ਹਲਕੇ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਕਣਕ ਦਾ ਬੀਜ ਮੁਹੱਈਆ : ਚੀਮਾ

11/17/2019 1:28:27 PM

ਸੁਲਤਾਨਪੁਰ ਲੋਧੀ (ਧੀਰ)— ਬੀਤੇ ਸਮੇਂ ਦੌਰਾਨ ਹਲਕਾ ਸੁਲਤਾਨਪੁਰ ਲੋਧੀ 'ਚ ਦਰਿਆ ਸਤਲੁਜ ਦੇ ਬੰਨ੍ਹਾਂ 'ਚ ਪਏ ਪਾੜ ਕਾਰਣ ਆਏ ਹੜ੍ਹ ਨਾਲ ਕਈ ਪਿੰਡ ਇਸ ਦੀ ਲਪੇਟ 'ਚ ਆ ਗਏ ਸਨ ਅਤੇ ਝੋਨੇ ਦੀ ਫਸਲ ਪੂਰੀ ਤਰ੍ਹਾਂ ਨਾਲ ਮਾਰੀ ਗਈ ਸੀ। ਇਨ੍ਹਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਉਸ ਸਮੇਂ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਇਹ ਸ਼ਬਦ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪਿੰਡ ਕਬੀਰਪੁਰ ਵਿਖੇ ਕੋਆਪ੍ਰੇਟਿਵ ਸੁਸਾਇਟੀ 'ਚ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ ਮੁਹੱਈਆ ਕਰਨ ਮੌਕੇ ਕਹੇ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਮਰਨ ਨਾਲ ਬਹੁਤੇ ਕਿਸਾਨਾਂ ਦੀ ਹਾਲਤ ਮਾੜੀ ਹੋ ਗਈ ਸੀ ਅਤੇ ਕਣਕ ਦੀ ਬਿਜਾਈ ਲਈ ਘਰਾਂ 'ਚ ਬੀਜ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕੋਈ ਵੀ ਪੀੜਤ ਕਿਸਾਨ ਇਸ ਤੋਂ ਵਾਂਝਾ ਨਹੀਂ ਰਹੇਗਾ।

ਬੀਤੇ ਦਿਨ ਹਲਕੇ ਦੇ ਬਹੁਤ ਸਾਰੇ ਪਿੰਡਾਂ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਅਣਥੱਕ ਯਤਨਾਂ ਸਦਕਾ ਹੁਣ ਕਣਕ ਦੀ ਬਿਜਾਈ ਲਈ ਮੁਫਤ ਕਣਕ ਦਾ ਬੀਜ ਮਹੱਈਆ ਕੀਤਾ ਗਿਆ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤੇ ਨੋਡਲ ਅਫਸਰ ਸੁਲਤਾਨਪੁਰ ਲੋਧੀ ਸ. ਜਸਬੀਰ ਸਿੰਘ ਖਿੰਡਾਂ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੜ੍ਹ ਪ੍ਰਭਾਵਿਤ ਇਲਾਕੇ 'ਚ ਕਿਸਾਨ ਭਲਾਈ ਵਿਭਾਗ, ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਪੰਜਾਬ ਅਤੇ ਕਾਹਨ ਸਿੰਘ ਪੰਨੂ ਸੈਕਟਰੀ ਖੇਤੀਬਾੜੀ ਮੰਤਰਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ 89 ਪਿੰਡਾਂ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫਤ ਬੀਜ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਹਲਕੇ ਅੰਦਰ 27914 ਏਕੜ ਰਕਬਾ ਖਰਾਬ ਹੋਇਆ ਸੀ ਤੇ 11165 ਕੁਇੰਟਲ ਕਣਕ ਦੇ ਬੀਜ ਦੀ ਮੰਗ ਕੀਤੀ ਗਈ ਸੀ। ਖਿੰਡਾ ਨੇ ਦੱਸਿਆ ਕਿ ਹਲਕੇ ਦੀਆਂ 10 ਸੁਸਾਇਟੀਆਂ ਰਾਹੀਂ 4 ਟੀਮਾਂ 3 ਮੈਂਬਰ ਪ੍ਰਤੀ ਟੀਮ ਲਗਾ ਕੇ ਬਹੁਤ ਹੀ ਪਾਰਦਰਸ਼ੀ ਤਰੀਕੇ ਨਾਲ ਬੀਜ ਵੰਡਿਆਂ ਜਾ ਰਿਹਾ ਹੈ। ਇਸ ਮੌਕੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਬੀਜ ਪ੍ਰਾਪਤ ਕਰਨ ਵਾਲੇ ਕਿਸਾਨਾਂ ਤੋਂ ਆਧਾਰ ਕਾਰਡ ਵਗੈਰਾ ਸ਼ਨਾਖਤੀ ਕਾਰਡ ਪ੍ਰਾਪਤ ਕਰਕੇ ਤੇ ਪਟਵਾਰੀ ਦੀ ਰਿਪੋਰਟ ਤੋਂ ਬਾਅਦ ਹੀ ਇਹ ਬੀਜ ਪਾਰਦਰਸ਼ੀ ਤਰੀਕੇ ਨਾਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਭੇਜਿਆ ਗਿਆ ਬੀਜ ਉਨ੍ਹਾਂ ਤਕ ਪਹੁੰਚਾਇਆ ਜਾ ਰਿਹਾ ਹੈ, ਜਿਸਨੂੰ ਪ੍ਰਾਪਤ ਕਰਨ ਲਈ ਸਹੀ ਦਸਤਾਵੇਜ਼ਾਂ ਦਾ ਇਸਤਮਾਲ ਕੀਤਾ ਜਾਵੇ। ਇਸ ਮੌਕੇ ਅਮਰੀਕ ਸਿੰਘ ਸੈਕਟਰੀ, ਕੁੰਦਨ ਸਿੰਘ ਚੱਕਾਂ, ਪਰਮਜੀਤ ਸਿੰਘ ਬਾਊਪੁਰ ਕਿਸਾਨ ਆਗੂ, ਸ਼ਿੰਦਰ ਸਿੰਘ ਸਰਪੰਚ, ਬਲਜਿੰਦਰ ਸਿੰਘ ਪੀ. ਏ., ਕਣਕ ਵੰਡਣ ਵਾਲੀਆਂ 4 ਟੀਮਾਂ ਦੇ ਮੈਂਬਰ ਹਰਗੁਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਹਰਪ੍ਰੀਤ ਸਿੰਘ, ਪ੍ਰਦੀਪ ਕੌਰ, ਹਰੀਸ਼ ਸਿੰਘ, ਜਗਜੀਤ ਸਿੰਘ, ਹਰਯੋਧ ਸਿੰਘ, ਯਾਦਵਿੰਦਰ ਸਿੰਘ, ਹਰਜੀਤ ਸਿੰਘ, ਸਿਮਰਨਜੀਤ ਸਿੰਘ, ਕੰਵਲਜੀਤ ਸਿੰਘ ਹਾਜ਼ਰ ਸਨ।

shivani attri

This news is Content Editor shivani attri