ਦੁਕਾਨਦਾਰ ਨੂੰ ਬਲੈਕਮੇਲ ਕਰਕੇ ਠੱਗੇ ਸਨ ਸਵਾ ਦੋ ਲੱਖ ਰੁਪਏ

07/22/2019 2:31:11 PM

ਭੋਗਪੁਰ (ਸੂਰੀ)— ਮੁਅੱਤਲ ਭਾਜਪਾ ਆਗੂ ਅਸ਼ਵਨੀ ਗੋਲਡੀ ਅਤੇ ਉਸ ਦੇ ਗਿਰੋਹ ਵੱਲੋਂ ਲੋਕਾਂ ਨੂੰ ਪ੍ਰੇਮ ਜਾਲ 'ਚ ਫਸਾ ਕੇ ਬਲੈਕਮੇਲ ਕਰਦਿਆਂ ਲੱਖਾਂ ਰੁਪਏ ਲੁੱਟੇ ਜਾਣ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨ ਭੋਗਪੁਰ 'ਚ ਵੀ ਇਕ ਦੁਕਾਨਦਾਰ ਨੇ ਥਾਣਾ ਭੋਗਪੁਰ ਵਿਚ ਇਕ ਸ਼ਿਕਾਇਤ ਦਿੱਤੀ ਹੈ, ਜਿਸ 'ਚ ਉਸ ਨੇ ਦੱਸਿਆ ਹੈ ਕਿ ਇਕ ਮਹੀਨਾ ਪਹਿਲਾਂ ਇਕ ਔਰਤ ਨੇ ਉਸ ਦੇ ਮੋਬਾਇਲ ਫੋਨ 'ਤੇ ਕਾਲ ਕਰਕੇ ਗੱਲਬਾਤ ਕਰਨੀ ਸ਼ੁਰੂ ਕੀਤੀ। ਉਸ ਔਰਤ ਨੇ ਆਪਣਾ ਨਾਂ ਡਿੰਪਲ ਦੱਸ ਕੇ ਹੌਲੀ-ਹੌਲੀ ਇਸ ਦੁਕਾਨਦਾਰ ਪਾਸੋਂ ਉਸ ਦੀ ਨਿੱਜੀ, ਪਰਿਵਾਰਕ ਅਤੇ ਵਪਾਰਕ ਜਾਣਕਾਰੀ ਹਾਸਲ ਕੀਤੀ। ਡਿੰਪਲ ਵੱਲੋਂ ਉਕਤ ਦੁਕਾਨਦਾਰ ਦੀਆਂ ਗੱਲਾਂ ਦੀ ਰਿਕਾਰਡਿੰਗ ਆਪਣੇ ਮੋਬਾਇਲ 'ਚ ਲਗਾਤਾਰ ਕੀਤੀ ਜਾ ਰਹੀ ਸੀ। ਲੰਮਾ ਸਮਾਂ ਗੱਲਬਾਤ ਕਰਨ ਤੋਂ ਬਾਅਦ ਬੀਤੀ 25 ਜੂਨ ਨੂੰ ਡਿੰਪਲ ਅਤੇ ਪ੍ਰੀਤੀ ਨਾਂ ਦੀਆਂ ਦੋ ਔਰਤਾਂ ਭੋਗਪੁਰ 'ਚ ਇਸ ਦੁਕਾਨਦਾਰ ਦੀ ਦੁਕਾਨ 'ਤੇ ਪੁੱਜ ਗਈਆਂ।

ਦੁਕਾਨਦਾਰ ਨੂੰ ਗੱਲਾਂ 'ਚ ਉਲਝਾ ਕੇ ਇਨ੍ਹਾਂ ਔਰਤਾਂ ਨੇ ਬਾਥਰੂਮ ਜਾਣ ਦੀ ਇੱਛਾ ਜ਼ਾਹਰ ਕੀਤੀ। ਦੁਕਾਨਦਾਰ ਨੇ ਕਿਹਾ ਕਿ ਉਸ ਦੀ ਦੁਕਾਨ ਵਿਚ ਬਾਥਰੂਮ ਨਹੀ ਹੈ। ਇਨ੍ਹਾਂ ਔਰਤਾਂ ਨੇ ਕਿਹਾ ਕਿ ਉਹ ਦੁਕਾਨ ਦੀ ਛੱਤ ਉੱਤੇ ਬਾਥਰੂਮ ਚਲੇ ਜਾਣਗੀਆਂ ਅਤੇ ਇਹ ਕਹਿ ਕੇ ਦੋਨੋਂ ਔਰਤਾਂ ਦੁਕਾਨ ਦੀ ਪੌੜੀ ਚੜ੍ਹ ਕੇ ਦੁਕਾਨ ਦੀ ਉਪਰਲੀ ਮੰਜ਼ਿਲ 'ਤੇ ਚਲੇ ਗਈਆਂ ਅਤੇ ਕੁਝ ਮਿੰਟਾਂ ਬਾਅਦ ਹੀ ਇਨ੍ਹਾਂ ਔਰਤਾਂ ਨੇ ਦੁਕਾਨਦਾਰ ਨੂੰ ਉਪਰ ਬੁਲਾ ਲਿਆ ਕਿ ਸਾਨੂੰ ਪਾਣੀ ਚਾਹੀਦਾ ਹੈ। ਦੁਕਾਨਦਾਰ ਦੇ ਉਪਰਲੀ ਮੰਜ਼ਿਲ 'ਤੇ ਜਾਣ ਤੋਂ ਬਾਅਦ ਇਨ੍ਹਾਂ ਔਰਤਾਂ ਨੇ ਦੁਕਾਨਦਾਰ ਉੱਤੇ ਕੋਈ ਜ਼ਹਿਰੀਲਾ ਸਪਰੇਅ ਕਰਕੇ ਉਸ ਦੀ ਪੈਂਟ ਉਤਾਰ ਕੇ ਵੀਡੀਓ ਬਣਾ ਲਈ।

