ਜਲੰਧਰ ਦੇ ਪਿੰਡ ਅਲੀ ਚੱਕ ''ਚ 2 ਧੜਿਆਂ ਵਿੱਚ ਚੱਲੀਆਂ ਗੋਲ਼ੀਆਂ, ਮਚੀ ਹਫੜਾ-ਦਫੜੀ

10/25/2023 2:16:28 AM

ਲਾਂਬੜਾ (ਵਰਿੰਦਰ) : ਥਾਣਾ ਲਾਂਬੜਾ ਅਧੀਨ ਪਿੰਡ ਅਲੀ ਚੱਕ 'ਚ ਦੇਰ ਸ਼ਾਮ 9 ਵਜੇ 2 ਧੜਿਆਂ ਵਿੱਚ ਖੂਨੀ ਟਕਰਾਅ ਹੋ ਗਿਆ। ਇਸ ਵਿੱਚ ਦੋਵਾਂ ਧੜਿਆਂ ਨੇ ਇਕ-ਦੂਜੇ ’ਤੇ ਗੋਲ਼ੀਆਂ ਚਲਾਈਆਂ, ਜਿਸ ਕਾਰਨ ਪਿੰਡ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਦੋਵਾਂ ਧੜਿਆਂ ਦੇ 3 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਲੰਧਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਗੋਲ਼ੀਆਂ ਚੱਲਣ ਦੀ ਸੂਚਨਾ ਪਿੰਡ ਵਾਸੀਆਂ ਨੇ ਥਾਣਾ ਲਾਂਬੜਾ ਅਤੇ ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੂੰ ਦਿੱਤੀ, ਜਿਸ ਤੋਂ ਬਾਅਦ ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ, ਕਰਤਾਰਪੁਰ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਅਤੇ ਥਾਣਾ ਲਾਂਬੜਾ ਦੇ ਐੱਸ. ਐੱਚ. ਓ. ਅਮਨ ਸੈਣੀ ਪੁਲਸ ਟੀਮਾਂ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧੜਿਆਂ ਵਿੱਚ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਦੁਸਹਿਰੇ ਮੌਕੇ ਲੋਕਾਂ ਨੂੰ ਅਪੀਲ; ਸੂਬੇ 'ਚੋਂ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਦਾ ਲਓ ਸੰਕਲਪ

ਡੀ. ਐੱਸ. ਪੀ. ਕਰਤਾਰਪੁਰ ਬਲਬੀਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਪੁੱਤਰ ਨਛੱਤਰ ਸਿੰਘ ਅਤੇ ਉਸ ਦੇ ਚਾਚੇ ਦਾ ਪੁੱਤਰ ਗੁਰਪ੍ਰੀਤ ਸਿੰਘ ਦੋਵੇਂ ਨਿਵਾਸੀ ਪਿੰਡ ਅਲੀ ਚੱਕ ਦੁਸਹਿਰਾ ਦੇਖ ਕੇ ਆਪਣੇ ਘਰ ਨੂੰ ਆ ਰਹੇ ਸਨ। ਇਸ ਦੌਰਾਨ ਮਨਿੰਦਰ ਸਿੰਘ, ਉਸ ਦਾ ਦੋਸਤ ਰਾਜਵਿੰਦਰ ਅਤੇ ਸੰਨੀ ਕਾਰ ਵਿੱਚ ਸਵਾਰ ਹੋ ਕੇ ਸਾਹਮਣਿਓਂ ਆ ਗਏ ਤੇ ਆਉਂਦੇ ਹੀ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਮੌਕੇ ’ਤੇ ਲਗਭਗ 8 ਗੋਲ਼ੀਆਂ ਚੱਲੀਆਂ, ਜਿਨ੍ਹਾਂ 'ਚੋਂ ਇਕ ਗੋਲ਼ੀ ਲਵਪ੍ਰੀਤ ਸਿੰਘ ਦੇ ਸਿਰ ਅਤੇ ਗੁਰਪ੍ਰੀਤ ਸਿੰਘ ਦੇ ਹੱਥ ’ਤੇ ਲੱਗੀ ਹੈ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਅਤੇ ਮੌਕੇ ’ਤੇ ਹੀ ਡਿੱਗ ਗਏ। ਲਵਪ੍ਰੀਤ ਤੇ ਗੁਰਪ੍ਰੀਤ ਨੂੰ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਗੁਰਪ੍ਰੀਤ ਸਿੰਘ ਦੇ ਹੱਥ ’ਤੇ ਲੱਗੀ ਗੋਲ਼ੀ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਕੱਢ ਦਿੱਤੀ ਹੈ ਅਤੇ ਉਸ ਨੂੰ ਅਨਫਿੱਟ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਕੈਨੇਡਾ 'ਚ ਵਾਪਰਿਆ ਸੜਕ ਹਾਦਸਾ, ਨੌਜਵਾਨ ਦੀ ਮੌਤ ਨੇ ਖੋਹ ਲਈਆਂ ਹੱਸਦੇ-ਵਸਦੇ ਪਰਿਵਾਰ ਦੀਆਂ ਖੁਸ਼ੀਆਂ

ਡੀ. ਐੱਸ. ਪੀ. ਨੇ ਦੱਸਿਆ ਕਿ ਦੂਜੇ ਪਾਸੇ ਮਨਿੰਦਰ ਸਿੰਘ ਨੂੰ ਵੀ 2 ਗੋਲ਼ੀਆਂ ਲੱਗੀਆਂ ਹਨ। ਮਨਿੰਦਰ ਨੇ ਕਿਹਾ ਕਿ ਉਨ੍ਹਾਂ ’ਤੇ ਗੋਲ਼ੀਆਂ ਦੂਜੀ ਧਿਰ ਨੇ ਚਲਾਈਆਂ ਹਨ ਅਤੇ ਉਸ ਦੀ ਕਾਰ ਦੇ ਸ਼ੀਸ਼ੇ ’ਤੇ 5 ਦੇ ਲਗਭਗ ਗੋਲੀਆਂ ਲੱਗੀਆਂ ਹਨ। ਉਸ ਦੀ ਬਾਂਹ ਅਤੇ ਪੱਸਲੀ ਵਿੱਚ ਇਕ-ਇਕ ਗੋਲ਼ੀ ਲੱਗੀ ਹੈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਅਤੇ ਉਸ ਨੂੰ ਜਲੰਧਰ ਦੇ ਕਪੂਰਥਲਾ ਚੌਕ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਮਨਿੰਦਰ ਸਿੰਘ ਦੇ ਇਕ ਸਾਥੀ ਨੂੰ ਰਾਊਂਡਅਪ ਕੀਤਾ ਹੈ ਅਤੇ ਦੂਜਾ ਸਾਥੀ ਪੁਲਸ ਨੂੰ ਨਹੀਂ ਮਿਲਿਆ। ਦਿਹਾਤੀ ਦੇ ਐੱਸ. ਐੱਸ. ਪੀ. ਨੇ ਮਾਮਲੇ ਦੀ ਜਾਂਚ ਲਈ ਟੀਮਾਂ ਬਣਾ ਦਿੱਤੀਆਂ ਹਨ, ਜਿਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh