ਤੇਜ਼ ਰਫਤਾਰ ਟਿੱਪਰ ਦੀ ਸਕੂਟਰੀ ਨਾਲ ਟੱਕਰ, ਅੌਰਤ ਦੀ ਮੌਤ

01/16/2019 6:34:48 AM

ਕਪੂਰਥਲਾ,    (ਭੂਸ਼ਣ)-  ਮੰਗਲਵਾਰ ਦੀ ਸਵੇਰੇ ਕਾਂਜਲੀ ਮਾਰਗ ’ਤੇ ਇਕ ਤੇਜ਼ ਰਫਤਾਰ ਟਿੱਪਰ ਨਾਲ ਟੱਕਰ  ਦੌਰਾਨ ਆਪਣੇ ਪਤੀ  ਨਾਲ ਸਕੂਟਰੀ ’ਤੇ ਜਾ ਰਹੀ ਇਕ ਅੌਰਤ ਦੀ ਟਿੱਪਰ  ਦੇ ਟਾਇਰ  ਹੇਠਾਂ ਆਉਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ  ਜਿਸ ਦੌਰਾਨ ਮ੍ਰਿਤਕਾ ਦਾ ਪਤੀ ਗੰਭੀਰ  ਜ਼ਖ਼ਮੀ ਹੋ ਗਿਆ ।  
ਜਾਣਕਾਰੀ ਅਨੁਸਾਰ ਅਰਬਨ ਅਸਟੇਟ ਵਾਸੀ ਬਲਦੇਵ ਕੁਮਾਰ ਪਾਸੀ ਆਪਣੀ ਪਤਨੀ ਪ੍ਰਵੀਨ ਕੁਮਾਰੀ ਪਾਸੀ  ਦੇ ਨਾਲ ਸਕੂਟਰੀ ’ਤੇ ਕਾਂਜਲੀ ਮਾਰਗ ’ਤੇ ਸਥਿਤ ਇਕ ਬੈਂਕ ’ਚ ਆਈ ਸੀ ਕਿ ਇਸ ਦੌਰਾਨ ਜਦੋਂ ਬੈਂਕ ਦਾ ਕੰਮ ਖਤਮ ਕਰ ਕੇ  ਬਲਦੇਵ ਕੁਮਾਰ ਪਾਸੀ ਸਕੂਟਰੀ ’ਤੇ ਸਵਾਰ ਹੋ ਕੇ ਆਪਣੀ ਪਤਨੀ  ਦੇ ਨਾਲ ਘਰ ਵਾਪਸ ਜਾਣ ਲੱਗੇ ਤਾਂ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਟਿੱਪਰ ਨੇ ਸਕੂਟਰੀ ਨੂੰ  ਟੱਕਰ ਮਾਰ ਦਿੱਤੀ ਜਿਸ ਦੌਰਾਨ ਪ੍ਰਵੀਨ ਕੁਮਾਰੀ ਪਾਸੀ ਦਾ ਸਿਰ ਟਿੱਪਰ  ਦੇ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦ ਕਿ ਉਨ੍ਹਾਂ ਦਾ ਪਤੀ ਰਿਟਾਇਰਡ ਟੀਚਰ ਬਲਦੇਵ ਕੁਮਾਰ ਪਾਸੀ ਸਕੂਟਰੀ ਤੋਂ ਡਿੱਗਣ  ਦੇ ਕਾਰਨ ਗੰਭੀਰ  ਜ਼ਖ਼ਮੀ ਹੋ ਗਏ।   ਹਾਦਸੇ ਨੂੰ ਵੇਖਦੇ ਹੋਏ ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਸੂਚਨਾ ’ਤੇ ਪੁੱਜੇ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਪਾਲ ਸਿੰਘ  ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਿਥੇ ਸਿਵਲ ਹਸਪਤਾਲ ਭੇਜੀ।  ਉਥੇ ਹੀ ਜ਼ਖ਼ਮੀ ਬਲਦੇਵ ਕੁਮਾਰ ਪਾਸੀ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਅਤੇ ਪੁਲਸ ਨੇ ਮੌਕੇ  ਤੋਂ ਮੁਲਜ਼ਮ ਟਿੱਪਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ।  ਉਥੇ ਹੀ ਲਾਸ਼ ਦਾ ਪੋਸਟਮਾਰਟਮ ਬੁੱਧਵਾਰ ਨੂੰ ਕੀਤਾ ਜਾਵੇਗਾ।