮਪੁਰ ਇਲਾਕੇ ’ਚ ਘੁੰਮ ਰਹੀ ਸੀ।

ਸੀ. ਆਈ. ਏ. ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਜਦੋਂ ਉਹ ਪਿੰਡ ਲਸੇੜੀਵਾਲ ਮੋੜ ਕੋਲ ਪਹੁੰਚੇ ਤਾਂ ਸਾਹਮਣੇ ਇਕ ਨੌਜਵਾਨ ਪਿੱਠ ’ਤੇ ਬੈਗ ਪਾ ਕੇ ਖੜ੍ਹਾ ਸੀ। ਪੁਲਸ ਨੂੰ ਦੇਖ ਕੇ ਉਹ ਲਿੰਕ ਰੋਡ ਵੱਲ ਜਾਣ ਲੱਗਾ ਤਾਂ ਏ. ਐੱਸ. ਆਈ. ਮਨਦੀਪ ਸਿੰਘ ਨੇ ਕਾਰ ਰੋਕ ਕੇ ਸਾਥੀ ਪੁਲਸ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੂੰ ਕਾਬੂ ਕਰ ਲਿਆ। ਪਛਾਣ ਪੁੱਛਣ ’ਤੇ ਨੌਜਵਾਨ ਨੇ ਆਪਣਾ ਨਾਂ ਪ੍ਰਦੀਪ ਸ਼ਰਮਾ ਉਰਫ ਦੀਪੂ ਪੁੱਤਰ ਜਤਿੰਦਰ ਸ਼ਰਮਾ ਦੱਸਿਆ।

ਪ੍ਰਦੀਪ ਦੇ ਬੈਗ ਦੀ ਤਲਾਸ਼ੀ ਲੈਣ ’ਤੇ ਉਸ ਦੇ ਕੱਪੜਿਆਂ ਹੇਠੋਂ .32 ਬੋਰ ਦੇ 2 ਪਿਸਤੌਲ ਤੇ 4 ਜ਼ਿੰਦਾ ਰੌਂਦ ਬਰਾਮਦ ਹੋਏ। ਪੁਲਸ ਨੇ ਮੁਲਜ਼ਮ ਪ੍ਰਦੀਪ ਖ਼ਿਲਾਫ਼ ਥਾਣਾ ਆਦਮਪੁਰ ਵਿਖੇ ਨਾਜਾਇਜ਼ ਅਸਲਾ ਰੱਖਣ ਦਾ ਕੇਸ ਦਰਜ ਕਰ ਲਿਆ ਹੈ। ਇੰਚਾਰਜ ਪੁਸ਼ਪਾਲੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਪ੍ਰਦੀਪ ਨੇ ਦੱਸਿਆ ਕਿ ਉਸ ਦੀ ਦੁਸ਼ਮਣੀ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਪੁਨੀਤ ਸ਼ਰਮਾ ਤੇ ਨਰਿੰਦਰ ਲਾਲੀ ਨਾਲ ਹੈ, ਜੋ ਕਿ ਦੋਵੇਂ ਫਰਾਰ ਹਨ। ਪ੍ਰਦੀਪ ਤੇ ਉਸ ਦਾ ਚਚੇਰਾ ਭਰਾ ਪ੍ਰਵੀਨ ਕੁਮਾਰ ਉਰਫ਼ ਚਿੱਦੀ, ਜੋ ਕਿ ਹਾਲ ਹੀ ’ਚ ਬਰੀ ਹੋ ਕੇ ਜੇਲ ਤੋਂ ਬਾਹਰ ਆਏ ਸਨ। ਉਕਤ ਦੋਵਾਂ ਨੇ ਪ੍ਰਦੀਪ 'ਤੇ ਹਮਲਾ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਹ ਜਵਾਬੀ ਕਾਰਵਾਈ ਲਈ ਉਹ ਉੱਤਰਾਖੰਡ ਤੋਂ 5 ਹਥਿਆਰ ਲੈ ਕੇ ਆਇਆ ਸੀ, ਜਿਸ ’ਚੋਂ ਪ੍ਰਦੀਪ ਨੇ 2 ਪਿਸਤੌਲ ਰਾਕੇਸ਼ ਕੁਮਾਰ ਪੋਪੀ ਪੁੱਤਰ ਸਤੀਸ਼ ਕੁਮਾਰ ਨੂੰ ਦਿੱਤੇ ਸਨ। ਥਾਣਾ ਨੰ. 1 ਦੀ ਪੁਲਸ ਨੇ ਰਾਕੇਸ਼ ਕੋਲੋਂ ਇਹ ਬਰਾਮਦ ਕਰ ਲਏ ਹਨ। ਇਸ ਤੋਂ ਇਲਾਵਾ ਇਸ ਨੇ ਗੋਪਾਲ ਸਿੰਘ ਉਰਫ ਗੋਪਾ ਨੂੰ 1 ਪਿਸਤੌਲ ਸਮੇਤ 6 ਰੌਂਦ ਦਿੱਤੇ ਸਨ। ਉਸ ਖ਼ਿਲਾਫ਼ ਥਾਣਾ ਆਦਮਪੁਰ ’ਚ ਪਹਿਲਾਂ ਵੀ ਕੇਸ ਦਰਜ ਹੈ। ਪ੍ਰਦੀਪ ਇਸ ਮਾਮਲੇ ’ਚ ਪੁਲਸ ਨੂੰ ਲੋੜੀਂਦਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਰਾਜਦੂਤ ਦਾ ਅਹਿਮ ਬਿਆਨ, ਕਿਹਾ PM ਟਰੂਡੋ ਨੇ ਬਿਨਾਂ ਜਾਂਚ ਦੇ ਹੀ ਭਾਰਤ ਨੂੰ ਠਹਿਰਾ ਦਿੱਤਾ ਦੋਸ਼ੀ

ਹੁਣ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਪ੍ਰਦੀਪ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 2 ਪਿਸਤੌਲ ਬਰਾਮਦ ਕੀਤੇ ਹਨ। ਇੰਚਾਰਜ ਪੁਸ਼ਪਬਾਲੀ ਨੇ ਦੱਸਿਆ ਕਿ ਬੰਬੀਹਾ ਗੈਂਗ ਦੇ ਸ਼ੂਟਰਾਂ ਪੁਨੀਤ ਤੇ ਨਰਿੰਦਰ ਲੇਲੀ ਵਿਚਕਾਰ ਗੈਂਗਵਾਰ ਹੋਣੀ ਸੀ, ਜਿਸ ਨੂੰ ਪੁਲਸ ਨੇ ਸਮੇਂ ਸਿਰ ਰੋਕ ਲਿਆ। ਮੁਲਜ਼ਮ ਪ੍ਰਦੀਪ ਖ਼ਿਲਾਫ਼ ਪਹਿਲਾਂ ਵੀ ਥਾਣਾ ਆਦਮਪੁਰ, ਭੋਗਪੁਰ, ਥਾਣਾ ਨੰ. 2, ਸਿਟੀ ਹੁਸ਼ਿਆਰਪੁਰ, ਕੋਤਵਾਲੀ ਕਪੂਰਥਲਾ ਆਦਿ ’ਚ ਗੰਭੀਰ ਧਾਰਾਵਾਂ ਤਹਿਤ ਕਰੀਬ 14 ਅਪਰਾਧਿਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਜਲੰਧਰ ਦੇ ਗੋਪਾਲ ਨਗਰ ਨੇੜੇ ਹੋਏ ਬਹੁ-ਚਰਚਿਤ ਹੱਤਿਆਕਾਂਡ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਤੇ ਸੋਢਲ ਰੋਡ ’ਤੇ ਟਿੱਕੂ ਨਾਂ ਦੇ ਵਿਅਕਤੀ ਦੇ ਕਤਲ ਕੇਸ ’ਚ ਵੀ ਪੁਨੀਤ ਤੇ ਲਾਲੀ ਪੁਲਸ ਨੂੰ ਲੋੜੀਂਦੇ ਹਨ। ਅਸਲ ’ਚ ਰੰਜ਼ਿਸ਼ ਦਾ ਕਾਰਨ ਇਹ ਸੀ ਕਿ ਮ੍ਰਿਤਕ ਸੁਖਮੀਤ ਸਿੰਘ ਡਿਪਟੀ ਦੇ ਕੇਸ ਦੀ ਪੈਰਵਾਈ ਚਿੱਦੀ ਕਰ ਰਿਹਾ ਸੀ। ਪੁਨੀਤ ਤੇ ਲਾਲੀ ਚਿੱਦੀ ਦੇ ਕਤਲ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਸਨ।

ਦਿਹਾਤੀ ਪੁਲਸ ਨੇ ਸਮੇਂ ਸਿਰ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ : ਐੱਸ. ਐੱਸ. ਪੀ. ਭੁੱਲਰ

ਉਥੇ ਹੀ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸੀ. ਆਈ. ਏ. ਸਟਾਫ ਦੀ ਪੁਲਸ ਗੈਂਗਸਟਰਾਂ ’ਤੇ ਸਖ਼ਤੀ ਨਾਲ ਨਕੇਲ ਕੱਸ ਰਹੀ ਹੈ। ਉਹ ਪੁਲਸ ਨੂੰ ਮੁਬਾਰਕਬਾਦ ਦਿੰਦੇ ਹਨ। ਗੈਂਗਵਾਰ ਹੁੰਦੀ ਤਾਂ ਕਈ ਲੋਕਾਂ ਦੀ ਮੌਤ ਹੋ ਸਕਦੀ ਸੀ। ਉਨ੍ਹਾਂ ਗੈਂਗਸਟਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੇ ਗਲਤ ਕੰਮ ਛੱਡ ਕੇ ਮੁੜ ਆਮ ਨਾਗਰਿਕ ਵਾਂਗ ਰਹਿਣ, ਕਿਉਂਕਿ ਪੁਲਸ ਆਉਣ ਵਾਲੇ ਸਮੇਂ ’ਚ ਗਲਤ ਕੰਮ ਕਰਨ ਵਾਲਿਆਂ ’ਤੇ ਹੋਰ ਸ਼ਿਕੰਜਾ ਕੱਸਣ ਵਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 

Vandana

This news is Content Editor Vandana