ਇਸੇ ਦੌਰਾਨ ਇਨ੍ਹਾਂ ਔਰਤਾਂ ਦੇ ਗਿਰੋਹ ਦੇ ਬਾਕੀ ਮੈਂਬਰ ਜਿਨ੍ਹਾਂ ਵਿਚ ਅਸ਼ਵਨੀ ਗੋਲਡੀ, ਗੰਗਾ, ਨੇਹਾ, ਅਸ਼ਵਨੀ ਰਾਜੂ ਅਤੇ ਇਕ ਹੋਰ ਆਦਮੀ ਅਚਾਨਕ ਦੁਕਾਨ 'ਚ ਦਾਖਲ ਹੋ ਗਏ ਅਤੇ ਰੌਲਾ ਪਾ ਦਿੱਤਾ ਅਤੇ ਦੁਕਾਨਦਾਰ ਵੱਲੋਂ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾ ਕੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੀ ਧਮਕੀ ਦੇਣ ਲੱਗੇ। ਇਸ ਗਿਰੋਹ ਦੇ ਸਾਰੇ ਮੈਂਬਰ ਜਿਸ ਗੱਡੀ 'ਚ ਆਏ ਸਨ ਉਸ 'ਤੇ ਸੈਕਟਰੀ ਲਿਖੀ ਲਾਲ ਨੇਮ ਪਲੇਟ ਲੱਗੀ ਹੋਈ ਸੀ। ਸ਼ਹਿਰ ਦੇ ਕੁਝ ਮੋਹਤਬਰਾਂ ਅਤੇ ਦੁਕਾਨਦਾਰਾਂ ਵੱਲੋਂ ਅਸ਼ਵਨੀ ਗੋਲਡੀ ਅਤੇ ਉਸ ਦੇ ਸਾਥੀਆਂ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਤਾਂ ਉਨ੍ਹਾਂ ਇਸ ਵੀਡੀਓ ਨੂੰ ਡਿਲੀਟ ਕਰਨ ਅਤੇ ਇਸ ਮਾਮਲੇ ਨੂੰ ਖਤਮ ਕਰਨ ਲਈ ਪੰਜ ਲੱਖ ਰੁਪਏ ਦੀ ਮੰਗ ਕੀਤੀ। ਲੋਕਾਂ ਨੇ ਕਿਹਾ ਕਿ ਦੁਕਾਨਦਾਰ ਗਰੀਬ ਹੈ ਤਾਂ ਅਸ਼ਵਨੀ ਨੇ ਕਿਹਾ ਕਿ ਇਸ ਦਾ ਲੜਕਾ ਵਿਦੇਸ਼ ਵਿਚ ਹੈ ਉਸ ਤੋਂ ਪੈਸੇ ਮੰਗਵਾ ਕੇ ਸਾਨੂੰ ਦੇਵੇ ਨਹੀਂ ਤਾਂ ਦੁਕਾਨਦਾਰ ਉੱਤੇ ਪਰਚਾ ਦਰਜ ਕਰਵਾ ਦਿਆਂਗੇ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵਾਂਗੇ।

ਅੰਤ 'ਚ ਇਸ ਮਾਮਲੇ ਦਾ ਰਾਜ਼ੀਨਾਮਾ ਦੋ ਲੱਖ ਵੀਹ ਹਜ਼ਾਰ ਰੁਪਏ ਵਿਚ ਹੋ ਗਿਆ। ਅਸ਼ਵਨੀ ਗੋਲਡੀ ਅਤੇ ਉਸ ਦੇ ਸਾਥੀਆਂ ਨੇ ਇਹ ਰਕਮ ਲੈਣ ਤੋਂ ਬਾਅਦ ਇਕ ਇਕਰਾਰਨਾਮਾ ਵੀ ਲਿਖ ਕੇ ਦਿੱਤਾ ਕਿ ਉਨ੍ਹਾਂ ਦੇ ਇਸ ਦੁਕਾਨਦਾਰ ਨਾਲ ਝਗੜੇ ਸਬੰਧੀ ਰਾਜ਼ੀਨਾਮਾ ਹੋ ਗਿਆ ਹੈ। ਇਸ ਦੁਕਾਨਦਾਰ ਨੇ ਇਸ ਗਿਰੋਹ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਸ ਦੀ ਸ਼ਿਕਾਇਤ ਥਾਣਾ ਭੋਗਪੁਰ 'ਚ ਦੇ ਦਿੱਤੀ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਨਾਗਰਾ ਨੇ ਕਿਹਾ ਹੈ ਕਿ ਦੁਕਾਨਦਾਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਜਾਰੀ ਹੈ ਜਲਦ ਹੀ ਇਸ ਸਬੰਧੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।

shivani attri

This news is Content Editor shivani attri