ਕੈਨੇਡਾ ਭੇਜਣ ਦੇ ਨਾਂ ''ਤੇ ਰਿਟਾ. ਫੌਜੀ ਨਾਲ ਸਾਢੇ 5 ਲੱਖ ਰੁਪਏ ਦੀ ਠੱਗੀ

01/19/2020 3:14:51 PM

ਜਲੰਧਰ (ਮਹੇਸ਼)— ਕੈਨੇਡਾ ਭੇਜਣ ਦੇ ਨਾਂ 'ਤੇ ਪਿੰਡ ਕੋਟ ਕਲਾਂ ਵਾਸੀ ਰਿਟਾ. ਫੌਜੀ ਕਰਮ ਸਿੰਘ ਪੁੱਤਰ ਬਿਸ਼ਨ ਸਿੰਘ ਤੋਂ ਸਾਢੇ 5 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੈਂਟ ਦੀ ਪੁਲਸ ਨੇ ਕਰਮ ਸਿੰਘ ਦੀ ਸ਼ਿਕਾਇਤ 'ਤੇ ਇਸ ਸਬੰਧ 'ਚ ਮੁਲਜ਼ਮ ਟ੍ਰੈਵਲ ਏਜੰਟ ਜੋਗਿੰਦਰ ਸਿੰਘ ਬਿੱਲੂ ਪੁੱਤਰ ਸੁਰਜਨ ਸਿੰਘ ਵਾਸੀ ਮੁਹੱਲਾ ਕੇਸਰੀਵਾਲ ਪਾਰਕ ਵਾਲੀ ਗਲੀ, ਫਗਵਾੜਾ (ਕਪੂਰਥਲਾ) ਖਿਲਾਫ ਆਈ. ਪੀ. ਸੀ. ਦੀ ਧਾਰਾ 420, 406 ਅਤੇ 120-ਬੀ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਪਰਾਗਪੁਰ ਪੁਲਸ ਚੌਕੀ, ਥਾਣਾ ਜਲੰਧਰ ਕੈਂਟ ਦੇ ਮੁਖੀ ਨਰਿੰਦਰ ਮੋਹਨ ਨੇ ਦੱਸਿਆ ਕਿ ਫਰਾਰ ਮੁਲਜ਼ਮ ਟ੍ਰੈਵਲ ਏਜੰਟ ਬਿੱਲੂ ਦੀ ਗ੍ਰਿਫਤਾਰੀ ਲਈ ਪੁਲਸ ਨੇ ਉਸ ਦੇ ਘਰ ਅਤੇ ਦਫ਼ਤਰ 'ਚ ਛਾਪੇਮਾਰੀ ਕੀਤੀ ਹੈ ਪਰ ਉਹ ਨਹੀਂ ਮਿਲਿਆ। ਕਰਮ ਸਿੰਘ ਰਿਟਾ. ਫੌਜੀ ਨੇ ਪੁਲਸ ਕਮਿਸ਼ਨਰ ਨੂੰ ਟ੍ਰੈਵਲ ਏਜੰਟ ਬਿੱਲੂ ਖਿਲਾਫ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਨੇ ਟ੍ਰੈਵਲ ਏਜੰਟ ਬਿੱਲੂ ਨੇ ਉਸ ਦੇ ਬੇਟੇ ਸਤਨਾਮ ਸਿੰਘ ਨੂੰ ਕੈਨੇਡਾ ਭੇਜਣ ਲਈ 25 ਲੱਖ ਰੁਪਏ ਮੰਗੇ ਸਨ। ਉਸ ਨੇ ਕਿਹਾ ਸੀ ਕਿ 6 ਲੱਖ ਰੁਪਏ ਉਹ ਪਹਿਲਾਂ ਲਵੇਗਾ ਅਤੇ ਬਾਕੀ ਦੇ 19 ਲੱਖ ਰੁਪਏ ਵੀਜ਼ਾ ਲੱਗਣ ਤੋਂ ਬਾਅਦ। ਕਰਮ ਸਿੰਘ ਨੇ ਕਿਹਾ ਕਿ ਉਸ ਨੇ ਅਮਰੀਕ ਸਿੰਘ ਅਤੇ ਮੋਹਨ ਸਿੰਘ ਦੀ ਮੌਜੂਦਗੀ 'ਚ ਟ੍ਰੈਵਲ ਏਜੰਟ ਨੂੰ ਸਾਡੇ 5 ਲੱਖ ਰੁਪਏ ਅਤੇ ਆਪਣੇ ਬੇਟੇ ਸਤਨਾਮ ਸਿੰਘ ਦਾ ਪਾਸਪੋਰਟ ਵੀ ਦਿੱਤਾ।

ਬਾਕੀ ਦੇ ਪੈਸੇ ਉਸ ਨੇ ਬੇਟੇ ਦਾ ਵੀਜ਼ਾ ਲੱਗਣ ਤੋਂ ਬਾਅਦ ਟ੍ਰੈਵਲ ਏਜੰਟ ਨੂੰ ਦੇਣੇ ਸਨ ਪਰ ਕਾਫ਼ੀ ਸਮਾਂ ਬੀਤ ਜਾਣ 'ਤੇ ਵੀ ਉਸ ਦੇ ਬੇਟੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਟ੍ਰੈਵਲ ਏਜੰਟ ਬਿੱਲੂ ਉਨ੍ਹਾਂ ਨੂੰ ਗੁੰਮਰਾਹ ਕਰਦਾ ਰਿਹਾ। ਉਨ੍ਹਾਂ ਨੇ ਕਈ ਵਾਰ ਉਸ ਤੋਂ ਆਪਣੇ ਪੈਸੇ ਅਤੇ ਪਾਸਪੋਰਟ ਮੰਗਿਆ ਪਰ ਉਸ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਬਾਅਦ 'ਚ ਉਨ੍ਹਾਂ ਨੂੰ ਪਤਾ ਲਗਾ ਕਿ ਉਹ ਟ੍ਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਹੋਏ ਹਨ। ਕਰਮ ਸਿੰਘ ਨੇ ਅੱਜ ਏ. ਸੀ. ਪੀ. ਕੈਂਟ ਮੇਜਰ ਸਿੰਘ ਢੱਡਾ ਨਾਲ ਮਿਲ ਕੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਉਨ੍ਹਾਂ ਨਾਲ ਠੱਗੀ ਕਰਨ ਵਾਲਾ ਮੁਲਜ਼ਮ ਟ੍ਰੈਵਲ ਏਜੰਟ ਨੂੰ ਕਾਬੂ ਕਰਕੇ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਏ. ਸੀ. ਪੀ. ਮੇਜਰ ਸਿੰਘ ਨੇ ਕਰਮ ਸਿੰਘ ਨੂੰ ਮੁਲਜ਼ਮ ਨੂੰ ਜਲਦੀ ਫੜ ਲੈਣ ਦਾ ਭਰੋਸਾ ਦਿਵਾਇਆ ਹੈ।

shivani attri

This news is Content Editor shivani attri