3 ਦਿਨਾਂ ਤੋਂ ਬੰਦ ਬਿਜਲੀ ਸਪਲਾਈ ਕਾਰਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

Monday, Jun 15, 2020 - 05:34 PM (IST)

ਸ਼ੇਰਪੁਰ(ਸਿੰਗਲਾ) - ਪਿੰਡ ਖੇੜੀ ਕਲਾਂ,ਖੇੜੀ ਖੁਰਦ ਅਤੇ ਈਨਾ ਬਾਜਵਾ ਦੇ ਕਿਸਾਨਾਂ ਨੇ ਪਾਵਰਕਾਮ ਦੇ ਮਾੜੇ ਪ੍ਰਬੰਧਾਂ ਵਿਰੁੱਧ ਅੱਜ ਖੇੜੀ ਚਹਿਲਾਂ ਗਰਿੱਡ ਦਾ ਘਿਰਾਓ ਕਰਕੇ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਝੋਨੇ ਦੀ ਲਵਾਈ ਦੇ ਸੀਜ਼ਨ ਦੌਰਾਨ ਮੋਟਰਾਂ ਦੀ ਬਿਜਲੀ ਨਾ ਆਉਣ ਕਰਕੇ ਝੋਨੇ ਦੀ ਲਵਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।

ਮੌਕੇ 'ਤੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਮਹਿੰਦਰ ਸਿੰਘ, ਜਗਜੀਤ ਸਿੰਘ ਜੱਗਾ ਅਤੇ ਹਾਕਮ ਸਿੰਘ ਖੇੜੀ ਖ਼ੁਰਦ ਨੇ ਦੱਸਿਆ ਕਿ ਬਾਜਵਾ ਖੇਤੀ ਫੀਡਰ ਵਿਚ ਮਸਾਂ 3 ਘੰਟੇ ਆਉਂਦੀ ਬਿਜਲੀ ਪਿਛਲੇ ਤਿੰਨ ਦਿਨਾਂ ਤੋਂ ਬੰਦ ਹੈ। ਉਹ ਬਹੁਤ ਚਿਰ ਪਹਿਲਾਂ ਇਸ ਫੀਡਰ ਦੀ ਮੁਰੰਮਤ ਲਈ ਐਸਡੀਓ ਸ਼ੇਰਪੁਰ ਨੂੰ ਅਰਜ਼ੀ ਵੀ ਦੇ ਚੁੱਕੇ ਹਨ। ਪ੍ਰੰਤੂ ਅਧਿਕਾਰੀਆਂ ਦੇ ਕੰਨਾਂ ਤੇ ਜੂੰਅ ਤੱਕ ਨਹੀਂ ਸਰਕੀ । ਕਿਸਾਨ ਦਲਜੀਤ ਸਿੰਘ ਕਾਲਾ, ਟੇਕ ਸਿੰਘ, ਜਸਵਿੰਦਰ ਸਿੰਘ' ਜਸਪ੍ਰੀਤ ਸਿੰਘ ਜੱਸੀ, ਗੁਰਬੀਰ ਸਿੰਘ ਹਨੀ ਅਤੇ ਗੁਰਪ੍ਰੀਤ ਸਿੰਘ ਗਿੰਨੀ ਨੇ ਦੱਸਿਆ ਕਿ ਮਹਿਕਮੇ ਕੋਲ ਇਸ ਵਰ੍ਹੇ 7 ਮਈ ਨੂੰ ਦਿੱਤੀ ਅਰਜ਼ੀ ਵਿੱਚ ਕੰਡਕਟਰ ਅਤੇ ਤਾਰਾਂ ਬਦਲਣ ਦੀ ਮੰਗ ਕੀਤੀ ਗਈ ਸੀ। ਜੋ 1970 ਤੋਂ ਚੱਲ ਰਿਹਾ ਹੈ ਅਤੇ ਮਾੜੀਆਂ ਤਾਰਾਂ ਵੀ ਉਸ ਵੇਲੇ ਦੀਆਂ ਹਨ, ਜਦੋਂ ਤਿੰਨ ਹਾਰਸ ਪਾਵਰ ਦੀਆਂ ਮੋਟਰਾਂ ਚੱਲਦੀਆਂ ਸਨ। ਹਾਜ਼ਰ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬਿਜਲੀ ਸਪਲਾਈ ਵਿੱਚ ਸੁਧਾਰ ਕੀਤਾ ਜਾਵੇ ।

ਦੂਜੇ ਪਾਸੇ ਕਸਬਾ ਸ਼ੇਰਪੁਰ ਦੇ ਲੋਕਾਂ ਨੇ ਵੀ ਮੰਗ ਕੀਤੀ ਹੈ ਕਿ 24 ਘੰਟੇ ਬਿਜਲੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਿਆ ਜਾਵੇ। ਕਿਉਂਕਿ ਅਣ-ਐਲਾਨੇ ਬਿਜਲੀ ਦੇ ਕੱਟ ਅਤੇ ਵਾਰ-ਵਾਰ ਬਿਜਲੀ ਆਉਣ-ਜਾਣ ਕਰਕੇ ਜਿੱਥੇ ਲੋਕਾਂ ਦੇ ਇਲੈਕਟ੍ਰਾਨਿਕਸ ਦਾ ਸਾਮਾਨ ਖਰਾਬ ਹੋਣ ਦਾ ਖਤਰਾ ਹੈ, ਉਥੇ ਛੋਟੇ ਬੱਚੇ ਅਤੇ ਬਜ਼ੁਰਗਾਂ ਦਾ ਵੀ ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਹੈ। ਰਾਤ ਸਮੇਂ ਕਈ ਵਾਰ ਵੋਲਟ ਘੱਟ-ਵੱਧ ਹੋਣ ਕਰਕੇ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ੇਰਪੁਰ ਵਿਖੇ 24 ਘੰਟੇ ਬਿਜਲੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇ ।

ਕੀ ਕਹਿੰਦੇ ਹਨ ਐਸ.ਡੀ.ਓ. ਸ਼ੇਰਪੁਰ

ਜਦੋਂ ਇਸ ਮਾਮਲੇ ਸਬੰਧੀ ਐਸਡੀਓ ਸ਼ੇਰਪੁਰ ਕੁਲਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਆਈ ਤੇਜ਼ ਹਨੇਰੀ ਕਾਰਨ ਐਚਪੀ ਪੋਲ ਟੁੱਟ ਜਾਣ ਕਰਕੇ ਬਿਜਲੀ ਸਪਲਾਈ ਵਿਚ ਰੁਕਾਵਟ ਆ ਗਈ ਸੀ ਜੋ ਅੱਜ ਸ਼ਾਮ ਤੱਕ ਚਾਲੂ ਕਰ ਦਿੱਤੀ ਜਾਵੇਗੀ। 

Harinder Kaur

This news is Content Editor Harinder Kaur