ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਪਹੁੰਚਾ ਦਿੱਤਾ ਜੇਲ

12/16/2018 11:16:18 AM

ਜਲੰਧਰ (ਵਰੁਣ)— ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨੂੰ ਜੇਲ ਪਹੁੰਚਾਉਣ ਵਾਲੇ ਟ੍ਰੈਵਲ ਏਜੰਟ 'ਤੇ ਥਾਣਾ ਨੰ. 6 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਏਜੰਟ ਪੀੜਤ ਨੌਜਵਾਨ ਨੂੰ ਪਹਿਲਾ ਮਲੇਸ਼ੀਆ ਲੈ ਗਿਆ ਅਤੇ ਬਾਅਦ 'ਚ ਵਾਪਸ ਇਕ ਮਹੀਨੇ ਤੱਕ ਦਿੱਲੀ 'ਚ ਰੱਖਿਆ। ਉਸ ਤੋਂ ਬਾਅਦ ਹੋਰ ਦੇਸ਼ 'ਚ ਭੇਜ ਕੇ ਉਥੇ ਜਾਅਲੀ ਪਾਸਪੋਰਟ ਬਣਾ ਕੇ ਨੌਜਵਾਨ ਨੂੰ ਫਸਾ ਦਿੱਤਾ। ਡਿਪੋਰਟ ਹੋਣ ਤੋਂ ਬਾਅਦ ਜਦੋਂ ਨੌਜਵਾਨ ਭਾਰਤ ਆਇਆ ਤਾਂ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਟ੍ਰੈਵਲ ਏਜੰਟ ਸੁਖਵਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਕ੍ਰਿਸ਼ਨਾ ਨਗਰ ਦੇ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਫਗਵਾੜਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਆਸਟ੍ਰੇਲੀਆ ਭੇਜਣ ਲਈ ਸੁਖਵਿੰਦਰ ਸਿੰਘ ਟ੍ਰੈਵਲ ਏਜੰਟ ਨਾਲ ਸੰਪਰਕ ਕੀਤਾ ਸੀ। ਸੁਖਵਿੰਦਰ ਨੇ ਬੇਟੇ ਕੁਲਵੀਰ ਸਿੰਘ ਨੂੰ ਕੁਝ ਹੀ ਸਮੇਂ 'ਚ ਆਸਟ੍ਰੇਲੀਆ ਭੇਜਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਤੋਂ ਪੈਸੇ ਅਤੇ ਪਾਸਪੋਰਟ ਲੈ ਲਿਆ। 2016 'ਚ ਟ੍ਰੈਵਲ ਏਜੰਟ ਕੁਲਵੀਰ ਸਿੰਘ ਨੂੰ ਥਾਈਲੈਂਡ ਲੈ ਗਿਆ ਅਤੇ ਉਥੇ ਜਾ ਕੇ ਕਿਸੇ ਹੋਰ ਦੇਸ਼ 'ਚ ਭੇਜਣ ਲਈ 2.30 ਲੱਖ ਰੁਪਏ ਦੀ ਮੰਗ ਕਰਨ ਲੱਗਾ। ਉਨ੍ਹਾਂ ਨੇ ਕਿਸੇ ਤਰ੍ਹਾਂ ਟ੍ਰੈਵਲ ਏਜੰਟ ਨੂੰ ਪੈਸੇ ਦੇ ਦਿੱਤੇ ਪਰ ਉਸ ਤੋਂ ਬਾਅਦ ਉਹ ਕੁਲਵੀਰ ਨੂੰ ਦਿੱਲੀ ਵਾਪਸ ਲੈ ਆਇਆ।

