ਜ਼ਿਲਾ ਪ੍ਰਸ਼ਾਸਨ ਨੇ ਅੰਤਿਮ ਵੋਟਰ ਸੂਚੀਆਂ ਨੂੰ ਰਾਜਨੀਤਕ ਪਾਰਟੀਆਂ ਨੂੰ ਸੌਂਪਿਆ

02/08/2020 6:15:52 PM

ਜਲੰਧਰ (ਚੋਪੜਾ)— ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀਆਂ ਦੇ ਸੋਧ ਬਾਅਦ ਅੰਤਿਮ ਵੋਟਰ ਸੂਚੀਆਂ ਦੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਸੌਂਪ ਦਿੱਤਾ ਹੈ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਵੱਖ-ਵੱਖ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਇਕ ਮੀਟਿੰਗ ਦੌਰਾਨ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜ਼ਿਲੇ 'ਚ ਯੋਗ ਪ੍ਰਕਿਰਿਆ ਰਾਹੀਂ ਵੋਟਰ ਪਛਾਣ ਪ੍ਰੋਗਰਾਮ ਤਹਿਤ ਵੋਟਰ ਸੂਚੀਆਂ ਨੂੰ ਤਿਆਰ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 16,10,996 ਵੋਟਰ ਸਨ ਪਰ ਜਦੋਂ ਵੋਟਰ ਪਛਾਣ ਪ੍ਰੋਗਰਾਮ ਤਹਿਤ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਕਰਵਾਈ ਗਈ ਤਾਂ ਜ਼ਿਲੇ ਵਿਚ ਕਟੌਤੀ ਕਰਨ ਤੋਂ ਬਾਅਦ 15,99,691 ਯੋਗ ਵੋਟਰ ਪਾਏ ਗਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟਰ ਸੂਚੀਆਂ ਜ਼ਿਲਾ ਚੋਣ ਦਫਤਰ, ਚੋਣ ਰਜਿਸਟ੍ਰੇਸ਼ਨ ਦਫਤਰ ਅਤੇ ਸਬੰਧਤ ਬੂਥਾਂ ਦੇ ਬੂਥ ਪੱਧਰ ਦੇ ਅਧਿਕਾਰੀ ਕੋਲ ਮੌਜੂਦ ਸਨ।

ਵੋਟਰ ਸੂਚੀਆਂ ਦੇ ਸੁਧਾਰ ਨਾਲ ਸਬੰਧਤ ਦਾਅਵੇ ਅਤੇ ਇਤਰਾਜ਼ 16 ਦਸੰਬਰ ਤੋਂ 15 ਜਨਵਰੀ ਤੱਕ ਅਤੇ 27 ਜਨਵਰੀ ਤੋਂ ਸਬੰਧਤ ਬੂਥ ਅਧਿਕਾਰੀਆਂ ਅਤੇ ਵੋਟਰਾਂ ਅਤੇ ਸਹਾਇਕ ਵੋਟਰ ਰਜਿਟ੍ਰੇਸ਼ਨ ਅਧਿਕਾਰੀਆਂ ਵਲੋਂ ਪ੍ਰਾਪਤ ਕਰਨ ਦੇ ਉਪਰੰਤ ਵੋਟਰ ਪਛਾਣ ਪ੍ਰੋਗਰਾਮ ਦੇ ਤਹਿਤ ਸਮੁੱਚਾ ਡਾਟਾ ਅਪਡੇਟ ਕੀਤਾ ਗਿਆ। ਇਸ ਮੌਕੇ ਚੋਣ ਤਹਿਸੀਲਦਾਰ ਮਨਜੀਤ ਸਿੰਘ ਅਤੇ ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।