ਫੂਡ ਸੇਫਟੀ ਟੀਮ ਨੇ 14.865 ਟਨ ਦੇਸੀ ਘਿਓ ਤੇ 47.5 ਟਨ ਮਿਲਕ ਪਾਊਡਰ ਕੀਤਾ ਜ਼ਬਤ

01/16/2019 6:31:09 AM

 ਕਪੂਰਥਲਾ,  (ਜ.ਬ.)-  ਲੋਕਾਂ ਨੂੰ ਸ਼ੁੱਧ ਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ ਕਾਹਨ ਸਿੰਘ ਪਨੂੰ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਦੀਆਂ ਹਦਾਇਤਾਂ ’ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। 
ਇਸੇ ਤਹਿਤ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ, ਅਸਿਸਟੈਂਟ ਕਮਿਸ਼ਨਰ ਫੂਡ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਪਨੂੰ ਤੇ ਫੂਡ ਸੇਫਟੀ ਅਫ਼ਸਰ ਸਤਨਾਮ ਸਿੰਘ ’ਤੇ ਆਧਾਰਿਤ ਟੀਮ ਵੱਲੋਂ  ਵੱਡੀ ਮਾਤਰਾ ’ਚ ਦੇਸੀ ਘਿਓ, ਸਕਿਮਡ ਮਿਲਕ ਪਾਊਡਰ ਸੀਲ ਕੀਤਾ ਗਿਆ ਤੇ ਜ਼ਬਤ ਕੀਤੇ ਉਤਪਾਦਾਂ ਦੇ 7 ਸੈਂਪਲ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਚੈਕਿੰਗ ’ਚ ਚਾਬਲ-ਭਿੱਖੀਵਿੰਡ ਰੋਡ, ਪਿੰਡ ਪੰਜਵਾਡ਼, ਜ਼ਿਲਾ ਤਰਨਤਾਰਨ ਕੰਪਨੀ ਦੇ ਨਿਰਮਾਣ ਅਹਾਤੇ ’ਚੋਂ ਕੁੱਲ 14.865 ਟਨ ਦੇਸੀ ਘਿਓ ਤੇ ਕੁੱਲ 47.5 ਟਨ ਸਕਿਮਡ ਮਿਲਕ ਪਾਊਡਰ ਜ਼ਬਤ ਕੀਤਾ ਗਿਆ, ਜਿਨ੍ਹਾਂ ਦੀਆਂ ਵੱਖ-ਵੱਖ ਪੈਕਿੰਗਾਂ ’ਚੋਂ ਉਤਪਾਦਾਂ ਦੇ 7 ਨਮੂਨੇ ਲੈ ਕੇ ਜਾਂਚ ਵਾਸਤੇ ਸਟੇਟ ਫੂਡ ਲੈਬਾਰਟਰੀ, ਖਰਡ਼ ਭੇਜੇ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ ਸੈਂਪਲ ਫੇਲ ਹੋਣ ਦੀ ਸੂਰਤ ’ਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।