ਦਿੱਲੀ ਆ ਕੇ ਏਜੰਟ ਸੁਖਵਿੰਦਰ ਨੇ ਕੁਲਵੀਰ ਤੋਂ 2.35 ਲੱਖ ਰੁਪਏ ਹੋਰ ਮੰਗੇ ਤਾਂ ਜੋ ਉਸ ਨੂੰ ਕਿਸੇ ਹੋਰ ਦੇਸ਼ 'ਚ ਭੇਜਣ ਤੋਂ ਬਾਅਦ ਆਸਟ੍ਰੇਲੀਆ ਭੇਜਿਆ ਜਾ ਸਕੇ। ਕੁਲਵੀਰ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਅਤੇ ਉਹ ਪੈਸੇ ਵੀ ਦੇ ਦਿੱਤੇ ਗਏ। 17-05-2016 ਨੂੰ ਏਜੰਟ ਨੇ ਉਸ ਨੂੰ ਕਿਸੇ ਹੋਰ ਦੇਸ਼ 'ਚ ਪਹੁੰਚਾ ਦਿੱਤਾ ਅਤੇ ਕਿਹਾ ਕਿ ਇਥੇ ਉਸ ਦਾ ਸਟੇਅ ਹੈ। ਇਕ ਔਰਤ ਤੋਂ ਟ੍ਰੈਵਲ ਏਜੰਟ ਨੇ ਆਸਟ੍ਰੇਲੀਆ ਜਾਣ ਲਈ ਕੁਲਵੀਰ ਨੂੰ ਪਾਸਪੋਰਟ ਦਿਵਾਇਆ ਪਰ ਜਿਵੇ ਉਸ ਨੇ ਪਾਸਪੋਰਟ ਏਅਰਪੋਰਟ 'ਤੇ ਦਿਖਾਇਆ ਤਾਂ ਜਾਂਚ 'ਚ ਉਹ ਜਾਅਲੀ ਪਾਇਆ ਗਿਆ। ਕੁਲਵੀਰ ਨੂੰ ਇਕ ਦਿਨ ਲਈ ਜੇਲ ਵਿਚ ਰੱਖਿਆ ਅਤੇ ਉਸ ਤੋਂ 1500 ਡਮਾਨਾ ਵੀ ਲਿਆ। 18 ਮਈ 2016 ਨੂੰ ਕੁਲਵੀਰ ਨੂੰ ਵਾਪਸ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ।

ਕੁਲਵੀਰ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਜਦੋਂ ਪੈਸੇ ਵਾਪਸ ਲੈਣ ਲਈ ਏਜੰਟ ਸੁਖਵਿੰਦਰ ਨਾਲ ਗੱਲ ਕੀਤੀ ਤਾਂ ਉਹ ਟਾਲ-ਮਟੋਲ ਕਰਨ ਲੱਗਾ। ਆਖਿਰ 'ਚ ਸੁਖਵਿੰਦਰ ਨੇ ਲਿਖਤੀ ਰੂਪ 'ਚ ਦਿੱਤਾ ਕਿ ਜੇਕਰ ਕੁਝ ਸਮੇਂ 'ਚ ਪੈਸੇ ਵਾਪਸ ਨਹੀਂ ਦਿੰਦਾ ਤਾਂ ਫਿਲੌਰ 'ਚ ਉਸ ਦਾ ਘਰ ਹੈ ਜੋ ਕੁਲਵੀਰ ਦੇ ਨਾਂ 'ਤੇ ਹੈ। ਉਸ ਤੋਂ ਬਾਅਦ ਸੁਖਵਿੰਦਰ ਸਿੰਘ ਫਰਾਰ ਹੋ ਗਿਆ। ਜਦੋਂ ਪੀੜਤ ਪਰਿਵਾਰ ਏਜੰਟ ਵਲੋਂ ਦੱਸੇ ਗਏ ਉਸ ਘਰ 'ਚ ਗਏ ਤਾਂ ਪਤਾ ਲੱਗਾ ਕਿ ਉਹ ਘਰ ਵੀ ਸੁਖਵਿੰਦਰ ਦਾ ਨਹੀਂ ਹੈ। ਇਸ ਬਾਬਤ ਪੁਲਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਕੀਤੀ। ਫਿਲਹਾਲ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਨੰ. 6 'ਚ ਕੇਸ ਦਰਜ ਕਰਕੇ ਪੁਲਸ ਜਾਂਚ ਕਰ ਰਹੀ ਹੈ ਪਰ ਸੁਖਵਿੰਦਰ ਦੀ ਗ੍ਰਿਫਤਾਰੀ ਨਹੀਂ ਹੋ ਸਕੀ।

shivani attri

This news is Content Editor shivani attri