ਅੰਦੋਲਨ ਕਰ ਰਹੇ ਕਿਸਾਨਾਂ ਲਈ ਭੁਲੱਥ ਤੋਂ 400 ਗੱਦੇ ਤੇ 400 ਕੰਬਲ ਦਿੱਲੀ ਭੇਜੇ

12/27/2020 3:51:20 PM

ਭੁਲੱਥ (ਰਜਿੰਦਰ ਕੁਮਾਰ)— ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ।  ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ। ਵੱਡੀ ਗਿਣਤੀ ’ਚ ਪੰਜਾਬੀਆਂ ਨੇ ਜਿੱਥੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਆਰਥਕ ਮਦਦ ਕੀਤੀ ਹੈ, ਉਥੇ ਹੀ ਲੋੜੀਂਦੀਆਂ ਵਸਤਾਂ ਵੀ ਭਿਜਵਾਈਆਂ ਜਾ ਰਹੀਆਂ ਹਨ। 

ਇਸੇ ਦੌਰਾਨ ਖੇਤੀ ਵਿਕਾਸ ਬੈਂਕ ਭੁਲੱਥ ਦੇ ਚੇਅਰਮੈਨ ਗੁਰਮੀਤ ਸਿੰਘ ਥਾਪਰ ਵੱਲੋਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਲਈ 400 ਕੰਬਲ ਅਤੇ 400 ਗੱਦੇ ਦਿੱਲੀ ਲਈ ਭਿਜਵਾਏ ਗਏ ਹਨ। ਜੋ ਚੇਅਰਮੈਨ ਥਾਪਰ ਵੱਲੋਂ ਆਪਣੇ ਪਿੰਡ ਖੱਸਣ ਤੋਂ ਰਵਾਨਾ ਕੀਤੇ। ਇਸ ਮੌਕੇ ਕਿਸਾਨਾਂ ਦਾ ਜਥਾ ਵੀ ਦਿੱਲੀ ਲਈ ਰਵਾਨਾ ਹੋਇਆ।

ਇਸ ਮੌਕੇ ਗੱਲਬਾਤ ਕਰਦੇ ਖੇਤੀ ਵਿਕਾਸ ਬੈਂਕ ਭੁਲੱਥ ਦੇ ਚੇਅਰਮੈਨ ਗੁਰਮੀਤ ਸਿੰਘ ਥਾਪਰ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਵਿੱਢੇ ਅੰਦੋਲਨ ਅੱਗੇ ਮੋਦੀ ਸਰਕਾਰ ਨੂੰ ਗੋਡੇ ਟੇਕਣੇ ਹੀ ਪੈਣਗੇ । ਚੇਅਰਮੈਨ ਥਾਪਰ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨਾਲ ਮੇਰੀ ਗੱਲ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਹੋਰ ਵਸਤਾਂ ਦੀ ਤਾਂ ਕਮੀ ਨਹੀਂ ਹੈ ਤੁਸੀਂ ਗੱਦੇ ਅਤੇ ਕੰਬਲਾਂ ਦਾ ਪ੍ਰਬੰਧ ਕਰ ਦੇਵੋ ਜਿਸ ਕਰਕੇ 400 ਕੰਬਲ ਅਤੇ 400 ਗੱਦੇ ਦਿੱਲੀ ਵਿਖੇ ਅੰਦੋਲਨ ਕਰ ਰਹੇ ਕਿਸਾਨਾਂ ਲਈ ਭੇਜੇ ਜਾ ਰਹੇ ਹਨ। 

shivani attri

This news is Content Editor shivani attri