23 ਲੱਖ ਦੀ ਧੋਖਾਦੇਹੀ ਕਰਨ ਵਾਲੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ

09/16/2019 10:50:41 AM

ਰੂਪਨਗਰ/ਨੂਰਪੁਰਬੇਦੀ (ਵਿਜੇ ਸ਼ਰਮਾ)— ਇਥੋਂ ਦੀ ਪੁਲਸ ਨੇ 2 ਵਿਅਕਤੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਭੋਲੇ-ਭਾਲੇ ਲੋਕਾਂ ਨੂੰ ਲੱਖਾਂ ਰੁਪਏ ਦੀਆਂ ਕਮੇਟੀਆਂ ਪਾ ਕੇ ਠੱਗਣ ਅਤੇ ਕਬੂਤਰਬਾਜ਼ੀ ਦੇ ਦੋਸ਼ਾਂ ਤਹਿਤ ਹਰਮੇਸ਼ ਸਿੰਘ ਠੋਡਾ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਠੋਡਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੱਸਣਯੋਗ ਹੈ ਕਿ ਹਰਮੇਸ਼ ਸਿੰਘ ਠੋਡਾ ਕੁਝ ਵਰ੍ਹੇ ਪਹਿਲਾਂ ਆਜ਼ਾਦ ਉਮੀਦਵਾਰ ਵਜੋਂ ਸ਼੍ਰੋਮਣੀ ਕਮੇਟੀ ਦੀ ਚੋਣ ਵੀ ਲੜ ਚੁੱਕਾ ਹੈ। ਪੁਲਸ ਵੱਲੋਂ ਦਰਜ ਕੀਤੀ ਐੱਫ. ਆਈ. ਆਰ. 'ਚ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਆਜ਼ਮਪੁਰ ਨੇ ਦੱਸਿਆ ਕਿ ਹਰਮੇਸ਼ ਸਿੰਘ ਠੋਡਾ ਕੋਲ ਮੈਂ 6 ਲੱਖ ਰੁਪਏ ਦੀ ਕਮੇਟੀ ਪਾਈ ਸੀ, ਜਿਸ ਦੇ ਉਸ ਨੇ ਪੂਰੇ ਪੈਸੇ ਵੀ ਦੇ ਦਿੱਤੇ ਸਨ। ਇਸ ਦੌਰਾਨ ਉਹ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ ਅਤੇ ਉਸ ਦੇ ਮਾਮੇ ਨੇ ਦੱਸਿਆ ਕਿ ਹਰਮੇਸ਼ ਸਿੰਘ ਠੋਡਾ ਟਰੈਵਲ ਏਜੰਟ ਦਾ ਕੰਮ ਵੀ ਕਰਦਾ ਹੈ। ਇਸ ਸਬੰਧੀ ਮੇਰੇ ਮਾਮੇ ਨੇ ਆਪਣੇ ਦੋਸਤ ਹਰਮੇਸ਼ ਸਿੰਘ ਠੋਡਾ ਨਾਲ ਗੱਲ ਕਰਵਾ ਦਿੱਤੀ ਅਤੇ ਮੇਰੇ ਲੜਕੇ ਨੂੰ ਇਟਲੀ ਭੇਜਣ ਲਈ 13 ਲੱਖ ਰੁਪਏ ਦੀ ਗੱਲ ਤੈਅ ਹੋਈ, ਜਿਸ 'ਚ 6 ਲੱਖ ਕਮੇਟੀ ਵਾਲਾ ਵੀ ਐਡਜਸਟ ਕਰਨ ਦੀ ਗੱਲ ਹੋਈ ਸੀ।

ਉਪਰੰਤ 17 ਮਈ 2017 ਨੂੰ ਮੈਂ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਆਪਣੇ ਮਾਮਾ ਪ੍ਰੇਮ ਸਿੰਘ ਸੰਦੋਆ ਤੋਂ 5 ਲੱਖ ਰੁਪਏ ਉਧਾਰ ਲੈ ਕੇ ਪੇਸ਼ਗੀ ਦੇ ਰੂਪ 'ਚ ਹਰਮੇਸ਼ ਨੂੰ ਦਿੱਤੇ। ਕੁਝ ਸਮੇਂ ਉਪਰੰਤ ਉਸ ਨੇ ਬਾਕੀ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਅਸੀਂ ਕਿਹਾ ਕਿ ਕਮੇਟੀ ਵਾਲੇ 6 ਲੱਖ ਰੁਪਏ ਐਡਜਸਟ ਕਰਨ ਦੀ ਗੱਲ ਹੋਈ ਸੀ ਤਾਂ ਉਸ ਨੇ ਕਿਹਾ ਕਿ ਤੁਸੀਂ ਇਹ 13 ਲੱਖ ਰੁਪਏ ਦੇ ਦਿਓ, ਕਮੇਟੀ ਵਾਲੇ ਬਾਅਦ 'ਚ ਐਡਜਸਟ ਕਰ ਲਵਾਂਗੇ। ਇਸ ਤੋਂ ਬਾਅਦ ਅਸੀਂ ਹਰਮੇਸ਼ ਠੋਡਾ ਨੂੰ ਵੱਖ-ਵੱਖ ਤਾਰੀਖਾਂ 'ਤੇ 13 ਲੱਖ ਰੁਪਏ ਆਪਣੇ ਮਾਮੇ ਦੇ ਸਾਹਮਣੇ ਦੇ ਦਿੱਤੇ। ਇਸ ਤਰ੍ਹਾਂ ਉਸ ਕੋਲ ਕੁੱਲ 19 ਲੱਖ ਰੁਪਏ ਚਲੇ ਗਏ। ਉਹ ਸਾਨੂੰ ਛੇਤੀ ਵੀਜ਼ਾ ਆਉਣ ਦੇ ਲਾਰੇ-ਲੱਪੇ ਲਾਉਂਦਾ ਰਿਹਾ ਪਰ ਹੁਣ ਤੱਕ ਨਾ ਤਾਂ ਉਸ ਨੇ ਮੇਰੇ ਪੁੱਤਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ।

ਇਸੇ ਤਰ੍ਹਾਂ ਦੂਜੇ ਸ਼ਿਕਾਇਤਕਰਤਾ ਸ਼ਿੰਗਾਰਾ ਸਿੰਘ ਪੁੱਤਰ ਕਰਮ ਸਿੰਘ ਵਾਸੀ ਚੈਹੜ ਮਜਾਰਾ ਨੇ ਵੀ ਹਰਮੇਸ਼ ਸਿੰਘ ਠੋਡਾ ਕੋਲ 5 ਲੱਖ ਰੁਪਏ ਦੀ ਕਮੇਟੀ ਪਾਈ ਹੋਈ ਸੀ, ਜਿਸ ਵਿਚੋਂ ਸ਼ਿੰਗਾਰਾ ਸਿੰਘ ਨੂੰ 87 ਹਜ਼ਾਰ ਰੁਪਏ ਦਾ ਬੁਲਟ ਮੋਟਰਸਾਈਕਲ ਦਿੱਤਾ ਸੀ ਜਦਕਿ ਬਾਕੀ ਰਹਿੰਦੇ 4 ਲੱਖ 13 ਹਜ਼ਾਰ ਰੁਪਏ ਉਸ ਨੂੰ ਨਹੀਂ ਦਿੱਤੇ ਗਏ। ਇਸ ਤਰ੍ਹਾਂ ਹਰਮੇਸ਼ ਸਿੰਘ ਠੋਡਾ ਨੇ ਉਨ੍ਹਾਂ ਨਾਲ ਕੁੱਲ 23 ਲੱਖ 13 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਇਲਾਕੇ ਦੇ ਹੋਰ ਵੀ ਬਹੁਤ ਸਾਰੇ ਭੋਲੇ-ਭਾਲੇ ਲੋਕਾਂ ਨੂੰ ਲੁੱਟਿਆ ਹੈ, ਜਿਸ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਂਦੀ ਜਾਣੀ ਚਾਹੀਦੀ ਹੈ। ਇਸ ਆਧਾਰ 'ਤੇ ਸਥਾਨਕ ਪੁਲਸ ਨੇ ਹਰਮੇਸ਼ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਵਾਸੀ ਠੋਡਾ ਵਿਰੁੱਧ ਕਬੂਤਰਬਾਜ਼ੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ।

shivani attri

This news is Content Editor shivani attri