ਸਲੇਮਪੁਰ ਰੋਡ ਟੀ-ਪੁਆਇੰਟ ’ਤੇ ਗੋਲੀਆਂ ਚਲਾਉਣ ਵਾਲੇ ਲੁਟੇਰੇ ਹਥਿਆਰਾਂ ਸਣੇ ਗ੍ਰਿਫ਼ਤਾਰ, ਹੋਏ ਵੱਡੇ ਖ਼ੁਲਾਸੇ

02/03/2023 10:46:26 AM

ਜਲੰਧਰ (ਮਹੇਸ਼)–ਥਾਣਾ ਨੰਬਰ 1 ਦੇ ਇਲਾਕੇ ’ਚ ਸਲੇਮਪੁਰ ਰੋਡ ਟੀ-ਪੁਆਇੰਟ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੋਲੀਆਂ ਚਲਾਉਣ ਵਾਲੇ ਲੁਟੇਰਿਆਂ ਨੂੰ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰਨ ਵਿਚ ਕਮਿਸ਼ਨਰੇਟ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ (ਸੀ. ਆਈ. ਏ.-2) ਦੇ ਮੁਖੀ ਇੰਸ. ਇੰਦਰਜੀਤ ਸਿੰਘ ਸੈਣੀ ਅਤੇ ਥਾਣਾ ਨੰਬਰ 1 ਦੇ ਇੰਚਾਰਜ ਜਤਿੰਦਰ ਕੁਮਾਰ ਸ਼ਰਮਾ ਦੀਆਂ ਟੀਮਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ। ਇਹ ਜਾਣਕਾਰੀ ਪ੍ਰੈੱਸ ਕਾਨਫਰੰਸ ਵਿਚ ਜਲੰਧਰ ਦੇ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦਿੱਤੀ। ਉਨ੍ਹਾਂ ਨਾਲ ਉਕਤ ਵਾਰਦਾਤ ਨੂੰ ਟਰੇਸ ਕਰਨ ਵਾਲੀਆਂ ਟੀਮਾਂ ਨੂੰ ਗਾਈਡਲਾਈਨਜ਼ ਦੇਣ ਵਾਲੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਤੋਂ ਇਲਾਵਾ ਏ. ਡੀ. ਸੀ. ਪੀ. ਇਨਵੈਸਟੀਗੇਸ਼ਨ ਕੰਵਲਪ੍ਰੀਤ ਸਿੰਘ ਚਾਹਲ, ਏ. ਸੀ. ਪੀ. ਡੀ. ਪਰਮਜੀਤ ਸਿੰਘ ਅਤੇ ਏ. ਸੀ. ਪੀ. ਨਾਰਥ ਦਮਨਬੀਰ ਸਿੰਘ ਵੀ ਮੌਜੂਦ ਸਨ।

ਸੀ. ਪੀ. ਚਾਹਲ ਨੇ ਦੱਸਿਆ ਕਿ ਵਰਿਆਣਾ ਪੁਲੀ ਕਪੂਰਥਲਾ ਰੋਡ ਤੋਂ ਕਾਬੂ ਲੁਟੇਰਿਆਂ ਦੀ ਪਛਾਣ ਜੋਤਨਾਥ ਕਾਕਾ ਪੁੱਤਰ ਤਰਸੇਮ ਲਾਲ ਨਿਵਾਸੀ ਸ਼ੇਖੂਪੁਰਾ ਹਾਲ ਵਾਸੀ ਗਲੀ ਨੰਬਰ 6 ਪ੍ਰਤੀਕ ਨਗਰ ਕਪੂਰਥਲਾ, ਵਿਕਾਸ ਕੁਮਾਰ ਬਿੱਲਾ ਪੁੱਤਰ ਅਸ਼ੋਕ ਕੁਮਾਰ ਨਿਵਾਸੀ ਮੁਹੱਲਾ ਅਵਤਾਰਪੁਰ ਥਾਣਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ, ਬੌਬੀ ਪੁੱਤਰ ਜਗਤਾਰ ਸਿੰਘ ਨਿਵਾਸੀ ਮਿੱਠੂ ਬਸਤੀ ਥਾਣਾ ਬਸਤੀ ਬਾਵਾ ਖੇਲ, ਅਜੇ ਕੁਮਾਰ ਅੱਜੂ ਪੁੱਤਰ ਵਿਨੋਦ ਕੁਮਾਰ ਨਿਵਾਸੀ ਰਾਜਾ ਗਾਰਡਨ ਥਾਣਾ ਬਸਤੀ ਬਾਵਾ ਖੇਲ ਜਲੰਧਰ ਵਜੋਂ ਹੋਈ ਹੈ। ਸਾਰੇ ਮੁਲਜ਼ਮਾਂ ਦੀ ਉਮਰ 24 ਤੋਂ 28 ਸਾਲ ਵਿਚਕਾਰ ਹੈ। ਉਨ੍ਹਾਂ ਦੇ ਫੜੇ ਜਾਣ ਨਾਲ ਕਮਿਸ਼ਨਰੇਟ ਪੁਲਸ ਨੇ ਲੁੱਟ-ਖੋਹ ਦੀਆਂ ਕੁੱਲ 21 ਵਾਰਦਾਤਾਂ ਟਰੇਸ ਕਰ ਲਈਆਂ ਹਨ। ਉਨ੍ਹਾਂ ਦੇ ਕਬਜ਼ੇ ਵਿਚੋਂ 32 ਬੋਰ ਦੇ 2 ਪਿਸਟਲ, ਇਕ ਰਿਵਾਲਵਰ, 12 ਬੋਰ ਦਾ ਇਕ ਦੇਸੀ ਕੱਟਾ, ਵਾਰਦਾਤਾਂ ਨੂੰ ਅੰਜਾਮ ਦੇਣ ਲਈ ਵਰਤੇ ਜਾਂਦੇ 2 ਮੋਟਰਸਾਈਕਲ, 9 ਰੌਂਦ ਅਤੇ ਇਕ ਕਾਰਤੂਸ ਬਰਾਮਦ ਕੀਤਾ ਗਿਆ ਹੈ। ਪਿੰਡ ਸਲੇਮਪੁਰ ਨਜ਼ਦੀਕ ਸਕੂਲੀ ਬੱਚਿਆਂ ਤੋਂ ਪਿਸਤੌਲ ਦੀ ਨੋਕ ’ਤੇ ਗ੍ਰਿਫ਼ਤਾਰ ਲੁਟੇਰਿਆਂ ਵਿਚੋਂ 2 ਨੇ ਮੋਟਰਸਾਈਕਲ ਖੋਹਿਆ ਸੀ ਅਤੇ ਆਪਣਾ ਮੋਟਰਸਾਈਕਲ ਵਾਰਦਾਤ ਵਾਲੀ ਜਗ੍ਹਾ ’ਤੇ ਹੀ ਛੱਡ ਕੇ ਫ਼ਰਾਰ ਹੋ ਗਏ ਸਨ। ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਵਿਚ ਸ਼ਾਮਲ ਉਨ੍ਹਾਂ ਦੇ 2 ਹੋਰ ਸਾਥੀਆਂ ਨੂੰ ਵੀ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਪਿੰਡ ਸਲੇਮਪੁਰ ਵਿਚ ਹੋਈ ਵਾਰਦਾਤ ਨੂੰ ਲੈ ਕੇ ਥਾਣਾ ਨੰਬਰ 1 ਵਿਚ 379-ਬੀ, 279, 336, 427, 506 ਅਤੇ 25-27-54-59 ਆਰਮਜ਼ ਐਕਟ ਤਹਿਤ 15 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਪਿੰਡ ਸਲੇਮਪੁਰ ਮੁਸਲਮਾਨਾਂ ਨਿਵਾਸੀ ਸੁਰਿੰਦਰ ਕੁਮਾਰ ਪੁੱਤਰ ਸੁਰਜੀਤ ਲਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਸੀ ਕਿ 1 ਫਰਵਰੀ ਨੂੰ ਦੁਪਹਿਰ ਸਮੇਂ ਆਪਣੀ ਦੁਕਾਨ ਤੋਂ ਖਾਣਾ ਖਾਣ ਲਈ ਉਹ ਘਰ ਨੂੰ ਜਾ ਰਿਹਾ ਸੀ ਕਿ ਉਸ ਦੇ ਮੋਟਰਸਾਈਕਲ ’ਚ ਤੇਜ਼ ਰਫ਼ਤਾਰ ਮੋਟਰਸਾਈਕਲ ਸਵਾਰ 2 ਨਕਾਬਪੋਸ਼ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੇ ਮੋਟਰਸਾਈਕਲ ਦਾ ਕਾਫ਼ੀ ਨੁਕਸਾਨ ਹੋ ਗਿਆ। ਉਸ ਨੇ ਨਕਾਬਪੋਸ਼ ਨੌਜਵਾਨਾਂ ਨੂੰ ਆਪਣਾ ਹੋਇਆ ਨੁਕਸਾਨ ਭਰਨ ਲਈ ਕਿਹਾ ਕਿ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਪਿਸਤੌਲ ਕੱਢ ਕੇ ਹਵਾਈ ਫਾਇਰ ਕੀਤੇ ਅਤੇ ਆਪਣਾ ਮੋਟਰਸਾਈਕਲ ਉਸੇ ਜਗ੍ਹਾ ਛੱਡ ਕੇ ਨਜ਼ਦੀਕ ਹੀ ਜਾ ਰਹੇ ਸਕੂਲੀ ਬੱਚਿਆਂ ਕੋਲੋਂ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਉਨ੍ਹਾਂ ਦੇ ਹੋਰ ਸਾਥੀਆਂ ਨੂੰ ਕਾਬੂ ਕੀਤਾ ਜਾ ਸਕੇ।

6 ਜਨਵਰੀ ਦੀ ਰਾਤ ਨੂੰ ਕਪੂਰਥਲਾ ਚੌਕ ਵਿਚ ਵੀ ਚਲਾਈਆਂ ਸਨ ਗੋਲੀਆਂ
ਗ੍ਰਿਫ਼ਤਾਰ ਕੀਤੇ ਲੁਟੇਰਿਆਂ ਵਿਚ ਕਾਕਾ, ਿਬੱਲਾ ਅਤੇ ਬੌਬੀ ਨੇ 6 ਜਨਵਰੀ ਦੀ ਰਾਤ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੋਲੀਆਂ ਚਲਾਈਆਂ ਸਨ ਅਤੇ ਉਸ ਤੋਂ ਬਾਅਦ ਤਿੰਨੋਂ ਪਿੰਡ ਵਰਿਆਣਾ ਵੱਲ ਫ਼ਰਾਰ ਹੋ ਗਏ ਸਨ। ਲੁਟੇਰਿਆਂ ਨੇ ਆਟੋ ਚਾਲਕ ਅਤੇ ਬੀੜੀ-ਸਿਗਰੇਟ ਦਾ ਖੋਖਾ ਚਲਾਉਣ ਵਾਲੇ ਨੂੰ ਆਪਣਾ ਸ਼ਿਕਾਰ ਬਣਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ’ਤੇ ਇਸ ਸਬੰਧ ਵਿਚ ਥਾਣਾ ਨੰਬਰ 2 ਵਿਚ 379-ਬੀ, 336 ਅਤੇ ਆਰਮਜ਼ ਐਕਟ ਤਹਿਤ 4 ਨੰਬਰ ਐੱਫ਼. ਆਈ. ਆਰ. ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਕਾਕਾ ਖ਼ਿਲਾਫ਼ ਥਾਣਾ ਸਦਰ ਜਮਸ਼ੇਰ ਜਲੰਧਰ, ਬੌਬੀ ਖ਼ਿਲਾਫ਼ ਥਾਣਾ ਨੰਬਰ 2 ਜਲੰਧਰ ਅਤੇ ਥਾਣਾ ਬਸਤੀ ਬਾਵਾ ਖੇਲ ਵਿਚ ਮਾਮਲੇ ਦਰਜ ਹਨ। ਅੱਜੂ ਖ਼ਿਲਾਫ਼ ਕੋਈ ਵੀ ਮਾਮਲਾ ਦਰਜ ਸਾਹਮਣੇ ਨਹੀਂ ਆਇਆ। ਲੁਟੇਰਿਆਂ ਦੇ ਫੜੇ ਜਾਣ ਨਾਲ ਕਪੂਰਥਲਾ ਚੌਕ, ਪਠਾਨਕੋਟ ਰੋਡ, ਨਕੋਦਰ ਰੋਡ, ਲੈਦਰ ਕੰਪਲੈਕਸ, ਇੰਡਸਟਰੀਅਲ ਏਰੀਆ ਸਮੇਤ ਥਾਣਾ ਰਾਮਾ ਮੰਡੀ, ਥਾਣਾ ਨੰਬਰ 1, 2, 3, 4, 5 ਅਤੇ ਥਾਣਾ ਨਵੀਂ ਬਾਰਾਦਰੀ ਦੇ ਇਲਾਕਿਆਂ ’ਚ ਹੋਈਆਂ ਲੁੱਟ-ਖੋਹ ਦੀਆਂ ਸਾਰੀਆਂ ਵਾਰਦਾਤਾਂ ਨੂੰ ਟਰੇਸ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਰੂਹ ਕੰਬਾਊ ਹਾਦਸਾ: ਬੇਕਾਬੂ ਟਰੱਕ ਰਸੋਈ ਦੀ ਕੰਧ ਪਾੜ ਕੇ ਰੋਟੀ ਖਾ ਰਹੇ ਪਰਿਵਾਰ 'ਤੇ ਚੜ੍ਹਿਆ, ਘਰ 'ਚ ਪਏ ਵੈਣ

ਸੀ. ਪੀ. ਦਾ ਚਾਰਜ ਸੰਭਾਲਣ ਤੋਂ ਬਾਅਦ ਪਹਿਲੀ ਕਾਨਫ਼ਰੰਸ
ਕੁਲਦੀਪ ਸਿੰਘ ਚਾਹਲ ਵੱਲੋਂ ਜਲੰਧਰ ਦੇ ਸੀ. ਪੀ. ਦਾ ਚਾਰਜ ਸੰਭਾਲਣ ਤੋਂ ਬਾਅਦ ਕ੍ਰਾਈਮ ਨਾਲ ਸਬੰਧਤ ਵੀਰਵਾਰ ਨੂੰ ਇਹ ਪਹਿਲੀ ਪ੍ਰੈੱਸ ਕਾਨਫਰੰਸ ਕੀਤੀ ਗਈ। ਕੁਝ ਹੀ ਘੰਟਿਆਂ ਵਿਚ ਪਿੰਡ ਸਲੇਮਪੁਰ ਮੁਸਲਮਾਨਾਂ ਸਮੇਤ 2 ਦਰਜਨ ਦੇ ਲਗਭਗ ਲੁੱਟਖੋਹ ਦੀਆਂ ਅਨਟਰੇਸ ਚੱਲ ਰਹੀਆਂ ਵਾਰਦਾਤਾਂ ਨੂੰ ਟਰੇਸ ਕਰਨ ’ਤੇ ਸੀ. ਪੀ. ਚਾਹਲ ਨੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਮੁਖੀ ਇੰਦਰਜੀਤ ਸਿੰਘ ਸੈਣੀ ਅਤੇ ਥਾਣਾ ਨੰਬਰ 1 ਦੇ ਐੱਸ. ਐੱਚ. ਓ. ਜਤਿੰਦਰ ਸ਼ਰਮਾ ਦੀ ਸ਼ਲਾਘਾ ਕੀਤੀ ਹੈ।

ਇਹ ਵੀ ਪੜ੍ਹੋ : ਪਹਿਲਾਂ ਵਿਖਾਏ ਅਮਰੀਕਾ ਦੇ ਸੁਫ਼ਨੇ ਫਿਰ ਸਾਜਿਸ਼ ਰਚ ਕੇ ਕੀਤੀ 40 ਲੱਖ ਦੀ ਠੱਗੀ, ਖੁੱਲ੍ਹੇ ਭੇਤ ਨੇ ਉਡਾਏ ਸਭ ਦੇ ਹੋਸ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri